Breaking News
Home / ਪੰਜਾਬ / ਪੁਲਿਸ ਨੇ ਭਾਜਪਾ ਦੇ ਦੋ ਆਗੂਆਂ ਨੂੰ ਦਿਖਾਇਆ ਤਸਕਰ

ਪੁਲਿਸ ਨੇ ਭਾਜਪਾ ਦੇ ਦੋ ਆਗੂਆਂ ਨੂੰ ਦਿਖਾਇਆ ਤਸਕਰ

logo (2)ਮਾਮਲਾ ਪੁੱਠਾ ਪੈਂਦਾ ਦੇਖ ਕੇ ਪੱਲਾ ਝਾੜਿਆ; ਦੋਵੇਂ ਭਾਜਪਾ ਆਗੂ ਖੰਨਾ ਦੇ ਨਜ਼ਦੀਕੀ
ਚੰਡੀਗੜ੍ਹ/ਬਿਊਰੋ ਨਿਊਜ਼
ਪੁਲਿਸ ਤੰਤਰ ਵਿੱਚ ਰਾਜਸੀ ਦਖ਼ਲ ਦਾ ਇੱਕ ਨਵੇਕਲਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਐਫਆਈਆਰ ਵਿੱਚ ਬਿਨਾ ਨਾਂਅ ਦਰਜ ਦੇ ਹੀ ਪੁਲਿਸ ਵਿਭਾਗ ਨੇ ਭਾਜਪਾ ਦੇ ਦੋ ਆਗੂਆਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਲਈ ਪੱਤਰ ਲਿਖ ਕੇ ਸਿਫਾਰਸ਼ ਕਰ ਦਿੱਤੀ ਅਤੇ ਜਦੋਂ ਇਸ ਦਾ ਵਿਰੋਧ ਹੋਇਆ ਤਾਂ ਪੁਲਿਸ ਵਿਭਾਗ ਨੂੰ ਆਪਣਾ ਮੂੰਹ ਛਪਾਉਣਾ ਮੁਸ਼ਕਿਲ ਹੋ ਗਿਆ। ਪੁਲਿਸ ਨੇ ਹੁਸ਼ਿਆਰਪੁਰ ਦੇ ਦੋ ਭਾਜਪਾ ਆਗੂਆਂ ਦੇ ਨਸ਼ਿਆਂ ਦੇ ਬਦਨਾਮ ਤਸਕਰ ਨਾਲ ਸਬੰਧ ਦਿਖਾ ਕੇ ਪਹਿਲਾਂ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਦੀ ਸਿਫਾਰਸ਼ ਕਰ ਦਿੱਤੀ ਜਦੋਂ ਵੱਡੇ ਭਾਜਪਾ ਆਗੂਆਂ ਨੇ ਅੱਖਾਂ ਦਿਖਾਈਆਂ ਤਾਂ ਹੁਣ ਪੁਲਿਸ ਕਹਿ ਰਹੀ ਹੈ ਕਿ ਇਹ ਗ਼ਲਤੀ ਲੱਗ ਗਈ। ਇਸ ਗੰਭੀਰ ਅਣਗਹਿਲੀ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਇਨ੍ਹਾਂ ਭਾਜਪਾ ਆਗੂਆਂ ਵਿੱਚ ਸੰਜੀਵ ਤਲਵਾੜ ਵੀ ਸ਼ਾਮਲ ਹੈ ਜੋ ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਸੀਨੀਅਰ ਆਗੂ ਅਵਿਨਾਸ਼ ਖੰਨਾ ਦਾ ਨਿਜੀ ਸਕੱਤਰ ਹੈ ਅਤੇ ਉਹ ਪੰਜਾਬ ਭਾਜਪਾ ਦੇ ਪ੍ਰਧਾਨਗੀ ਦੇ ਅਹੁਦੇ ਲਈ ਦਾਅਵੇਦਾਰ ਵੀ ਹੈ। ਉਸਦੀ ਭਾਜਪਾ ਦੇ ઠਸੀਨੀਅਰ ਆਗੂਆਂ ਦੇ ਨਾਲ ਨੇੜਤਾ ਜੱਗ ਜ਼ਾਹਰ ਹੈ , ਦੂਜਾ ਆਗੂ ਤਲਵਾੜ ਦਾ ਹੀ ਨਜ਼ਦੀਕੀ ਨੰਨੂ ਹੈ। ਇਹ ਜ਼ਿਕਰਯੋਗ ਹੈ ਕਿ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਸੂਬੇ ਵਿੱਚ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਲਈ ਜਾਣਿਆ ਜਾਂਦਾ ਹੈ।
ਪੁਲਿਸ ਨੇ ਇਨ੍ਹਾਂ ਦੋਵਾਂ ਆਗੂਆਂ ਨੂੰ 17 ਬਦਨਾਮ ਤਸਕਰਾਂ ਦੀ ਸੂਚੀ ਵਿੱਚ ਪਾ ਦਿੱਤਾ ਪਰ ਕਦੇ ਵੀ ਕੋਈ ਐਫਆਈਆਰ ਦਰਜ ਨਹੀਂ ਕੀਤੀ। 10 ਫਰਵਰੀ ਨੂੰ ਫਿਰੋਜ਼ਪੁਰ ਦੇ ਐੱਸਪੀ (ਡੀ) ਨੇ ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕਰਨ ਸਬੰਧੀ ਪੱਤਰ ਹੁਸ਼ਿਆਰਪੁਰ ਦੇ ਐੱਸਐੱਸਪੀ ਨੂੰ ਲਿਖ ਦਿੱਤਾ। ਇਸ ਵਿੱਚ ਪਿਛਲੇ ਸਾਲ ਦਸੰਬਰ ਵਿੱਚ ਹਰਭਜਨ ਸਿੰਘ ਉਰਫ ਬਿੱਟੂ ਉਰਫ ਰਾਣਾ ਤੋਂ ਫੜੀ 22.5 ਕਿਲੋਗ੍ਰਾਮ ਹੈਰੋਇਨ ਦਾ ਹਵਾਲਾ ਦਿੱਤਾ ਗਿਆ ਪਰ ਇਹ ਵੀ ਕਮਾਲ ਹੈ ਕਿ ਇਨ੍ਹਾਂ ਭਾਜਪਾ ਆਗੂਆਂ ਦਾ ਨਾਂ ਵੀ ਜਾਂਚ ਵਿੱਚ ਨਹੀ ਆਇਆ ਜਦੋਂ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕਰਨਾ ਅਦਾਲਤ ਦੀ ਸ਼ਕਤੀ ਹੈ। ਦੂਜੇ ਪਾਸੇ ਇਸ ਕਾਰਵਾਈ ਤੋਂ ਖਫ਼ਾ ਅਵਿਨਾਸ਼ ਰਾਏ ਖੰਨਾ ਦਾ ਮੰਨਣਾ ਹੈ ਕਿ ਇਹ ਕਾਰਵਾਈ ਉਸ ਦੇ ਰਾਜਸੀ ਜੀਵਨ ਨੂੰ ਕਲੰਕਿਤ ਕਰਨ ਲਈ ਇੱਕ ਡੂਘੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਪਤਾ ਲੱਗਣ ਉੱਤੇ ਗਹਿਰਾ ਸਦਮਾ ਲੱਗਾ ਹੈ। ਦੋਵਾਂ ਆਗੂਆਂ ਦੇ ਨਾ ਤਾਂ ਨਾਂ ਐਫਆਈਆਰ ਵਿੱਚ ਦਰਜ ਹਨ ਅਤੇ ਨਾ ਹੀ ਕਦੇ ਪੁੱਛ ਪੜਤਾਲ ਕੀਤੀ ਗਈ ਹੈ।
ਇਸ ਸਬੰਧੀ ਫਿਰੋਜ਼ਪੁਰ ਦੇ ਐੱਸਐੱਸਪੀ ਗੁਰਦਿਆਲ ਸਿੰਘ ਮਾਨ ਦਾ ਕਹਿਣਾ ਹੈ ਕਿ ਪੱਤਰ ਵਾਪਿਸ ਲੈ ਲਿਆ ਗਿਆ ਹੈ। ਉਹ ਇਸ ਮਾਮਲੇ ਦੀ ਜਾਂਚ ਕਰਵਾ ਰਹੇ ਹਨ। ਹੁਸ਼ਿਆਰਪੁਰ ਦੀ ਐੱਸਐੱਸਪੀ ਧੰਨਪ੍ਰੀਤ ਕੌਰ ਦਾ ઠਕਹਿਣਾ ਹੈ ਕਿ ਪੱਤਰ ਮਿਲਿਆ ਸੀ ਪਰ ਇਹ ਫਿਰੋਜ਼ਪੁਰ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।ਅਦਾਲਤ ਹੀ ਇਸ ਮਾਮਲੇ ਵਿੱਚ ਕਾਰਵਾਈ ਕਰੇਗੀ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …