Breaking News
Home / ਪੰਜਾਬ / ਸਰਕਾਰੀ ਸਕੂਲਾਂ ਦੇ 30 ਫ਼ੀਸਦੀ ਬੱਚਿਆਂ ਦੀ ਨਜ਼ਰ ਕਮਜ਼ੋਰ

ਸਰਕਾਰੀ ਸਕੂਲਾਂ ਦੇ 30 ਫ਼ੀਸਦੀ ਬੱਚਿਆਂ ਦੀ ਨਜ਼ਰ ਕਮਜ਼ੋਰ

logo (2)ਫੰਡਾਂ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਐਨਕਾਂ ਵੰਡਣ ਦਾ ਕੰਮ ਰੁਕਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਤੀਹ ਫ਼ੀਸਦੀ ਵਿਦਿਆਰਥੀਆਂ ਦੀ ਨਜ਼ਰ ਕਮਜ਼ੋਰ ਹੈ। ਸਿਹਤ ਵਿਭਾਗ ਵੱਲੋਂ ਚਾਲੂ ਵਿਦਿਅਕ ਸੈਸ਼ਨ ਦੌਰਾਨ ਇੱਕ ਲੱਖ ਸਕੂਲੀ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਸੀ ਅਤੇ ਇਨ੍ਹਾਂ ਵਿੱਚੋਂ ਤੀਹ ਹਜ਼ਾਰ ਤੋਂ ਵੱਧ ਦੀ ਨਜ਼ਰ ਕਮਜ਼ੋਰ ਹੋਣ ਦਾ ਪਤਾ ਲੱਗਿਆ ਹੈ। ਸਰਕਾਰ ਵੱਲੋਂ ਕਮਜ਼ੋਰ ਨਜ਼ਰ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਜਾਣੀਆਂ ਹਨ, ਪਰ ਫੰਡਾਂ ਦੀ ਤੋਟ ਕਰ ਕੇ ਵਿਦਿਆਰਥੀਆਂ ਦਾ ਉਡੀਕ ਵਿੱਚ ਪੂਰਾ ਸਾਲ ਲੰਘ ਗਿਆ ਹੈ।
ਕੇਂਦਰ ਸਰਕਾਰ ઠਦੇ ‘ਨੈਸ਼ਨਲ ਪ੍ਰੋਗਰਾਮ ਫ਼ਾਰ ਦਿ ਕੰਟਰੋਲ ਆਫ਼ ਬਲਾਈਂਡ’ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਜਾਂਦੀ ਹੈ ਅਤੇ ਐਨਕਾਂ ਵੀ ਇਸੇ ਪ੍ਰੋਗਰਾਮ ਤਹਿਤ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਪਤਾ ਲੱਗਿਆ ਹੈ ਕਿ ਵਿਦਿਅਕ ਸਾਲ 2015-16 ਦੇ ਦਸੰਬਰ ਮਹੀਨੇ ਤੱਕ ਇੱਕ ਲੱਖ ਸਕੂਲੀ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਵਿੱਚੋਂ ਤੀਹ ਹਜ਼ਾਰ ਨੂੰ ਐਨਕਾਂ ਦੀ ਲੋੜ ਦੱਸੀ ਗਈ ਸੀ। ਉਸ ਤੋਂ ਬਾਅਦ ਜਨਵਰੀ ਮਹੀਨੇ ਵਿਚ ਕੀਤੀ ਜਾਂਚ ਤੋਂ 3500 ਹੋਰ ਵਿਦਿਆਰਥੀਆਂ ਦੀਆਂ ਨਜ਼ਰ ਕਮਜ਼ੋਰ ਹੋਣ ਦਾ ਪਤਾ ਲੱਗਿਆ ਹੈ। ਅੰਕੜੇ ਦੱਸਦੇ ਹਨ ਕਿ ਸਭ ਤੋਂ ਵੱਧ ਜ਼ਿਲ੍ਹਾ ਤਰਨਤਾਰਨ ਦੇ 39000 ਵਿਦਿਆਰਥੀਆਂ ਦੀ ਨਜ਼ਰ ਕਮਜ਼ੋਰ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪਟਿਆਲਾ ਦੇ 36000 ਅਤੇ ਅੰਮ੍ਰਿਤਸਰ ਦੇ 29000 ਸਕੂਲੀ ਵਿਦਿਆਰਥੀਆਂ ਦੀ ਨਜ਼ਰ ਕਮਜ਼ੋਰ ਹੈ।ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਐਨਕਾਂ ਲਈ ਕੁੱਲ ਰਕਮ ਦਾ 70 ਫ਼ੀਸਦ ਕੇਂਦਰ ਅਤੇ 30 ਫ਼ੀਸਦ ਪੰਜਾਬ ਸਰਕਾਰ ਦੇ ਖ਼ਜਾਨੇ ਵਿੱਚੋਂ ਦਿੱਤਾ ਜਾਂਦਾ ਹੈ। ਐਨਕ ਦੀ ਕੀਮਤ 150 ਰੁਪਏ ਤੈਅ ਕੀਤੀ ਗਈ ਹੈ। ਚਾਲੂ ਸਾਲ ਦੌਰਾਨ ਕੇਵਲ 16,000 ਵਿਦਿਆਰਥੀਆਂ ਨੂੰ ਹੀ ਐਨਕਾਂ ਦਿੱਤੀਆਂ ਗਈਆਂ ਜਦਕਿ ਬਾਕੀਆਂ ਦੀ ਉਡੀਕ ਹਾਲੇ ਮੁੱਕੀ ਨਹੀਂ।ਅੱਖਾਂ ਦੀ ਜਾਂਚ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਨੂੰ ਦਿੱਤੀ ਗਈ ਹੈ ਪਰ ਸਿਹਤ ਵਿਭਾਗ ਵਿੱਚ ਸਟਾਫ਼ ਦੀ ਘਾਟ ਕਾਰਨ ਬਹੁਤ ਥਾਈਂ ਕਥਿਤ ਤੌਰ ‘ਤੇ ਸਕੂਲ ਅਧਿਆਪਕਾਂ ਨੂੰ ਅੱਖਾਂ ਚੈੱਕ ਕਰਨ ਦਾ ਕੰਮ ਸਿਖਾ ਦਿੱਤਾ ਗਿਆ ਹੈ। ਸਕੂਲ ਅਧਿਆਪਕ ਚਾਰਟ ‘ਤੇ ਗੁਰਮੁਖੀ ਲਿਖ ਕੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕਰ ਰਹੇ ਹਨ।
ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਐਨਕਾਂ ਦੇ ਮੁੱਲ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਹੈ। ਕਈ ਜ਼ਿਲ੍ਹਿਆਂ ਵਿੱਚ ਥੋਕ ਵਿੱਚ ਐਨਕਾਂ ਦਾ ਮੁੱਲ ਦੋ ਸੌ ਤੋਂ ਢਾਈ ਸੌ ਵਿਚਕਾਰ ਦੱਸਿਆ ਜਾਣ ਲੱਗਿਆ ਹੈ। ਦੂਜੇ ਪਾਸੇ ਵਿਭਾਗ ਨੂੰ ਸ਼ਿਕਾਇਤਾਂ ਮਿਲਣ ਲੱਗ ਪਈਆਂ ਹਨ ਕਿ ਬਹੁਤੇ ਥਾਈਂ ਵਿਦਿਆਰਥੀਆਂ ਨੂੰ ਕਥਿਤ ਤੌਰ ‘ਤੇ ਚੀਨੀ ਐਨਕਾਂ ਦਿੱਤੀਆਂ ਜਾ ਰਹੀਆਂ ਹਨ। ਵਿਭਾਗ ਨੇ ਸ਼ਿਕਾਇਤ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦਾ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ। ਨਜ਼ਰ ਦੀਆਂ ਐਨਕਾਂ ਦੇ ਮੁੱਲ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਮੀਟਿੰਗ ਕਰ ਕੇ ਸਾਰੇ ਥਾਈਂ ਇੱਕੋ ਜਿਹਾ ਮੁੱਲ ਨਿਰਧਾਰਤ ਕਰਨ ਦਾ ਫ਼ੈਸਲਾ ਲਿਆ ਹੈ।
ਐਨਕਾਂ ਦੀ ਵੰਡ ਰੁਕਣ ਬਾਰੇ ਜਾਣਕਾਰੀ ਨਹੀਂ: ਜਿਆਣੀ
ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਤਾਂ ਪਤਾ ਹੈ ਕਿ ਇੱਕ ਲੱਖ ਸਕੂਲੀ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ 30 ਫ਼ੀਸਦ ਦੀਆਂ ਅੱਖਾਂ ਕਮਜ਼ੋਰ ਹਨ। ਉਨ੍ਹਾਂ ਕਿਹਾ ਕਿ ਐਨਕਾਂ ਦੀ ਵੰਡ ਰੁਕਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …