ਬਰੈਂਪਟਨ : ਕੈਨੇਡਾ ਦੀ ਅਜ਼ਾਦੀ ਦੀ 150ਵੀਂ ਵਰ੍ਹੇਗੰਢ ਦੇ ਸਮਾਗਮ ਦਾ ਆਯੋਜਨ ਬਲੂਮਜਬਰੀ ਸੀਨੀਅਰ ਸਿਟੀਜਨ ਕਲੱਬ ਬਰੈਂਪਟਨ ਵਲੋਂ ਮਿਤੀ 13 ਅਗਸਤ ਐਤਵਾਰ ਨੂੰ ਜੇਮਜ਼ ਐਂਡ ਮੈਗੀ ਮਾਰਗਰੇਟ ਪਾਰਕ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ਸਵੇਰੇ 11.00 ਵਜੇ ਵਾਹਿਗੁਰੂ ਦੀ ਅਰਦਾਸ ਨਾਲ ਸ਼ੁਰੂ ਹੋਇਆ ਤੇ ਸ਼ਾਮ ਨੂੰ 5.00 ਵਜੇ ਗਿੱਧੇ ਭੰਗੜੇ ਦੇ ਖੁਸ਼ੀਆਂ ਭਰੇ ਮਾਹੌਲ ਨਾਲ ਸਮਾਪਤ ਹੋਇਆ। ਸ਼ੁਰੂ ਵਿਚ ਲਹਿਰਾਉਂਦੇ ਕੈਨੇਡਾ ਦੇ ਕੌਮੀ ਝੰਡੇ ਦੇ ਸਤਿਕਾਰ ਵਿਚ ਕੌਮੀ ਗੀਤ ‘ਓ ਕੈਨੇਡਾ’ ਗਾਇਆ ਗਿਆ ਤੇ ਫਿਰ ‘ਦੇਹ ਸ਼ਿਵਾ ਵਰ ਮੋਹੇ’ ਦੇ ਸ਼ਬਦ ਗਾਇਨ ਨਾਲ ਸਮਾਗਮ ਦੀ ਕਾਰਵਾਈ ਆਰੰਭ ਹੋਈ। ਸਟੇਜ ਸੈਕਟਰੀ ਵਜੋਂ ਸ੍ਰੀ ਮਨੋਚਾ ਨੇ ਸਟੇਜ ਦਾ ਸੰਚਾਲਨ ਵੀ ਕੀਤਾ ਅਤੇ ਆਪਣੀ ਸ਼ੇਅਰੋ ਸ਼ੇਅਰੀ ਨਾਲ ਸਾਰਾ ਦਿਨ ਸਰੋਤਿਆਂ ਨੂੰ ਤਰੋ-ਤਾਜ਼ਾ ਵੀ ਰੱਖਿਆ। ਆਰੰਭ ਵਿਚ ਸਾਬਕਾ ਪ੍ਰਧਾਨ ਉਜਾਗਰ ਸਿੰਘ ਕੰਵਲ ਨੇ ਸਾਰੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਲੱਬ ਦੀ ਪ੍ਰਗਤੀ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਉਣ ਉਪਰੰਤ ਕੈਨੇਡਾ ਦੀ ਅਜ਼ਾਦੀ ਬਾਰੇ ਦੱਸਿਆ ਤੇ ਨਾਲ ਹੀ ਅਜ਼ਾਦ ਨਾਗਰਿਕਾਂ ਨੂੰ ਉਹਨਾਂ ਦੇ ਫਰਜ਼ਾਂ ਤੋਂ ਸੁਚੇਤ ਕੀਤਾ। ਪੰਜਾਬ ਤੋਂ ਆਏ ਦਲਜੀਤ ਸਿੰਘ ਵਕੀਲ ਅਤੇ ਕੈਨੇਡਾ ਵਿਚ ਵਸਦੇ ਦਲਬੀਰ ਸਿੰਘ ਕੰਬੋਜ, ਟਰੀਲਾਈਨ ਕਲੱਬ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਬਰਾੜ ਅਤੇ ਹਰਕੰਵਲ ਸਿੰਘ ਥਿੰਦ ਨੇ ਕੈਨੇਡਾ ਦੀ ਹਿਸਟਰੀ, ਬਰੈਂਪਟਨ ਵਿਖੇ ਯੂਨੀਵਰਸਿਟੀ ਦੀ ਲੋੜ ਅਤੇ ਪੰਜਾਬੀ ਭਾਈਚਾਰੇ ਦੇ ਹਾਲਾਤ ਬਾਰੇ ਆਪਣੇ-ਆਪਣੇ ਵਿਚਾਰ ਰੱਖੇ। ਵਿਚਾਰਾਂ ਦਾ ਇਹ ਪ੍ਰਗਟਾਵਾ ਬਹੁਤ ਸਾਰਥਿਕ ਅਤੇ ਸਾਕਾਰਾਤਮਕ ਸੀ।
ਬਖਤਾਵਰ ਸਿੰਘ ਨੇ ਕਵਿਤਾਵਾਂ ਸੁਣਾਈਆਂ, ਜਿਨ੍ਹਾਂ ਨੂੰ ਸਰੋਤਿਆਂ ਨੇ ਬਹੁਤ ਸਲਾਹਿਆ। ਜਰਨੈਲ ਸਿੰਘ ਨੇ ਵੀ ਕਵਿਤਾਵਾਂ ਸੁਣਵਾਈਆਂ। ਬਾਅਦ ਦੁਪਹਿਰ ਬੱਚਿਆਂ ਦੀਆਂ ਦੌੜਾਂ, ਬਜ਼ੁਰਗਾਂ ਦੀਆਂ ਦੌੜਾਂ, ਗਿੱਧਾ-ਭੰਗੜਾ, ਬੱਚਿਆਂ ਦੇ ਗੀਤ ਆਦਿ ਦਾ ਪ੍ਰੋਗਰਾਮ ਮਨੋਰੰਜਨ ਬਹੁਤ ਸ਼ਲਾਘਾਯੋਗ ਸੀ। ਬੀਬੀਆਂ ਦੀ ਮਿਊਜ਼ੀਕਲ ਚੇਅਰ ਰੇਸ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕਂਦਰ ਬਣੀ। ਮਨੋਰੰਜਨ ਦੇ ਪ੍ਰੋਗਰਾਮ ਦੀ ਸਿਖਰ ਕੁਲਵੰਤ ਸਿੰਘ ਸੇਖੋਂ ਦੀ ਕਾਮੇਡੀ ਸੀ। ਉਸ ਨੇ ਹਾਸ ਰਸ ਦਾ ਬਹੁਤ ਵਧੀਆ ਮਾਹੌਲ ਸਿਰਜਣ ਤੋਂ ਬਾਅਦ ਪੰਜਾਬੀ ਬੋਲੀਆਂ ਨਾਲ ਗਿੱਧੇ ਦੀ ਜੋ ਰੌਣਕ ਲਗਾਈ, ਉਹ ਸਾਰਿਆਂ ਨੇ ਬਹੁਤ ਪਸੰਦ ਕੀਤੀ। ਕਲੱਬ ਵਲੋਂ ਸਾਰਾ ਦਿਨ ਚਾਹ-ਪਾਣੀ ਤੇ ਸਨੈਕਸ ਦੇ ਖੁੱਲ੍ਹੇ ਪ੍ਰਬੰਧ ਦੀ ਸਾਰੇ ਆਏ ਹੋਏ ਮਹਿਮਾਨਾਂ ਬਹੁਤ ਪ੍ਰਸੰਸਾ ਕੀਤੀ। ਅਖੀਰ ਵਿਚ ਮੌਜੂਦਾ ਪ੍ਰਧਾਨ ਮਨਮੋਹਨ ਸਿੰਘ ਦੇ ਧੰਨਵਾਦੀ ਸ਼ਬਦਾਂ ਨਾਲ ਸਮਾਗਮ ਸਮਾਪਤ ਹੋਇਆ।