-4.7 C
Toronto
Wednesday, December 3, 2025
spot_img
Homeਕੈਨੇਡਾਬਾਪੂ ਕਰਨੈਲ ਸਿੰਘ ਪਾਰਸ ਬਾਰੇ ਡਾਕੂਮੈਂਟਰੀ ਫਿਲਮ ਲੋਕ ਅਰਪਿਤ

ਬਾਪੂ ਕਰਨੈਲ ਸਿੰਘ ਪਾਰਸ ਬਾਰੇ ਡਾਕੂਮੈਂਟਰੀ ਫਿਲਮ ਲੋਕ ਅਰਪਿਤ

logo-2-1-300x105-3-300x105ਬਰੈਂਪਟਟਨ/ਡਾ.ਝੰਡ
ਲੰਘੇ ਸ਼ਨੀਵਾਰ 22 ਅਕਤੁਬਰ ਨੂੰ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ‘ਪਾਰਸ’ ਦੇ ਜੀਵਨ ਅਤੇ ਉਨ੍ਹਾਂ ਦੀ ਪੰਜਾਬੀ ਕਵੀਸ਼ਰੀ-ਪ੍ਰੰਪਰਾ ਨੂੰ ਵੱਡਮੁੱਲੀ ਦੇਣ ਸਬੰਧੀ ਟੋਰਾਂਟੋ ਦੇ ਉੱਘੇ ਫਿਲਮਸਾਜ਼ ਜੋਗਿੰਦਰ ਸਿੰਘ ਕਲਸੀ ਹੁਰਾਂ ਦੁਆਰਾ ਤਿਆਰ ਕੀਤੀੰ ਗਈ ਖ਼ੂਬਸੂਰਤ ਡਾਕੂਮੈਂਟਰੀ ਫਿਲਮ ‘ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ’ ਜਿਸ ਦਾ ਨਾਮਕਰਨ ਪਾਰਸ ਹੁਰਾਂ ਦੀ ਪ੍ਰਸਿੱਧ ਕਵੀਸ਼ਰੀ ਦੇ ਆਧਾਰਿਤ ਹੀ ਕੀਤਾ ਗਿਆ, ਪੰਜਾਬੀ ਕਵੀਸ਼ਰੀ ਅਤੇ ਬਾਪੂ ਪਾਰਸ ਦੇ ਪ੍ਰਸ਼ੰਸਕਾਂ ਤੇ ਸਾਹਿਤ-ਪ੍ਰੇਮੀਆਂ ਦੇ ਵੱਡੇ ਸਮਾਰੋਹ ਵਿੱਚ ਲੋਕ-ਅਰਪਿਤ ਕਰਨ ਤੋਂ ਬਾਅਦ ਵਿਖਾਈ ਗਈ। ਇਹ ਸਮਾਗ਼ਮ ਬਰੈਮਲੀ ਸਿਟੀ ਸੈਂਟਰ ਵਿਖੇ ‘ਸਿਵਿਕ ਸੈਂਟਰ’ ਦੇ ਮੀਡੀਆ ਰੂਮ ਵਿੱਚ ਨਿਰਧਾਰਤ ਸਮੇਂ ਸਵੇਰੇ ਠੀਕ ਸਾਢੇ ਗਿਆਰਾਂ ਵਜੇ ਸ਼ੁਰੂ ਕਰ ਦਿੱਤੀ ਗਈ।
ਇਸ ਡਾਕੂਮੈਂਟਰੀ ਫਿਲਮ ਵਿੱਚ ਪਾਰਸ ਹੁਰਾਂ ਦੇ ਮੁੱਢਲੇ ਦਿਨਾਂ ਦੀ ਝਾਤ ਉਨ੍ਹਾਂ ਵੱਲੋਂ ਆਪਣੇ ਬਾਰੇ ਕੀਤੀਆਂ ਗਈਆਂ ਗੱਲਾਂ ਦੁਆਰਾ ਪੁਆਈ ਗਈ। ਉਨ੍ਹਾਂ ਇਸ ਵਿੱਚ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ ਆਪ ਹੀ ਪੰਜਾਬੀ, ਹਿੰਦੀ ਅਤੇ ਉਰਦੂ ਜ਼ਬਾਨਾਂ ਸਿੱਖੀਆਂ ਅਤੇ ਕਿਵੇਂ ਬਚਪਨ ਵਿੱਚ ਹੀ ਆਪਣੀ ਕਵੀਸ਼ਰੀ ਆਮ ਤੁਕ-ਬੰਦੀ ਤੋਂ ਸ਼ੁਰੂ ਕੀਤੀ। ਉਨ੍ਹਾਂ ਆਪਣੇ ਕਵੀਸ਼ਰੀ ਦੇ ਉਸਤਾਦ ਮੋਹਨ ਸਿੰਘ ਬਰਾੜ (ਰੋਡੇ) ਦਾ ਜ਼ਿਕਰ ਵੀ ਬਾਖ਼ੂਬੀ ਕੀਤਾ ਅਤੇ ਫਿਰ ਬੁਲੰਦ ਆਵਾਜ਼ ਦੇ ਮਾਲਕ ਰਣਜੀਤ ਸਿੰਘ ਸਿਧਵਾਂ ਅਤੇ ਚੰਦ ਸਿੰਘ ਜੰਡੀ ਨਾਲ ਮਿਲ ਕੇ ਕਵੀਸ਼ਰੀ-ਗਾਇਨ ਦਾ ਲੰਮਾਂ ਸਫ਼ਰ ਬੜੇ ਰੌਚਕ ਢੰਗ ਨਾਲ ਬਿਆਨ ਕੀਤਾ। ਇਸ ਦੌਰਾਨ ਉਨ੍ਹਾਂ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਜ਼ਿਕਰ ਬਾਖ਼ੂਬੀ ਕੀਤਾ ਜਿਨ੍ਹਾਂ ਵਿੱਚ ਉਨ੍ਹਾਂ ਦੀ ਜੀਵਨ-ਸਾਥਣ ਬੀਬੀ ਦਿਲਜੀਤ ਕੌਰ, ਪੁੱਤਰ ਹਰਚਰਨ ਸਿੰਘ ਗਿੱਲ, ਬਲਵੰਤ ਸਿੰਘ ਰਾਮੂਵਾਲੀਆ, ਇਕਬਾਲ ਰਾਮੂਵਾਲੀਆ, ਰਛਪਾਲ ਰਾਮੂਵਾਲੀਆ ਅਤੇ ਧੀਆਂ ਚਰਨਜੀਤ ਕੌਰ ਧਾਲੀਵਾਲ ਅਤੇ ਕਰਮਜੀਤ ਕੌਰ ਸੇਖੋਂ ਸ਼ਾਮਲ ਸਨ। ਹਰਚਰਨ ਗਿੱਲ, ਇਕਬਾਲ ਰਾਮੂਵਾਲੀਆ, ਚਰਨਜੀਤ ਕੌਰ ਧਾਲੀਵਾਲ, ਕਰਮਜੀਤ ਸੇਖੋਂ, ਇਕਬਾਲ ਮਾਹਲ, ਨਵਤੇਜ ਭਾਰਤੀ ਅਤੇ ਗਾਇਕ ਹਰਭਜਨ ਮਾਨ ਦੀ ਆਵਾਜ਼ਾਂ ਵਿੱਚ ਬਾਪੂ ਜੀ ਨੂੰ ਪੇਸ਼ ਕੀਤੀਆਂ ਗਈਆਂ ਸ਼ਰਧਾਂਜਲੀਆਂ ਬਾ-ਕਮਾਲ ਸਨ।
ਫਿਲਮ ਦੇ ਸ਼ੁਰੂ ਵਿੱਚ ਅਤੇ ਹੋਰ ਕਈ ਥਾਵਾਂ ‘ਤੇ ਰਣਜੀਤ ਸਿੰਘ ਸਿਧਵਾਂ, ਸਤਿੰਦਰਪਾਲ ਸਿਧਵਾਂ ਅਤੇ ਰਛਪਾਲ ਰਾਮੂਵਾਲੀਆ ਦੀਆਂ ਖ਼ੂਬਸੂਰਤ ਆਵਾਜ਼ਾਂ ਵਿੱਚ ਗਾਈਆਂ ਕਵੀਸ਼ਰੀਆਂ ‘ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ’, ‘ਦੋ ਹੰਸਾਂ ਦੀ ਜੋੜੀ’ ਆਦਿ ਦੇ ਕੁਝ ਟੋਟਕੇ ਅਤੇ ਬਾਪੂ ਪਾਰਸ ਤੇ ਰਣਜੀਤ ਸਿੰਘ ਸਿਧਵਾਂ ਦੇ ਕੀਤੇ ਗਏ ਸਨਮਾਨ-ਸਮਾਰੋਹ ਦੇ ਦ੍ਰਿਸ਼ ਬੜੇ ਪ੍ਰਭਾਵਸ਼ਾਲੀ ਸਨ। ਫਿਲਮ ਦਾ ਸਿਖ਼ਰ ਬਾਪੂ ਪਾਰਸ ਹੁਰਾਂ ਦੇ ਇਸ ਫ਼ਾਨੀ ਸੰਸਾਰ ਨੂੰ ਛੱਡਣ ਸਮੇਂ ਉਨ੍ਹਾਂ ਦੀ ‘ਅੰਤਮ-ਯਾਤਰਾ’ ਅਤੇ ਭੋਗ ਸਮਾਗ਼ਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਦੇ ਦ੍ਰਿਸ਼ ਸਨ ਜਿਨ੍ਹਾਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।
ਇਸ ਤੋਂ ਪਹਿਲਾਂ ਇਸ ਫਿਲਮ ਦੀ ਸੀ.ਡੀ. ਪੰਜਾਬੀ ਕਮਿਊਨਿਟੀ ਦੇ ਕੁਝ ਪਤਵੰਤੇ ਸੱਜਣਾਂ ਅਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਰੀਲੀਜ਼ ਕੀਤੀ ਗਈ ਜਿਨ੍ਹਾਂ ਵਿੱਚ ਜੋਗਿੰਦਰ ਸਿੰਘ ਗਰੇਵਾਲ, ਜੋਗਿੰਦਰ ਸਿੰਘ ਕਲਸੀ, ਡਾ.ਵਰਿਆਮ ਸਿੰਘ ਸੰਧੂ, ਇਕਬਾਲ ਮਾਹਲ, ਪ੍ਰਤੀਕ ਆਰਟਿਸਟ, ਇਕਬਾਲ ਰਾਮੂਵਾਲੀਆ, ਰਛਪਾਲ ਰਾਮੂਵਾਲੀਆ, ਚਰਨਜੀਤ ਕੌਰ ਧਾਲੀਵਾਲ, ਕਰਮਜੀਤ ਕੌਰ ਸੇਖੋਂ ਆਦਿ ਸ਼ਾਮਲ ਸਨ। ਮੀਡੀਆ ਰੂਮ ਵਿੱਚ ਸੀਟਾਂ ਘੱਟ ਪੈ ਜਾਣ ਕਾਰਨ ਹੋਰ ਕੁਰਸੀਆਂ ਦਾ ਮੌਕੇ ‘ਤੇ ਪ੍ਰਬੰਧ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਕਈਆਂ ਨੂੰ ਇਹ ਫਿਲਮ ਖੜ੍ਹੇ ਹੋ ਕੇ ਹੀ ਵੇਖਣੀ ਪਈ।

RELATED ARTICLES
POPULAR POSTS