24.9 C
Toronto
Tuesday, May 19, 2026
spot_img
Homeਕੈਨੇਡਾਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ ''ਇੰਡੀਅਨਜ਼ ਐਵਰੌਡ ਐਂਡ ਪੰਜਾਬ ਇਮਪੈਕਟ...

ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ ”ਇੰਡੀਅਨਜ਼ ਐਵਰੌਡ ਐਂਡ ਪੰਜਾਬ ਇਮਪੈਕਟ ਪੰਜਾਬੀ ਸੰਸਾਰ-2023” ਲੋਕ ਅਰਪਣ

ਪ੍ਰਵਾਸ ਦੇ ਰੁਝਾਨ ਦਾ ਕਾਰਨ ਬੁੱਧੀਜੀਵੀ ਵਰਗ ਦੀ ਆਪਣੀ ਭੂਮਿਕਾ ਨਿਭਾਉਣ ‘ਚ ਅਸਫਲਤਾ ਹੈ : ਡਾ: ਸਵਰਾਜ ਸਿੰਘ
ਫਗਵਾੜਾ/ਬਿਊਰੋ ਨਿਊਜ਼ : ਵੱਧ ਰਹੇ ਪ੍ਰਵਾਸ ਦੇ ਰੁਝਾਨ ਨੂੰ ਪੰਜਾਬ ਦਾ ਸਭ ਤੋਂ ਵੱਡਾ ਸੰਕਟ ਦਸਦਿਆਂ, ਪ੍ਰਸਿੱਧ ਪੰਜਾਬੀ ਲੇਖਕ ਅਤੇ ਚਿੰਤਕ ਡਾ: ਸਵਰਾਜ ਸਿੰਘ ਨੇ ਕਿਹਾ ਕਿ ਇਸਦਾ ਮੁੱਖ ਕਾਰਨ ਬੁੱਧੀਜੀਵੀ ਵਰਗ ਦੀ ਇਸ ਸਬੰਧੀ ਆਪਣੀ ਭੂਮਿਕਾ ਨਿਭਾਉਣ ਵਿਚ ਅਸਫਲਤਾ ਹੈ। ਉਹ ਫਗਵਾੜਾ ਵਿਚ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਅਤੇ ਪੰਜਾਬੀ ਵਿਰਸਾ ਟਰੱਸਟ ਵਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ”ਵਿਸ਼ਵ ਵਿੱਚ ਉੱਭਰ ਰਹੇ ਨਵੇਂ ਰੁਝਾਨ” ਸਬੰਧੀ ਆਪਣਾ ਕੁੰਜੀਵਤ ਸੰਬੋਧਨ ਕਰ ਰਹੇ ਸਨ।
ਇਸ ਸਮਾਗਮ ਵਿੱਚ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੀ ਸਿਲਵਰ ਜੁਬਲੀ ਵੱਡ ਅਕਾਰੀ ਪੁਸਤਕ ”ਇੰਡੀਅਨਜ਼ ਐਵਰੌਡ ਐਂਡ ਪੰਜਾਬ ਇਮਪੈਕਟ (ਪੰਜਾਬੀ ਸੰਸਾਰ-2023)” ਵੱਡੀ ਗਿਣਤੀ ਵਿਚ ਹਾਜ਼ਰ ਲੇਖਕਾਂ, ਪੰਜਾਬੀ ਪਿਆਰਿਆਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤੀ ਗਈ।
ਆਪਣੇ ਸੰਬੋਧਨ ਨੂੰ ਅੱਗੇ ਤੋਰਦਿਆਂ ਡਾ: ਸਵਰਾਜ ਸਿੰਘ ਨੇ ਕਿਹਾ ਕਿ ਅਸੀਂ ਪ੍ਰਵਾਸ ਦੇ ਰੁਝਾਨ ਨੂੰ ਰੋਕ ਨਹੀਂ ਸਕੇ। ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਵਾਪਰ ਰਹੀਆਂ ਪ੍ਰਮੁੱਖ ਘਟਨਾਵਾਂ ਦਾ ਜ਼ਿਕਰ ਕਰਦਿਆਂ ਰੂਸ-ਯੂਕਰੇਨ, ਇਜ਼ਰਾਈਲ-ਫਲਸਤੀਨ ਜੰਗਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਭਾਰਤ ਆਉਣ ਵਾਲੇ ਸਮੇਂ ਵਿਚ ਆਰਥਿਕ ਤੌਰ ‘ਤੇ ਮੋਹਰੀ ਦੇਸ਼ ਬਨਣ ਵਾਲੇ ਪਾਸੇ ਵਧ ਰਿਹਾ ਹੈ, ਪਰ ਇਸ ਬਾਰੇ ਕੋਈ ਭਰੋਸਾ ਨਹੀਂ ਕਿ ਦੇਸ਼ ਵਿਚ ਦੌਲਤ ਦੀ ਵੰਡ ਸਾਂਵੀ ਪੱਧਰੀ ਹੋਵੇਗੀ ਜਾਂ ਨਹੀਂ। ਉਹਨਾਂ ਕਿਹਾ ਕਿ ਸਵਰਗ ਨਰਕ ਕੁਝ ਵੀ ਨਹੀਂ ਹੁੰਦਾ, ਇਹ ਸਿਰਫ਼ ਇੱਕ ਮਨੋਅਵਸਥਾ ਹੈ, ਜਿਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਅੱਛਾ ਮਾਰਗ ਦਰਸ਼ਨ ਕਰਦੀ ਹੈ।
ਸਮਾਗਮ ਦੀ ਪ੍ਰਧਾਨਗੀ ਡਾ: ਸਵਰਾਜ ਸਿੰਘ, ਨਰਪਾਲ ਸਿੰਘ ਸ਼ੇਰਗਿੱਲ, ਗਿਆਨ ਸਿੰਘ ਮੋਗਾ, ਪ੍ਰੋ: ਜਸਵੰਤ ਸਿੰਘ ਗੰਡਮ, ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕੀਤੀ।
ਇਸ ਮੌਕੇ ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ ਨੇ ਆਏ ਲੇਖਕਾਂ ਤੇ ਪੰਜਾਬੀ ਪਿਆਰਿਆਂ ਨੂੰ ਜੀਅ ਆਇਆਂ ਕਹਿੰਦਿਆਂ ਡਾ: ਸਵਰਾਜ ਸਿੰਘ ਦੀ ਬੌਧਿਕਤਾ ਅਤੇ ਨਰਪਾਲ ਸਿੰਘ ਸ਼ੇਰਗਿੱਲ ਦੀ ਸਖ਼ਤ ਮਿਹਨਤ ਦੁਆਰਾ ਤਿਆਰ ਕੀਤੀ ਗਈ ਵਿਸ਼ਵ ਦਰਸ਼ਨ ਕਰਾਉਣ ਵਾਲੀ ਡਾਇਰੈਕਟਰੀ ਦੀ ਪ੍ਰਸੰਸਾ ਕੀਤੀ। ਉਹਨਾਂ ਨੇ ਦੇਸ਼ ਵਿੱਚ ਅਸਹਿਮਤੀ ਪ੍ਰਤੀ ਵਧ ਰਹੀ ਆਕਰਮਿਕ, ਅਸਹਿਨਸ਼ੀਲਤਾ ਉਤੇ ਚਿੰਤਾ ਪ੍ਰਗਟਾਈ।
ਸਮਾਗਮ ਮੌਕੇ ਨਰਪਾਲ ਸਿੰਘ ਸ਼ੇਰਗਿੱਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁਦੱਈ ਹੈ ਅਤੇ ਪਿਛਲੇ 57 ਸਾਲ ਤੋਂ ਨਿਰਪੱਖ ਪੱਤਰਕਾਰਤਾ ਨੂੰ ਪ੍ਰਣਾਇਆ ਹੋਇਆ ਹੈ।
ਉਹਨਾਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਵਿਦੇਸ਼ ਵਸਦੇ ਪੰਜਾਬੀਆਂ, ਜਿਹਨਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ, ਦੀ ਸਾਂਝ ਪੰਜਾਬ ਦੇ ਲੋਕਾਂ ਨਾਲ ਤਾਂ ਪਵਾ ਹੀ ਰਿਹਾ ਹੈ ਪਰ ਨਾਲ ਦੀ ਨਾਲ ਸਿੱਖ ਧਰਮ ਦੇ ਸਾਂਝੀਵਾਲਤਾ ਦੇ ਉਪਦੇਸ਼ ਨੂੰ ਦੁਨੀਆ ਸਾਹਮਣੇ ਲਿਆਉਣ ਦਾ ਉਪਰਾਲਾ ਕਰਨ ਲਈ ਪੰਜਾਬੀ ਸੰਸਾਰ ਅਤੇ ਸਿੱਖ ਸੰਸਾਰ ਪੁਸਤਕਾਂ ਹਰ ਵਰ੍ਹੇ ਲੋਕ ਅਰਪਿਤ ਕਰਦਾ ਹੈ। ਇਸ ਮੌਕੇ ਪ੍ਰਿੰ: ਗੁਰਮੀਤ ਸਿੰਘ ਪਲਾਹੀ, ਐਡਵੋਕੇਟ ਐਸ.ਐਲ. ਵਿਰਦੀ, ਰਵਿੰਦਰ ਚੋਟ, ਗਿਆਨ ਸਿੰਘ ਮੋਗਾ, ਬਲਦੇਵ ਰਾਜ ਕੋਮਲ, ਇੰਦਰਜੀਤ ਸਿੰਘ ਸੰਪਾਦਕ ਸੱਤ ਸਮੰਦਰੋਂ ਪਾਰ ਨੇ ਵੀ ਸੰਬੋਧਨ ਕੀਤਾ।
ਸਮਾਗਮ ਵਿੱਚ ਹੋਰਨਾਂ ਤੋਂ ਬਿਨ੍ਹਾਂ ਗੁਰਿੰਦਰ ਖਹਿਰਾ, ਜਸਵਿੰਦਰ ਕੌਰ, ਪ੍ਰਿੰ: ਤਰਸੇਮ ਸਿੰਘ, ਕਰਮਜੀਤ ਸਿੰਘ ਸੰਧੂ, ਦਵਿੰਦਰ ਜੱਸਲ ਮਾਧੋਪੁਰੀ, ਰਾਮਪਾਲ ਮੱਲ, ਕੁਲਵੰਤ ਭਿੰਡਰ, ਰਮਨ ਨਹਿਰਾ, ਗੁਰਮੀਤ ਸਿੰਘ ਨੈਸ਼ਨਲ ਐਵਾਰਡੀ, ਰਵਿੰਦਰ ਰਾਏ, ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਕਮਲੇਸ਼ ਸੰਧੂ, ਮਾਸਟਰ ਮਨਦੀਪ ਸਿੰਘ, ਸੁਸ਼ੀਲ ਸ਼ਰਮਾ, ਅਸ਼ੋਕ ਸ਼ਰਮਾ, ਬੰਸੋ ਦੇਵੀ, ਜਨਕ ਪਲਾਹੀ, ਚਰਨਜੀਤ ਸਿੰਘ ਚਾਨਾ ਆਦਿ ਹਾਜ਼ਰ ਸਨ।
ਸਮਾਗਮ ਵਿੱਚ ਪ੍ਰਸਿੱਧ ਚਿੰਤਕ ਡਾ: ਸਵਰਾਜ ਸਿੰਘ ਅਤੇ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਕਾਰਵਾਈ ਰਵਿੰਦਰ ਚੋਟ ਨੇ ਬਾਖ਼ੂਬੀ ਨਿਭਾਈ।

RELATED ARTICLES
POPULAR POSTS