ਗੁਰਪ੍ਰੀਤ ਸਿੰਘ ਦੀ ਸਿੱਖ ਨਸਲਕੁਸ਼ੀ ਬਾਰੇ ਕਿਤਾਬ ਸਰੀ ‘ਚ ਲੋਕ ਅਰਪਣ
ਸਰੀ : ਸਿੱਖ ਨਸਲਕੁਸ਼ੀ ਦੇ ਦੁਖਾਂਤ ਬਾਰੇ ਲੇਖਕ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਨਵ-ਪ੍ਰਕਾਸ਼ਿਤ ਕਿਤਾਬ, ‘ਨੋਟਸ ਔਨ 1984’ 20 ਦਸੰਬਰ, ਦਿਨ ਸੋਮਵਾਰ ਨੂੰ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ-ਡੈਲਟਾ ਵਿਖੇ ਸਥਿਤ ‘ਗੁਰੂ ਨਾਨਕ ਨਿਵਾਸ ਸੀਨੀਅਰ ਸੈਂਟਰ’ ਵਿਖੇ, ਦੁਪਹਿਰ 12 ਵਜੇ ਲੋਕ ਅਰਪਣ ਕੀਤੀ ਗਈ। ਨਵੰਬਰ ਚੁਰਾਸੀ ਸਿੱਖ ਨਸਲਕੁਸ਼ੀ ਵਿਚ ਨੌਜੁਆਨ ਪੁੱਤ, ਜਵਾਈ ਅਤੇ ਕੁੜਮ ਸਮੇਤ ਪੰਜ ਪਰਿਵਾਰਕ ਮੈਂਬਰਾਂ ਦੀਆਂ ਹੱਤਿਆਵਾਂ ਦੇ ਦੁਖਾਂਤ ਹੱਡੀਂ ਹੰਢਾਉਣ ਵਾਲੀ ਬਜ਼ੁਰਗ ਬੀਬੀ ਦਲਜੀਤ ਕੌਰ ਤੁਲੀ ਵੱਲੋਂ ਇਹ ਕਿਤਾਬ ਰਿਲੀਜ਼ ਕੀਤੀ ਗਈ।
ਮੁੱਖ ਬੁਲਾਰੇ ਡਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਦਾ ਫਰਜ਼ ਬਣਦਾ ਹੈ ਕਿ 1984 ਦੇ ਮਹਾਂ-ਦੁਖਾਂਤ ਨੂੰ ‘ਸਿੱਖ ਨਸਲਕੁਸ਼ੀ’ ਵਜੋਂ ਸਵੀਕਾਰ ਕਰੇ ਅਤੇ ਇਸ ਨਸਲਕੁਸ਼ੀ ਖ਼ਿਲਾਫ਼ ਕੈਨੇਡਾ ਦੀ ਪਾਰਲੀਮੈਂਟ ‘ਚ ਮਤਾ ਉਸੇ ਤਰਜ਼ ਤੇ ਪਾਸ ਕਰੇ, ਜਿਵੇਂ ਹਾਲ ਹੀ ਵਿਚ ਚੀਨ ਵਿਚ ਘੱਟ-ਗਿਣਤੀ ਉਈਗਰ ਮੁਸਲਿਮ ਭਾਈਚਾਰੇ ਦੀ ਨਸਲਕੁਸ਼ੀ ਸਬੰਧੀ ਮਤਾ ਪਾਸ ਕੀਤਾ ਗਿਆ ਹੈ ਅਤੇ ਚੀਨ ਵਿਚ ਹੋਣ ਵਾਲੀਆਂ 2022 ਦੀਆਂ ਸਰਦ ਰੁੱਤ ਓਲੰਪਿਕ ਖੇਡਾਂ ਦਾ ਵੀ ਕੈਨੇਡਾ ਵੱਲੋਂ ਕੂਟਨੀਤਕ ਰਾਜਸੀ ਬਾਈਕਾਟ ਕੀਤਾ ਗਿਆ ਹੈ। ‘ਨੋਟਸ ਔਨ 1984’ ਦੇ ਲੇਖਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਇਸ ਕਿਤਾਬ ਰਾਹੀਂ ਉਸ ਨੇ ਸਿੱਖਾਂ ਦੀ ਨਸਲਕੁਸ਼ੀ ਦੇ ਮੁੱਦੇ ਨੂੰ ਉਭਾਰਦਿਆਂ, ਇਸ ਦਾ ਮੁਲਾਂਕਣ ਕੌਮਾਂਤਰੀ ਪੱਧਰ ਦੇ ਘੱਲੂਘਾਰਿਆਂ ਅਤੇ ਨਸਲਕੁਸ਼ੀਆਂ ਨੂੰ ਸਾਹਮਣੇ ਰੱਖ ਕੇ ਕੀਤਾ ਹੈ। ਲੇਖਕ ਅਨੁਸਾਰ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਕੀਤੀ ਸਿੱਖ ਨਸਲਕੁਸ਼ੀ ਦੀ ਤਰਜ਼ ਉੱਤੇ ਹੀ, ਗੁਜਰਾਤ ਵਿੱਚ 2002 ਵਿੱਚ ਭਾਜਪਾ ਸਰਕਾਰ ਨੇ ਮੁਸਲਿਮ ਕਤਲੇਆਮ ਅਤੇ ਫਿਰ ਉੜੀਸਾ ਵਿੱਚ ਇਸਾਈਆਂ ਦੇ ਕਤਲ ਅਤੇ ਹੋਰ ਘੱਟ ਗਿਣਤੀਆਂ, ਮੂਲ-ਨਿਵਾਸੀਆਂ ਅਤੇ ਦਲਿਤਾਂ ਤੇ ਜਬਰ ਕੀਤੇ ਅਤੇ ਅੱਜ ਵੀ ਹੋ ਰਹੇ ਹਨ।
ਸਰੀ ਸੈਂਟਰਲ ਤੋਂ ਲਿਬਰਲ ਪਾਰਟੀ ਦੇ ਐੱਮਪੀ ਰਣਦੀਪ ਸਿੰਘ ਸਰਾਏ ਨੇ ਕਿਹਾ ਕਿ ਲੇਖਕ ਵੱਲੋਂ ਮਨੁੱਖੀ ਹੱਕਾਂ ਲਈ ਸਦਾ ਹੀ ਬੁਲੰਦ ਕੀਤੀ ਜਾਂਦੀ ਆਵਾਜ਼ ਉਨ੍ਹਾਂ ਨੂੰ ਹਲੂਣਾ ਦਿੰਦੀ ਹੈ ਬੀਸੀ ਵਿਧਾਨ ਸਭਾ ਵਿੱਚ ਨਸਲਵਾਦ ਦੇ ਮੁੱਦਿਆਂ ਤੇ ਸੰਸਦੀ ਸਕੱਤਰ ਅਤੇ ਲੇਖਕ ਦੀ ਸੁਪਤਨੀ ਬੀਬੀ ਰਚਨਾ ਸਿੰਘ ਨੇ ਕਿਤਾਬ ਦੇ ਹਵਾਲੇ ਨਾਲ ਕਿਹਾ ਕਿ ਸਿੱਖ ਨਸਲਕੁਸ਼ੀ ਦੇ ਦੁਖਾਂਤ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਹੋਰਨਾਂ ਬੁਲਾਰਿਆਂ ਵਿਚ ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ, ਮਨੁੱਖੀ ਅਧਿਕਾਰ ਕਾਰਕੁਨ ਐਨੀ ਓਹਾਨਾ, ਮੀਡੀਆ ਸ਼ਖ਼ਸੀਅਤ ਨਵਜੋਤ ਕੌਰ ਢਿੱਲੋਂ ਤੂੰ ਇਲਾਵਾ ਜਰਨੈਲ ਸਿੰਘ ਚਿਤਰਕਾਰ, ਕੇਸਰ ਸਿੰਘ ਕੂਨਰ, ਇਮਤਿਆਜ਼ ਪੋਪਟ, ਇਕਬਾਲ ਢੱਟ, ਕੁਲਵਿੰਦਰ ਸਿੰਘ ਅਤੇ ਜਸਜੀਤ ਸਮੁੰਦਰੀ ਸਮੇਤ ਨਾਮਵਰ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ।
ਲੋਕ ਪੱਖੀ ਸ਼ਾਇਰ ਅੰਮ੍ਰਿਤ ਦੀਵਾਨਾ ਨੇ ਸਮਾਗਮ ਦਾ ਸੰਚਾਲਨ ਬਾਖੂਬੀ ਨਿਭਾਇਆ, ਜਦਕਿ ਕੰਵਲਜੀਤ ਸਿੰਘ ਥਿੰਦ (ਮਹਿਕ ਪੰਜਾਬ ਦੀ ਟੈਲੀਵਿਜ਼ਨ), ਅਮਿਤ ਪਨੇਸਰ (ਚੈਨਲ ਪੰਜਾਬੀ ਅਤੇ ਗਲੋਬਲ ਪੰਜਾਬ ਟੀ ਵੀ), ਬਲਜਿੰਦਰ ਕੌਰ (ਸਾਂਝਾ ਟੀਵੀ) ਅਤੇ ਸ਼ਰਨਜੀਤ ਸਿੰਘ (ਪ੍ਰਾਈਮ ਏਸ਼ੀਆ ਟੈਲੀਵਿਜ਼ਨ) ਵੱਲੋਂ ਸਮਾਗਮ ਦੀ ਭਾਵਪੂਰਤ ਢੰਗ ਨਾਲ ਕਵਰੇਜ ਕੀਤੀ ਗਈ। ਕਿਤਾਬ ਰਿਲੀਜ਼ ਸਮਾਰੋਹ ਦੇ ਪ੍ਰਬੰਧ ਵਿੱਚ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਹ ਕਿਤਾਬ ਮਰਹੂਮ ਪੱਤਰਕਾਰ ਅਤੇ ਐਕਟਵਿਸਟ ਜਰਨੈਲ ਸਿੰਘ ਨੂੰ ਸਮਰਪਿਤ ਕੀਤੀ ਗਈ ਹੈ, ਜਿਨ੍ਹਾਂ ਦਿੱਲੀ ਵਿਧਾਨ ਸਭਾ ‘ਚ ‘ਸਿੱਖ ਨਸਲਕੁਸ਼ੀ 1984’ ਦਾ ਮਤਾ ਪਾਸ ਕਰਵਾਇਆ ਸੀ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …