Breaking News
Home / ਕੈਨੇਡਾ / ਇੰਡੋ-ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਨੇ ਟ੍ਰਿਲੀਅਮ ਹੈੱਲਥ ਪਾਰਟਨਰਜ਼ ਫ਼ਾਊਂਡੇਸ਼ਨ ਲਈ 250,000 ਡਾਲਰ ਫ਼ੰਡ ਇਕੱਠਾ ਕੀਤਾ

ਇੰਡੋ-ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਨੇ ਟ੍ਰਿਲੀਅਮ ਹੈੱਲਥ ਪਾਰਟਨਰਜ਼ ਫ਼ਾਊਂਡੇਸ਼ਨ ਲਈ 250,000 ਡਾਲਰ ਫ਼ੰਡ ਇਕੱਠਾ ਕੀਤਾ

ਟੋਰਾਂਟੋ : ਇੰਡੋ ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਦੇ ਕਮਿਊਨੀਕੇਸ਼ਨ ਡਾਇਰੈਕਟਰ ਗਿਆਨ ਪਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਇੰਡੋ ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਨੇ ਮਿਲਟਨ ਦੇ ਗਲੈੱਨਕੈਰਿਨ ਗੌਫ਼ ਕਲੱਬ ਵਿਚ ਬੀਤੇ 19 ਜੂਨ ਨੂੰ ਹੋਏ 21ਵੇਂ ਸਲਾਨਾ ਟੂਰਨਮੈਂਟ ਵਿਚ ਟ੍ਰਿਲੀਅਮ ਹੈੱਲਥ ਪਾਰਟਨਰਜ਼ ਫ਼ਾਊਂਡੇਸ਼ਨ ਦੇ ਕਾਰਡੀਆਲੌਜੀ ਅਤੇ ਕੈਂਸਰ ਵਿਭਾਗਾਂ ਲਈ 250,000 ਡਾਲਰ ਫ਼ੰਡ ਇਕੱਠਾ ਕੀਤਾ ਹੈ। ਇਸ ਟੂਰਨਾਮੈਂਟ ਵਿਚ ਜੀ.ਟੀ.ਏ., ਨਿਆਗਰਾ ਫ਼ਾਲਜ਼, ਬੀ.ਸੀ., ਅਮਰੀਕਾ, ਇੰਗਲੈਂਡ, ਭਾਰਤ, ਪਾਕਿਸਤਾਨ ਅਤੇ ਆਸਟ੍ਰੇਲੀਆ ਤੋਂ 175 ਤੋਂ ਵਧੀਕ ਗੌਲਫ਼ਰਾਂ ਨੇ ਭਾਗ ਲਿਆ। ਇਸ ਵਿਚ ਜਾਰਜ ਸੱਗੂ, ਨਜ਼ੀਰ ਚੌਧਰੀ, ਅਜ਼ਹਰ ਬਾਜਵਾ ਅਤੇ ਬਲਵਿੰਦਰ ਸਿੰਘ ਡੇਨੀਅਲ ਦੀ ਟੀਮ ਨੇ ਜੇਤੂ ਟਰਾਫ਼ੀ ਨੂੰ ਚੁੰਮਿਆ ਤੇ ਆਈ.ਸੀ.ਜੀ.ਏ. ਦੀ ‘ਬਲਿਊ ਜੈਕਟ’ ਜਿੱਤਣ ਦਾ ਮਾਣ ਹਾਸਲ ਕੀਤਾ। ਇਸ ਦੇ ਨਾਲ ਹੀ ਇਸ ਗੌਲਫ਼ ਐਸੋਸੀਏਸ਼ਨ ਵੱਲੋਂ 250,000 ਡਾਲਰ ਦਾ ਚੈੱਕ ਟ੍ਰਿਲੀਅਮ ਹੈੱਲਥ ਪਾਰਟਨਰਜ਼ ਫ਼ਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਸਟੀਵ ਹੌਚੇਟ ਨੂੰ ਭੇਂਟ ਕੀਤਾ ਗਿਆ।
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸਟੀਵ ਹੌਚੇਟ ਨੇ ਕਿਹਾ, ਆਪਣੀ ਕਮਿਊਨਿਟੀ ਨਾਲ ਕੰਮ ਕਰਦਿਆਂ ਹੋਇਆਂ ਟ੍ਰਿਲੀਅਮ ਹੈੱਲਥ ਪਾਰਟਨਰਜ਼ ਫ਼ਾਊਂਡੇਸ਼ਨ ਆਪਣੇ ਪਾਰਟਨਰਾਂ ਕਰੈਡਿਟ ਵੈਲੀ ਹਸਪਤਾਲ, ਮਿਸੀਸਾਗਾ ਹਸਪਤਾਲ ਅਤੇ ਕੁਈਨਜ਼ ਹੈੱਲਥ ਸੈਂਟਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅਤੀ ਲੋੜੀਂਦੇ ਫ਼ੰਡ ਇਕੱਠੇ ਕਰਨ ਲਈ ਸਮਰਪਿਤ ਹੈ। ਸਾਡੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਮਰੀਜ਼ਾਂ ਨੂੰ ਘੱਟ ਤੋਂ ਘੱਟ ਖ਼ਰਚੇ ‘ਤੇ ਉੱਤਮ ਦਰਜੇ ਦਾ ਇਲਾਜ ਮੁਹੱਈਆ ਕਰਾਇਆ ਜਾਏ। ਉਨ੍ਹਾਂ ਕਿਹਾ ਕਿ 250,000 ਡਾਲਰ ਦੀ ਇਸ ਰਕਮ ਦੀ ਸਹਾਇਤਾ ਕਾਰਡੀਆਲੌਜੀ ਵਿੰਗ ਲਈ ਅਤਿ-ਆਧੁਨਿਕ ਯੰਤਰ ਖ਼ਰੀਦਣ ਲਈ ਵਰਤੀ ਜਾਏਗੀ ਅਤੇ ਇਸ ਦਾ ਸਾਰੇ ਹੀ ਦਿਲ ਦੇ ਮਰੀਜ਼ਾਂ ਨੂੰ ਫ਼ਾਇਦਾ ਹੋਵੇਗਾ। ਅਖ਼ੀਰ ਵਿਚ ਆਈ.ਸੀ.ਜੀ.ਏ. ਦੇ ਚੇਅਰਮੈਨ ਮੋਹਿੰਦਰ ਸਿੰਘ ਨੇ ਸਾਰੇ ਖਿਡਾਰੀਆਂ, ਸਪਾਂਸਰਾਂ ਅਤੇ ਮੀਡੀਆ ਪਾਰਟਨਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮਿਲ ਕੇ ਇਸ ਟੂਰਨਾਮੈਂਟ ਨੂੰ ਕਾਮਯਾਬ ਕੀਤਾ ਅਤੇ ਉਨ੍ਹਾਂ ਨੇ ਭਵਿੱਖ ਵਿਚ ਵੀ ਮਨੁੱਖਤਾ ਦੇ ਭਲੇ ਲਈ ਕੀਤੇ ਜਾਣ ਵਾਲੇ ਅਜਿਹੇ ਉਪਰਾਲਿਆਂ ਦੀ ਕਾਮਨਾ ਕੀਤੀ।
ਇੱਥੇ ਇਹ ਜ਼ਿਕਰਯੋਗ ਹੈ ਕਿ ਇੰਡੋ ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਦੀ ਸਥਾਪਨਾ 1996 ਵਿਚ ਇਕ ਨਾਨ-ਪਰਾਫ਼ਿਟ ਚੈਰੀਟੇਬਲ ਆਰਗੇਨਾਈਜ਼ੇਸ਼ਨ ਵਜੋਂ ਹੋਈ ਸੀ ਜਿਸ ਦਾ ਮੰਤਵ ਜੀ.ਟੀ.ਏ. ਵਿਚ ਸਲਾਨਾ ਗੌਲਫ਼ ਟੂਰਨਾਮੈਂਟ ਕਰਵਾ ਕੇ ਸਥਾਨਕ ਚੈਰਿਟੀਆਂ ਲਈ ਲੋੜੀਂਦੇ ਫ਼ੰਡ ਇਕੱਤਰ ਕਰਕੇ ਕਮਿਊਨਿਟੀ ਦੀ ਸੇਵਾ ਕਰਨਾ ਹੈ। 21 ਸਾਲ ਪਹਿਲਾਂ ਕੁਝ ਹਿੰਮਤੀ ਇੰਡੋ-ਕੈਨੇਡੀਅਨ ਨੌਜਵਾਨਾਂ ਅਤੇ ਗੌਲਫ਼ ਖਿਡਾਰੀਆਂ ਨੇ ਇਕੱਠੇ ਹੋ ਕੇ ਟੋਰਾਂਟੋ ਵਿਚ ਪਹਿਲਾ ਚੈਰਿਟੀ ਗੌਲਫ਼ ਟੂਰਨਮੈਂਟ ਕਰਵਾਇਆ। ਉਨ੍ਹਾਂ ਦਿਨਾਂ ਵਿਚ ਗੌਲਫ਼ ਨਵੇਂ ਇੰਮੀਗਰੈਂਟ ਇੰਡੋ-ਕੈਨੇਡੀਅਨਾਂ ਲਈ ਹੋਰਨਾਂ ਖੇਡਾਂ ਦੇ ਮੁਕਾਬਲੇ ਨਵੀਂ ਗੇਮ ਸੀ ਪਰ ਫਿਰ ਵੀ ਉਸ ਟੂਰਨਮੈਂਟ ਵਿਚ 50 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਇਸ ਸਮੇਂ ਆਈ.ਸੀ.ਜੀ.ਏ. ਨੇ ਆਪਣੇ ਆਪ ਨੂੰ ਇਕ ਵਧੀਆ ਚੈਰੀਟੇਬਲ ਆਗੇਨਾਈਜ਼ੇਸ਼ਨ ਵਜੋਂ ਸਥਾਪਿਤ ਕਰ ਲਿਆ ਹੈ ਅਤੇ ਇਹ ਕਮਿਊਨਿਟੀ ਲਈ ਵਾਲੰਟੀਅਰਾਂ, ਦਾਨੀਆਂ ਅਤੇ ਗੌਲਫ਼ ਦੀ ਗੇਮ ਨੂੰ ਸਾਰੀ ਦੁਨੀਆਂ ਵਿਚ ਹੋਰ ਹਰਮਨ ਪਿਆਰੀ ਬਨਾਉਣ ਵਾਲਿਆਂ ਵਜੋਂ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪਿਛਲੇ 21 ਸਾਲਾਂ ਵਿਚ ਇਸ ਨੇ ਵੱਖ-ਵੱਖ ਕੈਨੇਡੀਅਨ, ਭਾਰਤੀ ਅਤੇ ਅੰਤਰ-ਰਾਸ਼ਟਰੀ ਚੈਰੀਟੇਬਲ ਸੰਸਥਾਵਾਂ ਜਿਹੜੀਆਂ ਹੈੱਲਥ ਕੇਅਰ ਅਤੇ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀਆਂ ਹਨ, ਦੀ ਸਹਾਇਤਾ ਲਈ 500,000 ਡਾਲਰ ਦਾਨ ਵਜੋਂ ਦਿੱਤੇ ਹਨ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …