
ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ‘ਚ ਲਿਖਤੀ ਜਵਾਬ ਪੇਸ਼
ਫ਼ਰੀਦਕੋਟ/ਬਿਊਰੋ ਨਿਊਜ਼ : ਬੇਅਦਬੀ ਕਾਂਡ ਮਾਮਲੇ ਵਿੱਚ ਚਲਾਨ ਪੇਸ਼ ਹੋਣ ਮਗਰੋਂ ਫਰੀਦਕੋਟ ਅਦਾਲਤ ‘ਚ ਪਹਿਲੀ ਵਾਰ ਸੁਣਵਾਈ ਹੋਈ। ਅਦਾਲਤ ਦੇ ਹੁਕਮ ਦੇ ਬਾਵਜੂਦ ਗ੍ਰਿਫ਼ਤਾਰ ਕੀਤੇ ਗਏ ਪੰਜ ਡੇਰਾ ਪ੍ਰੇਮੀਆਂ ਨੂੰ ਅਦਾਲਤ ਸਾਹਮਣੇ ਪੇਸ਼ ਨਹੀਂ ਕੀਤਾ ਗਿਆ, ਜਿਸ ਕਰਕੇ ਉਨ੍ਹਾਂ ਦੀ ਪੇਸ਼ੀ ਵੀਡੀਓ ਕਾਨਫ਼ਰੰਸ ਰਾਹੀਂ ਪਈ। ਜੁਡੀਸ਼ੀਅਲ ਮੈਜਿਸਟਰੇਟ ਚੇਤਨ ਸ਼ਰਮਾ ਨੇ ਡੇਰਾ ਪ੍ਰੇਮੀ ਰਣਜੀਤ ਸਿੰਘ ਭੋਲਾ, ਨਿਸ਼ਾਨ ਸਿੰਘ, ਨਰਿੰਦਰ ਸ਼ਰਮਾ, ਬਲਜੀਤ ਸਿੰਘ, ਰਣਦੀਪ ਸਿੰਘ ਨੀਲਾ ਦੀ ਅਦਾਲਤੀ ਹਿਰਾਸਤ 3 ਅਗਸਤ ਤੱਕ ਵਧਾ ਦਿੱਤੀ ਹੈ। ਡੇਰਾ ਪ੍ਰੇਮੀਆਂ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਜਾਂਚ ਟੀਮ ਵੱਲੋਂ ਪੇਸ਼ ਦੋਸ਼ ਪੱਤਰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਮਸਲੇ ‘ਤੇ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਵਿਚ ਲਿਖਤੀ ਜਵਾਬ ਪੇਸ਼ ਕਰਕੇ ਕਿਹਾ ਕਿ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ਬਣੀ ਜਾਂਚ ਟੀਮ ਵੱਲੋਂ ਬੇਅਦਬੀ ਕਾਂਡ ਵਿਚ ਪੇਸ਼ ਕੀਤਾ ਚਲਾਨ ਕਾਨੂੰਨੀ ਤੌਰ ‘ਤੇ ਜਾਇਜ਼ ਹੈ, ਕਿਉਂਕਿ ਜਾਂਚ ਟੀਮ ਦੀ ਪੜਤਾਲ ‘ਤੇ ਕਿਸੇ ਵੀ ਅਦਾਲਤ ਨੇ ਰੋਕ ਨਹੀਂ ਲਗਾਈ।
ਐੱਸਪੀ ਬਲਜੀਤ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ
ਫਰੀਦਕੋਟ : ਫਰੀਦਕੋਟ ਦੀ ਅਦਾਲਤ ਨੇ ਵਿਸ਼ੇਸ਼ ਜਾਂਚ ਟੀਮ ਦੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ਐੱਸਪੀ ਬਲਜੀਤ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਵਿਸ਼ੇਸ਼ ਜਾਂਚ ਟੀਮ ਹੁਣ ਕਿਸੇ ਵੀ ਸਮੇਂ ਇਸ ਪੁਲਿਸ ਅਫ਼ਸਰ ਨੂੰ ਗ੍ਰਿਫਤਾਰ ਕਰ ਸਕਦੀ ਹੈ। ਜਾਂਚ ਟੀਮ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਐੱਸਪੀ ਬਲਜੀਤ ਸਿੰਘ ਨੂੰ ਪੁੱਛ-ਪੜਤਾਲ ਲਈ ਹਾਜ਼ਰ ਹੋਣ ਵਾਸਤੇ ਸੱਦਿਆ ਸੀ ਪਰ ਦੋ ਵਾਰ ਸੰਮਨ ਭੇਜਣ ਦੇ ਬਾਵਜੂਦ ਉਹ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਏ। ਉਸ ਤੋਂ ਬਾਅਦ ਜਾਂਚ ਟੀਮ ਨੇ ਅਦਾਲਤ ਵਿੱਚ ਬਲਜੀਤ ਸਿੰਘ ਨੂੰ ਕਾਬੂ ਕਰਨ ਲਈ ਗ੍ਰਿਫ਼ਤਾਰੀ ਵਾਰੰਟਾਂ ਦੀ ਮੰਗ ਕੀਤੀ ਸੀ।