ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਸਰਗ਼ਰਮ ਔਰਤਾਂ ਦੀ ਸੰਸਥਾ ‘ਦਿਸ਼ਾ’ ਵੱਲੋਂ 8 ਸਤੰਬਰ ਦਿਨ ਐਤਵਾਰ ਨੂੰ ‘ਸਿੱਖ ਔਰਤਾਂ : ਸਮਾਜਿਕ-ਸੱਭਿਆਚਾਰਕ ਪਰਿਪੇਖ’ ਵਿਸ਼ੇ ‘ਤੇ ਇਕ ਦਿਨਾਂ ਸੈਮੀਨਾਰ ਦਾ ਸਫ਼ਲਤਾ ਪੂਰਵਕ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਉਤਸਵ ਨੂੰ ਸਮੱਰਪਿਤ ਸੀ ਅਤੇ ਇਸ ਵਿਚ ਸਿੱਖ ਔਰਤਾਂ ਨੂੰ ਦਰਪੇਸ਼ ਵਰਤਮਾਨ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਉੱਪਰ ਗੁਰਬਾਣੀ ਦੀਆਂ ਸਿੱਖਿਆਵਾਂ ਦੀ ਰੌਸ਼ਨੀ ਵਿਚ ਵਿਦਵਾਨਾਂ ਵੱਲੋਂ ਪੇਪਰ ਪੇਸ਼ ਕੀਤੇ ਗਏ। ਸੈਮੀਨਾਰ ਨੈਸ਼ਨਲ ਬੈਂਕੁਇਟ ਹਾਲ ਵਿਚ ਸਵੇਰੇ 11.00 ਵਜੇ ਸ਼ੁਰੂ ਹੋ ਕੇ ਸ਼ਾਮ ਦੇ 5.00 ਵਜੇ ਤੱਕ ਚੱਲਿਆ ਅਤੇ ਇਸ ਨੂੰ ਤਿੰਨ ਸੈਸ਼ਨਾਂ ਵਿਚ ਵੰਡਿਆ ਗਿਆ। ਪਹਿਲੇ ਉਦਘਾਟਨੀ ਸੈਸ਼ਨ ਵਿਚ ਇਸ ਸੈਮੀਨਾਰ ਦੀ ਅਹਿਮੀਅਤ ਬਾਰੇ ਡਾ. ਕੰਵਲਜੀਤ ਕੌਰ ਢਿੱਲੋਂ ਵੱਲੋਂ ਸੰਖੇਪ ਵਿਚ ਦੱਸਣ ਤੋਂ ਬਾਅਦ ਉਨ੍ਹਾਂ ਵੱਲੋਂ ਸਾਊਥ ਏਸ਼ੀਅਨ ਔਰਤਾਂ ਦੇ ਕਮਿਊਨਿਟੀ ਡਿਵੈੱਲਪਮੈਂਟ ਪ੍ਰੋਗਰਾਮਾਂ ਵਿਚ ਸਰਗ਼ਰਮ ਅਰੁਨਾ ਪੈੱਪ ਨੂੰ ਮੰਚ ਉੱਪਰ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਆਪਣੇ ઑਕੀ-ਨੋਟ ਐੱਡਰੈਸ਼ ਵਿਚ ਘਰੇਲੂ-ਹਿੰਸਾ, ਗਾਲੀ-ਗਲੋਚ, ਲੜਕੀਆਂ ਨੂੰ ਜੰਮਣ ਤੋਂ ਪਹਿਲਾਂ ਮਾਰਨ ਅਤੇ ਮਾਪਿਆਂ ਵੱਲੋਂ ਲੜਕੇ ਤੇ ਲੜਕੀ ਵਿਚ ਕੀਤੇ ਜਾਂਦੇ ਵਿਤਕਰੇ ਨੂੰ ਆਪਣੇ ਸੰਬੋਧਨ ਦਾ ਵਿਸ਼ਾ ਬਣਾਇਆ। ਉਪਰੰਤ, ਇਸ ਸੈਸ਼ਨ ਦੇ ਮੁੱਖ-ਬੁਲਾਰੇ ਪੰਜਾਬੀ ਕਮਿਊਨਿਟੀ ਵਿਚ ਪਿਛਲੇ ਤਿੰਨ ਦਹਾਕਿਆਂ ਤੋਂ ਵਿਚਰ ਰਹੀ ਉੱਘੀ-ਸ਼ਖ਼ਸੀਅਤ ਬਲਦੇਵ ਸਿੰਘ ਮੁੱਤਾ ਨੇ ઑਸਿੱਖ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ਼ ਬਾਰੇ ਆਪਣਾ ਪੇਪਰ ਬਾਖ਼ੂਬੀ ਪੇਸ਼ ਕੀਤਾ ਜਿਸ ਵਿਚ ਉਨ੍ਹਾਂ ਨੇ ਔਰਤਾਂ ਦੀ ਕੈਂਸਰ ਸਕਰੀਨਿੰਗ, ਸੈੱਲਫ਼ ਕੇਅਰ, ਡਾਇਬੇਟੀਜ਼, ਹਾਰਟ ਡਿਜ਼ੀਜ਼ਿਜ਼, ਪ੍ਰੈਗਨੈਂਸੀ, ਅਬੌਰਸ਼ਨ, ਨਸ਼ਿਆਂ ਦੇ ਬੁਰੇ ਪ੍ਰਭਾਵ ਵਰਗੇ ਵਿਸ਼ਿਆਂ ਉੱਪਰ ਵਿਗਿਆਨਕ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕਰਦਿਆਂ ਕਿਹਾ ਕਿ ਭਾਰਤ ਵਿਚ ਪ੍ਰਚੱਲਤ ਦਹੇਜ ਪ੍ਰਥਾ ਦਾ ਅਸਰ ਇੱਥੇ ਕੈਨੇਡਾ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ।
ਪੰਜਾਬੀ ਦੇ ਪ੍ਰਮੁੱਖ ਸਾਹਿਤਕਾਰ ਡਾ. ਵਰਿਆਮ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿਚ ਅੰਮ੍ਰਿਤਧਾਰੀ ਸਿੱਖ ਔਰਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਕਰਨ ਅਤੇ ਸੇਵਾ-ਸੰਭਾਲ ਦੀ ਆਗਿਆ ਨਾ ਦੇਣ ਦੀ ਪ੍ਰੰਪਰਾ ਦੀ ਗੱਲ ਕਰਦਿਆਂ ਕਿਹਾ ਕਿ ਮਨੁੱਖਾਂ ਦੀ ਬਣਾਈ ਹੋਈ ਕੋਈ ਵੀ ਧਾਰਮਿਕ ਤੇ ਸਮਾਜਿਕ ਪਰੰਪਰਾ ਸਦੀਵੀ ਨਹੀਂ ਹੁੰਦੀ ਅਤੇ ਸਮੇਂ ਨਾਲ ਇਸ ਵਿਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਪ੍ਰੰਪਰਾ ਵਿਚ ਤਬਦੀਲੀ ਕਰਕੇ ਸਿੱਖ ਔਰਤਾਂ ਨੂੰ ਇਹ ਹੱਕ ਦੇਣਾ ਚਾਹੀਦਾ ਹੈ, ਜਦ ਕਿ ਪ੍ਰਿੰਸੀਪਲ ਰਾਮ ਸਿੰਘ ਦਾ ਇਸ ਮੌਕੇ ਕਹਿਣਾ ਸੀ ਕਿ ਹੱਕ ਮੰਗਿਆਂ ਨਹੀਂ ਮਿਲਦੇ ਅਤੇ ਸਿੱਖ ਔਰਤਾਂ ਨੂੰ ਸ੍ਰੋਮਣੀ ਕਮੇਟੀ ਕੋਲੋਂ ਇਹ ਹੱਕ ਖੋਹ ਕੇ ਲੈਣੇ ਚਾਹੀਦੇ ਹਨ। ਇਸ ਦੌਰਾਨ ਸ਼ਿਰੋਮਣੀ ਪ੍ਰਬੰਧਕ ਕਮੇਟੀ ਦੀ ਮੈਬਰ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਹਰਜਿੰਦਰ ਕੌਰ ਜੋ ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਸਨ, ਦਾ ਇਸ ਦੇ ਬਾਰੇ ਕਹਿਣਾ ਸੀ ਕਿ ਇਸ ਦੇ ਲਈ ਸ਼ੁਰੂਆਤ ਸਾਨੂੰ ਸਥਾਨਕ ਗੁਰਦੁਆਰਾ ਸਾਹਿਬਾਨ ਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਪੜ੍ਹਨ, ਸੁਣਨ ਅਤੇ ਗੁਰਬਾਣੀ ਕੀਰਤਨ ਨਾਲ ਜੋੜਨ ਦੀ ਗੱਲ ਕਰਦਿਆਂ ਸਥਾਨਿਕ ਪੱਧਰ ઑਤੇ ਗੁਰਦੁਆਰਾ ਕਮੇਟੀਆਂ ਨੂੰ ਗੁਰਦੁਆਰਾ ਪ੍ਰਬੰਧ ਵਿਚ ਔਰਤਾਂ ਨੂੰ ਸ਼ਾਮਲ ਕਰਨ ਲਈ ਕਿਹਾ। ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿਚ ਚੰਡੀਗੜ੍ਹ ਤੋਂ ਆਈ ਬੀਬੀ ਹਰਜਿੰਦਰ ਕੌਰ, ਅਰੁਨਾ ਪੈੱਪ, ਡਾ.ਵਰਿਆਮ ਸਿੰਘ ਸੰਧੂ ਤੇ ਬਲਦੇਵ ਸਿੰਘ ਮੁੱਤਾ ਸ਼ਾਮਲ ਸਨ ਅਤੇ ਇਸ ਦਾ ਸੰਚਾਲਨ ਡਾ. ਕੰਵਲਜੀਤ ਕੌਰ ਵੱਲੋਂ ਕੀਤਾ ਗਿਆ। ਸੈਮੀਨਾਰ ਦੇ ਦੂਸਰੇ ਸੈਸ਼ਨ ਜਿਸ ਦਾ ਸੰਚਾਲਨ ਹਰਜੀਤ ਕੌਰ ਤੇ ਬਘੇਲ ਕੌਰ ਵੱਲੋਂ ਮਿਲ ਕੇਂ ਕੀਤਾ ਗਿਆ, ਵਿਚ ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਖ਼ੇਤਰ ਵਿਚ ਸਰਗ਼ਰਮ ਸਿੱਖ ਕਮਿਊਨਿਟੀ ਨਾਲ ਸਬੰਧਿਤ ਵੱਖ-ਵੱਖ ਔਰਤਾਂ ਗੁਰਲੀਨ ਕੌਰ, ਪੁਨੀਤ ਢਿੱਲੋਂ, ਹਰਮੇਲ ਕੌਰ, ਅਮਨਦੀਪ ਕੌਰ, ਪਰਮ ਸਰਾਂ ਅਤੇ ਪ੍ਰਭਜੋਤ ਕੌਰ ਵੱਲੋਂ ਆਪੋ-ਆਪਣੇ ਖ਼ੇਤਰਾਂ ਵਿਚਲੇ ਨਿੱਜੀ ਤਜਰਬਿਆਂ ਦੇ ਆਧਾਰ ઑਤੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਨ੍ਹਾਂ ਸਮੂਹ ਬੁਲਾਰਿਆਂ ਨੂੰ ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਕੀਤਾ ਗਿਆ। ਦੁਪਹਿਰ ਦੇ ਖਾਣੇ ਤੋਂ ਬਾਅਦ ਹੋਏ ਤੀਸਰੇ ਆਖ਼ਰੀ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿਚ ਡਾ. ਵਰਿਆਮ ਸਿੰਘ ਸੰਧੂ, ਪ੍ਰਿੰ. ਰਾਮ ਸਿੰਘ, ਡਾ. ਸੁਖਪਾਲ ਸਿੰਘ, ਡਾ. ਬਲਜਿੰਦਰ ਸੇਖੋਂ ਅਤੇ ਪਰਵੇਜ਼ ਇਲਾਹੀ ਸ਼ਾਮਲ ਸਨ। ਇਸ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਸੰਚਾਲਕ ਪਰਮਜੀਤ ਦਿਓਲ ਨੇ ਪ੍ਰੋ. ਜਗੀਰ ਸਿੰਘ ਕਾਹਲੋਂ ਨੂੰ ਕੁਝ ਮਤੇ ਪੇਸ਼ ਕਰਨ ਲਈ ਕਿਹਾ ਜਿਨ੍ਹਾਂ ਵਿਚ ਪੰਜਾਬ ਵਿਚ ਪਿਛਲੇ ਦਿਨੀਂ ਆਏ ਹੜ੍ਹਾਂ ਦੇ ਕਾਰਨ ਅਤੇ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਅਤੇ 35-ਏ ਹਟਾਉਣ ਤੋਂ ਬਾਅਦ ਉੱਥੇ ਲੋਕਾਂ ਨਾਲ ਹੋ ਰਹੀਆਂ ਵਧੀਕੀਆਂ, ਆਦਿ ਬਾਰੇ ਮਤੇ ਸ਼ਾਮਲ ਸਨ। ਡਾ. ਕੰਵਲਜੀਤ ਢਿੱਲੋਂ ਵੱਲੋਂ ਇਨ੍ਹਾਂ ਮਤਿਆਂ ਦੀ ਤਾਈਦ ਕੀਤੀ ਗਈ ਅਤੇ ਫਿਰ ਹਾਊਸ ਦੇ ਮੈਂਬਰਾਂ ਵੱਲੋਂ ਹੱਥ ਖੜੇ ਕਰਕੇ ਇਨ੍ਹਾਂ ਦੀ ਪ੍ਰਵਾਨਗੀ ਦਿੱਤੀ ਗਈ। ਉਪਰੰਤ, ਸੈਮੀਨਾਰ ਦੇ ਪ੍ਰਬੰਧਕਾਂ ਵੱਲੋਂ ਤਿਆਰ ਕੀਤੀ ਗਈ ਪਟੀਸ਼ਨ ઑਦਿਸ਼ਾ਼ ਕੋ-ਚੇਅਰ ਕਮਲਜੀਤ ਨੱਤ ਵੱਲੋਂ ਪੇਸ਼ ਕੀਤੀ ਗਈ ਜਿਸ ਵਿਚ ਹੇਠ ਲਿਖੇ ਮਤੇ ਸ਼ਾਮਲ ਸਨ:
1. ਸਿੱਖ ਔਰਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਲਕੀ ਸਾਹਿਬ ਨੂੰ ਮੋਢਾ ਦੇਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨ ਅਤੇ ਸੁਖ-ਆਸਣ ਕਰਨ ਦੀ ਸੇਵਾ ਦਿੱਤੀ ਜਾਵੇ।
2. ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਔਰਤਾਂ ਨੂੰ ਕੀਰਤਨ ਕਰਨ ਲਈ ਰਾਗੀ-ਸਿੰਘਣੀਆਂ ਦੀ ਸੇਵਾ ਦਿੱਤੀ ਜਾਵੇ।
3. ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ-ਸਿੰਘਣੀ ਦੀ ਭੁਮਿਕਾ ਨੂੰ ਸਥਾਪਿਤ ਕੀਤਾ ਜਾਵੇ।
4. ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ-ਗ੍ਰੰਥੀ ਅਤੇ ਜੱਥੇਦਾਰ ਦੀ ਸੇਵਾ ਦਿੱਤੀ ਜਾਵੇ।
5. ਅਨੰਦ-ਕਾਰਜ ਸਮੇਂ ਕੰਨਿਆ-ਦਾਨ ਕਰਨ ਦੀ ਰੀਤ ਬੰਦ ਕੀਤੀ ਜਾਵੇ, ਕਿਉਂਕਿ ਦਾਨ ਕੇਵਲ ਕਿਸੇ ਵਸਤੂ ਦਾ ਕੀਤਾ ਜਾਂਦਾ ਹੈ ਅਤੇ ਇਨਸਾਨ ਵਸਤੂ ਨਹੀਂ ਹੈ।
ਇਸ ਦੇ ਨਾਲ਼ ਹੀ ਅਨੰਦ-ਕਾਰਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਰਮਾ ਕਰਦੇ ਸਮੇਂ ਲੜਕੇ-ਲੜਕੀ ਦੇ ਅੱਗੇ-ਪਿੱਛੇ ਤੁਰਨ ਦੀ ਰੀਤ ਵੀ ਖ਼ਤਮ ਕੀਤੀ ਜਾਵੇ। ‘ਪੱਲੇ ਤੈਂਡੇ ਲਾਗੀ’ ਸ਼ਬਦ ਦੰਪਤੀ ਲਈ ਸਾਂਝਾ ਹੁੰਦਾ ਹੈ ਨਾ ਕੇਵਲ ਲੜਕੀ ਲਈ।
6. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਮੇਤ ਸਾਰੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵਿਚ ਔਰਤਾਂ ਦੀ 50 ਫੀਸਦੀ ਨੁਮਾਇੰਦਗੀ ਹੋਵੇ ਅਤੇ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਦੇ ਫ਼ੈਸਲਿਆਂ ਵਿਚ ਔਰਤਾਂ ਦੀ ਭੂਮਿਕਾ ਜ਼ਰੂਰੀ ਕਰਾਰ ਦਿੱਤੀ ਜਾਵੇ। ਇਸ ਮੰਤਵ ਲਈ ਸ਼੍ਰਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸਮੇਂ ਇਸ ਦੀਆਂ 50 ਫੀਸਦੀ ਸੀਟਾਂ ਔਰਤਾਂ ਲਈ ਰਾਖ਼ਵੀਆਂ ਰੱਖੀਆਂ ਜਾਣ।
7. ਔਰਤਾਂ ਦੀ ਇਨਸਾਨੀ ਕਦਰ ਨੂੰ ਸਮਝਦਿਆਂ ਹੋਇਆਂ ਉਹ ਸਾਰੀਆਂ ਰੂੜ੍ਹੀਵਾਦੀ/ਪ੍ਰੰਪਰਾਗ਼ਤ ਰੀਤਾਂ-ਰਸਮਾਂ ਖ਼ਤਮ ਕੀਤੀਆਂ ਜਾਣ ਜਿਹੜੀਆਂ ਔਰਤਾਂ ਨੂੰ ਦੂਜੈਲੇ ਸਥਾਨ ‘ਤੇ ਰੱਖਦੀਆਂ ਹਨ। ਇਨ੍ਹਾਂ ਮਤਿਆਂ ਬਾਰੇ ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਦੇ ਮੈਂਬਰਾਂ ਤੋਂ ਇਲਾਵਾ ਕੁਲਵਿੰਦਰ ਖਹਿਰਾ, ਡਾ. ਸੁਖਦੇਵ ਸਿੰਘ ਝੰਡ, ਡਾ. ਕੁਲਜੀਤ ਸਿੰਘ ਜੰਜੂਆ, ਹਰਿੰਦਰ ਹੁੰਦਲ, ਪਰਮਿੰਦਰ ਗ਼ਦਰੀ, ਡਾ. ਜਤਿੰਦਰ ਰੰਧਾਵਾ ਅਤੇ ਰਛਪਾਲ ਕੌਰ, ਪਰਵੀਨ ਕੌਰ ਅਤੇ ਪਿਆਰਾ ਸਿੰਘ ਕੁੱਦੋਵਾਲ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਇਨ੍ਹਾਂ ਮਤਿਆਂ ਦੀ ਹਾਊਸ ਕੋਲੋਂ ਪ੍ਰਵਾਨਗੀ ਲਈ ਗਈ।
ਇਹ ਮਤਾ ਸਿੱਖਾਂ ਦੀ ਸ਼੍ਰੋਮਣੀ ਧਾਰਮਿਕ ਸੰਸਥਾ ਐੱਸ.ਜੀ.ਪੀ.ਸੀ.ਅਤੇ ਹੋਰ ਸਬੰਧਿਤ ਸਮਾਜਿਕ ਤੇ ਧਾਰਮਿਕ ਸਿੱਖ ਸੰਸਥਾਵਾਂ ਨੂੰ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਵਿਸ਼ਵ ਪੰਜਾਬੀ ਕਾਨਫ਼ਰੰਸ (ਰਜਿ.) ਦੇ ਚੇਅਰਮੈਨ ਗਿਆਨ ਸਿੰਘ ਕੰਗ, ਪ੍ਰਧਾਨ ਕਮਲਜੀਤ ਸਿੰਘ ਲਾਲੀਕਿੰਗ, ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਅਤੇ ਜਗਮੋਹਨ ਸਿੰਘ ਕਿੰਗ ਵੱਲੋਂ ઑਦਿਸ਼ਾ਼ ਸੰਸਥਾ ਨੂੰ ਸ਼ਾਨਦਾਰ ਪਲੇਕ ਨਾਲ ਸਨਮਾਨਿਤ ਕੀਤਾ ਗਿਆ। ਅਖ਼ੀਰ ਵਿਚ ઑਦਿਸ਼ਾ਼ ਦੀ ਸਕੱਤਰ ਸੁਰਜੀਤ ਕੌਰ ਵੱਲੋਂ ਸੈਮੀਨਾਰ ਵਿਚ ਪਹੁੰਚੇ ਸਮੂਹ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਭਰਵੀਂ ਹਾਜ਼ਰੀ ਸਦਕਾ ਇਹ ਸੈਮੀਨਾਰ ਸਫ਼ਲਤਾ-ਪੂਰਵਕ ਸੰਪੰਨ ਹੋਇਆ। ਸੈਮੀਨਾਰ ਵਿਚ ਜਿੱਥੇ ਕਲਮਾਂ ਦਾ ਕਾਫ਼ਲਾ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ, ਕਹਾਣੀ ਮੰਚ, ਗੀਤ ਗ਼ਜਲ਼ ਤੇ ਸ਼ਾਇਰੀ, ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ, ਤਰਕਸ਼ੀਲ ਸੋਸਾਇਟੀ, ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੋਸਾਇਟੀ, ਗਲੋਬਲ ਪੰਜਾਬ ਫ਼ਾਊਂਡੇਸ਼ਨ, ਪੰਜਾਬੀ ਭਵਨ ਟੋਰਾਂਟੋ ਅਤੇ ਅਲਾਇੰਸ ਫ਼ਾਰ ਪ੍ਰੌਗਰੈੱਸਿਵ ਕੈਨੇਡੀਅਅਨਜ਼ ਨਾਲ ਜੁੜੀਆਂ ਜੁੜੀਆਂ ਪੰਜਾਬੀ ਕਮਿਊਨਿਟੀ ਦੀਆਂ ਬਹੁਤ ਸਾਰੀਆਂ ਅਹਿਮ ਮਰਦ ਤੇ ਔਰਤ ਸ਼ਖ਼ਸੀਅਤਾਂ ਸ਼ਾਮਲ ਹੋਈਆਂ, ਉੱਥੇ ਪੱਛਮੀ ਪੰਜਾਬ (ਪਾਕਿਸਤਾਨ) ਤੋਂ ਉਜ਼ਮਾ ਇਰਫ਼ਾਨ, ਜਨਾਬ ਮਕਸੂਦ ਚੌਧਰੀ, ਫ਼ਰਾਹ ਮਲਿਕ, ਜ਼ਕੀਆ ਅਤੇ ਸ਼ਮਸ਼ਾਦ ਇਲਾਹੀ ਨੇ ਇੱਥੇ ਵੀ ਆਪਣੀ ਭਰਪੂਰ ਹਾਜ਼ਰੀ ਲੁਆਈ।
Check Also
ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …