Breaking News
Home / ਕੈਨੇਡਾ / ਰੌਜਰਜ਼ ਹੋਮਟਾਊਨ ਹਾਕੀ ਟੂਰ ਦੇ ਬਰੈਂਪਟਨ ਆਉਣ ‘ਤੇ ਸੋਨੀਆ ਸਿੱਧੂ ਨੇ ਕੀਤਾ ਸੁਆਗ਼ਤ

ਰੌਜਰਜ਼ ਹੋਮਟਾਊਨ ਹਾਕੀ ਟੂਰ ਦੇ ਬਰੈਂਪਟਨ ਆਉਣ ‘ਤੇ ਸੋਨੀਆ ਸਿੱਧੂ ਨੇ ਕੀਤਾ ਸੁਆਗ਼ਤ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸ਼ੁਭ-ਇੱਛਾਵਾਂ ਦਿੱਤੀਆਂ
ਬਰੈਂਪਟਨ : ਰੌਜਰਜ਼ ਹੋਮਟਾਊਨ ਹਾਕੀ ਟੂਰ ਦੇ ਓਨਟਾਰੀਓ ਦੌਰੇ ਦੌਰਾਨ ਬਰੈਂਪਟਨ ਡਾਊਨ ਟਾਊਨ ਪਹੁੰਚਣ ‘ਤੇ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਵੱਲੋਂ ਇਸ ਦਾ ਭਰਵਾਂ ਸੁਆਗ਼ਤ ਕੀਤਾ ਗਿਆ ਅਤੇ ਇਸ ਦੇ ਮੈਂਬਰਾਂ ਨੂੰ ‘ਜੀ ਆਇਆਂ’ ਕਿਹਾ ਗਿਆ। ਲੰਘੇ ਸ਼ਨੀਵਾਰ ਸ਼ੁਰੂ ਹੋਏ ਅਤੇ ਐਤਵਾਰ ਤੱਕ ਚੱਲੇ ਇਨ੍ਹਾਂ ਪਰਿਵਾਰਿਕ ਜਸ਼ਨਾਂ ਦੀ ਬਦੌਲਤ ਲੋਕਾਂ ਅਤੇ ਹਾਕੀ ਖਿਡਾਰੀਆਂ ਦੇ ਸਮੱਰਥਕਾਂ ਦੇ ਖ਼ੁਸ਼ੀਆਂ ਭਰੇ ਪਲਾਂ ਵਿਚ ਹੋਰ ਵੀ ਵਾਧਾ ਹੋਇਆ। ਇਨ੍ਹਾਂ ਜਸ਼ਨਾਂ ਵਿਚ ਹਾਕੀ ਦੇ ਸਟਾਰ-ਖਿਡਾਰੀਆਂ ਅਤੇ ਐੱਨ.ਐੱਚ.ਐੱਲ. ਦੇ ਅਲਿਊਮਨੀਆਂ ਜਿਵੇਂ ਡੈਰਿਲ ਸਿਟਲਰ, ਰਿਕ ਵੇਵ ਅਤੇ ਵੈਂਡਲ ਕਲਾਰਕ ਨਾਲ ‘ਮੀਟ ਐਂਡ ਗਰੀਟ’ ਤਾਂ ਲੋਕਾਂ ਲਈ ਖ਼ਾਸ ਹੀ ਦਿਲਚਸਪੀ ਦਾ ਕੇਂਦਰ ਬਣੀ। ਇਸ ਮੌਕੇ ਬੋਲਦਿਆਂ ਸੋਨੀਆ ਨੇ ਕਿਹਾ, ”ਖੇਡਾਂ ਕੈਨੇਡਾ ਦੀਆਂ ਵਿਭਿੰਨ ਕਮਿਊਨਿਟੀਆਂ ਨੂੰ ਇਕੱਠਿਆਂ ਕਰਨ ਵਿਚ ਸਹਾਈ ਹੁੰਦੀਆਂ ਹਨ। ਪਿਛਲੇ ਵੀਕ-ਐਂਡ ‘ਤੇ ਬਰੈਂਪਟਨ ਵਿਚ ਬਰੈਂਪਟਨ-ਵਾਸੀਆਂ ਨੇ ਭਾਰੀ ਗਿਣਤੀ ਵਿਚ ਇਕੱਠੇ ਹੋ ਕੇ ਇਹ ਸੱਭ ਆਪਣੇ ਅੱਖੀਂ ਵੇਖਿਆ ਹੈ। ਬਰੈਂਪਟਨ ਸਾਊਥ ਵਿਚ ਲੋਕਾਂ ਨੂੰ ਏਡੀ ਵੱਡੀ ਗਿਣਤੀ ਵਿਚ ਇਨ੍ਹਾਂ ਜਸ਼ਨਾਂ ਦਾ ਨਜ਼ਾਰਾ ਮਾਣਦਿਆਂ ਹੋਇਆਂ ਵੇਖ ਕੇ ਮੈਨੂੰ ਬੜੀ ਖ਼ੁਸ਼ੀ ਹੋਈ ਹੈ।” ਇਸ ਮੌਕੇ ਕੈਨੇਡਾ ਦੇ ਖੋਜ, ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਮਾਣਯੋਗ ਨਵਦੀਪ ਬੈਂਸ ਵੀ ਇਨ੍ਹਾਂ ਜਸ਼ਨਾਂ ਵਿਚ ਹਿੱਸਾ ਲੈਣ ਲਈ ਉਚੇਚੇ ਤੌਰ ‘ਤੇ ਹਾਜ਼ਰ ਹੋਏ। ਗੇਮ ਸ਼ੁਰੂ ਹੋਣ ਤੋਂ ਪਹਿਲਾਂ ਸਟੇਜ ਦਾ ਸੰਚਾਲਨ ਸੰਭਾਲਦਿਆਂ ਹੋਇਆਂ ਐੱਮ.ਪੀ. ਸੋਨੀਆ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬਰੈਂਪਟਨ ਵਿਚ ਹੋਣ ਵਾਲੇ ਇਸ ਯਾਦਗਾਰੀ ਖੇਡ-ਜਸ਼ਨ ਲਈ ਸਤਿਕਾਰ ਅਤੇ ਸ਼ੁਭ-ਇੱਛਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਜਿਉਂ ਹੀ ਨਿਊ ਜਰਸੀ ਡੈਵਲਜ਼ ਨੇ ਮੌਂਟਰੀਆਲ ਖਿਡਾਰੀਆਂ ਉੱਪਰ ਆਪਣਾ ਪੱਲੜਾ ਭਾਰੀ ਕਰਨਾ ਸ਼ੁਰੂ ਕੀਤਾ, ਇਹ ਗੇਮ ਹੋਰ ਵੀ ਦਿਲਚਸਪ ਹੁੰਦੀ ਗਈ।
ਇਸ ਖੇਡ ਪ੍ਰੋਗਰਾਮ ਨੂੰ ‘ਹਾਕੀ ਨਾਈਟ ਇਨ ਕੈਨੇਡਾ’ ਦੇ ਪੰਜਾਬੀ ਐਡੀਸ਼ਨ ਦੀ ਬਰਾਡਕਾਸਟ ਟੀਮ ਰੌਨ ਮੈਕਲੀਅਨ ਅਤੇ ਟਾਰਾ ਸਲੋਨ ਵੱਲੋਂ ਪ੍ਰੀ-ਗੇਮ ਸ਼ੋਅ ਦੇ ਤੌਰ ‘ਤੇ ਸਪੋਰਟਸਨੈੱਟ ਮੋਬਾਈਲ ਸਟੂਡੀਓ ਤੋਂ ਗਾਰਡਨ ਸੁਕੇਅਰ ਵਿਚ ਬਰਾਡਕਾਸਟ ਕੀਤਾ ਗਿਆ ਅਤੇ ਲੋਕਾਂ ਨੇ ਮੌਕੇ ‘ਤੇ ਇਸ ਦਾ ਭਰਪੂਰ ਆਨੰਦ ਮਾਣਿਆਂ।

Check Also

ਕਰੋਨਾ ਦੇ ਕਹਿਰ ਦੌਰਾਨ ਓ.ਏ.ਐੱਸ. ਨਾ ਲੈਣ ਵਾਲਿਆਂ ਨੂੰ ਵਿੱਤੀ ਸਹਾਇਤਾ ਦਿਓ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼

ਬਰੈਂਪਟਨ/ਡਾ. ਝੰਡ ਐਸੋਸੀਏਸ਼ਨ ਆਫ਼ ਸੀਨੀਅਜ਼ ਕਲੱਬਜ਼ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਤੋਂ ਪ੍ਰਾਪਤ ਸੂਚਨਾ …