ਸਾਥੀ ਲੁਧਿਆਣਵੀ ਅਤੇ ਸੋਬਤੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ
ਬਰੈਂਪਟਨ/ਪਰਮਜੀਤ ਦਿਓਲ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਜਨਵਰੀ ਮਹੀਨੇ ਦੀ ਮੀਟਿੰਗ 26 ਜਨਵਰੀ ਨੂੰ ਸਪਰਿੰਗਡੇਲ ਲਾਇਬਰੇਰੀ ਵਿੱਚ ਭਰਵੇਂ ਇਕੱਠ ਵਿੱਚ ਸੰਪੰਨ ਹੋਈ। ਇਸ ਵਿੱਚ ਇੰਗਲੈਂਡ ਵਾਸੀ ਉੱਘੇ ਲੇਖਕ ਅਤੇ ਜਰਨਲਿਸਟ ਸਾਥੀ ਲੁਧਿਆਣਵੀ ਜੀ ਨੂੰ ਅਤੇ ਪੰਜਾਬ ਦੀ ਜੰਮਪਲ ਅਤੇ ਹਿੰਦੀ ਦੀ ਨਾਮਵਰ ਲੇਖਿਕਾ ਕ੍ਰਿਸ਼ਨਾ ਸੋਬਤੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਂਕਾਰਪ੍ਰੀਤ ਦੇ ਨਵੇਂ ਗ਼ਜਲ਼-ਸੰਗਹ੍ਰਿ, ‘ਆਪਣੀ ਛਾਂ ਦੇ ਸ਼ਬਦ’ ਉਤੇ ਗੋਸ਼ਟੀ ਕਰਵਾਈ ਗਈ।
ਗੁਰਦੇਵ ਮਾਨ ਨੇ ਸਾਥੀ ਲੁਧਿਆਣਵੀ ਬਾਰੇ ਬੋਲਦਿਆਂ ਕਿਹਾ ਕਿ ਜਿੱਥੇ ਉਹ ਵਧੀਆ ਲੇਖਕ ਅਤੇ ਪੱਤਰਕਾਰ ਸਨ ਓਥੇ ਬਹੁਤ ਹੀ ਮਿਲਣਸਾਰ ਅਤੇ ਮਜ਼ਾਕੀਆ ਸੁਭਾਅ ਦੇ ਵੀ ਸਨ। ਉਨ੍ਹਾਂ ਕਿਹਾ ਕਿ ਜਦੋਂ ਸਾਥੀ ਕਿਸੇ ਦੀ ਇੰਟਰਵਿਊ ਕਰਦਾ ਸੀ ਤਾਂ ਕਦੀ ਕਿਸੇ ਨਾਲ਼ ਲਿਹਾਜ਼ ਨਹੀਂ ਸੀ ਕਰਦਾ। ਉਨ੍ਹਾਂ ਸਾਥੀ ਜੀ ਦੀ ਇੱਕ ਗ਼ਜ਼ਲ ਵੀ ਸਾਂਝੀ ਕੀਤੀ।
ਵਰਿਆਮ ਸਿੰਘ ਸੰਧੂ ਨੇ ਕ੍ਰਿਸ਼ਨਾ ਸੋਬਤੀ ਬਾਰੇ ਬੋਲਦਿਆਂ ਦੱਸਿਆ ਕਿ ਕ੍ਰਿਸ਼ਨਾ ਸੋਬਤੀ ਨੇ ਹਿੰਦੀ ਸਾਹਿਤ ਵਿੱਚ ਉੱਚ ਪਾਏ ਦਾ ਸਾਹਿਤ ਰਚ ਕੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਦੇ ਨਾਵਲਾਂ ਨੂੰ ਗਿਆਨ-ਪੀਠ ਅਤੇ ਸਾਹਿਤ ਅਕੈਡਮੀ ਵਰਗੇ ਸਨਮਾਨਾਂ ਨਾਲ਼ ਨਿਵਜਿਆ ਗਿਆ ਓਥੇ ਉਨ੍ਹਾਂ ਨੇ ‘ਪਦਮ ਭੂਸ਼ਣ’ ਦੀ ਪੇਸ਼ਕਸ਼ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਲੇਖਕ ਨੂੰ ਸਥਾਪਤੀ ਤੋਂ ਪਰੇ ਰਹਿਣਾ ਚਾਹੀਦਾ ਹੈ।
ਕੁਲਵਿੰਦਰ ਖਹਿਰਾ ਨੇ ਕਾਫ਼ਲੇ ਵੱਲੋਂ ਉਨਟਾਰੀਓ ਦੇ ਸਕੂਲਾਂ ਵਿੱਚ ਪੰਜਾਬੀ ਬੋਲੀ ਲਾਗੂ ਕਰਵਾਏ ਜਾਣ ਦੇ ਮੁੱਦੇ ‘ਤੇ ਕਾਨਫ਼ਰੰਸ ਕਰਵਾਉਣ ਦਾ ਮਤਾ ਰੱਖਿਆ ਅਤੇ ਕਿਹਾ ਕਿ ਨਾ ਸਿਰਫ ਆਪਾਂ ਉਨਟਾਰੀਓ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਦੂਸਰੀ ਭਾਸ਼ਾ ਵਜੋਂ ਪੜ੍ਹਾਏ ਜਾਣ ਲਈ ਯਤਨ ਕਰਨ ਸਕਦੇ ਹਾਂ ਸਗੋਂ ਇਹ ਵੀ ਸਾਬਤ ਕਰ ਸਕਦੇ ਹਾਂ ਕਿ ਕਾਨਫ਼ਰੰਸ ਦਾ ਕੀ ਮਕਸਦ ਹੋਣਾ ਚਾਹੀਦਾ ਹੈ? ਉਨ੍ਹਾਂ ਦੀ ਗੱਲ ਦੀ ਪ੍ਰੋੜ੍ਹਤਾ ਕਰਦਿਆਂ ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਸਕੂਲਾਂ ਵਿੱਚ ਪੰਜਾਬੀ ਪੜ੍ਹਾਏ ਜਾਣ ਨਾਲ਼ ਪੰਜਾਬੀ ਦਾ ਭਵਿੱਖ ਹੋਰ ਮਜਬੂਤ ਹੋ ਸਕਦਾ ਹੈ। ਗੁਰਦੇਵ ਮਾਨ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਨੂੰ ਸਿਰਫ ਸਿੱਖਾਂ ਦੀ ਜ਼ੁਬਾਨ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਜਦਕਿ ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ ਅਤੇ ਇਹ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਪੰਜਾਬੀ ਕਿਸੇ ਇੱਕ ਫ਼ਿਰਕੇ ਨਹੀਂ ਬਲਕਿ ਪੰਜਾਬੀ ਕੌਮ ਦੀ ਬੋਲੀ ਹੈ ਤੇ ਪੰਜਾਬੀ ਕੌਮ ਵਿੱਚ ਸਾਰੇ ਹੀ ਫ਼ਿਰਕੇ ਆਉਂਦੇ ਨੇ। ਜਗੀਰ ਸਿੰਘ ਕਾਹਲ਼ੋਂ ਨੇ ਕਿਹਾ ਕਿ ਜਦੋਂ ਤੱਕ ਕੋਈ ਬੋਲੀ ਰੁਜ਼ਗਾਰ ਦਾ ਵਸੀਲਾ ਨਹੀਂ ਬਣਦੀ ਉਦੋਂ ਤੱਕ ਇਸ ਬਾਰੇ ਕੁਝ ਕਹਿਣਾ ਨਾਮੁਮਕਿਨ ਹੈ। ਡਾ. ਨਾਹਰ ਸਿੰਘ ਨੇ ਕਿਹਾ ਕਿ ਪੰਜਾਬੀ ਦੀ ਗਰੈਮਰ ਬੁਨਿਆਦੀ ਤੌਰ ‘ਤੇ ਬਦਲ ਰਹੀ ਹੈ ਅਤੇ ਮਾਂ-ਬੋਲੀ ਦਾ ਸੰਕਲਪ ਵੀ ਬਦਲ ਗਿਆ ਹੈ। ਵਰਿਆਮ ਸਿੰਘ ਸੰਧੂ ਨੇ ਤਨਜ਼ੀਆ ਲਹਿਜ਼ੇ ਵਿੱਚ ਆਖਿਆ ਕਿ ਅੱਜ ਕੱਲ੍ਹ ਦੀਆਂ ਪੰਜਾਬੀ ਮਾਵਾਂ ਆਪਣੇ ਬੱਚਿਆਂ ਨੂੰ ਪੰਜਾਬੀ ਵਿੱਚ ਲੋਰੀਆਂ ਨਹੀਂ ਦਿੰਦੀਆਂ ਜਿਸ ਕਰਕੇ ‘ਮਾਂ-ਬੋਲੀ’ ਦਾ ਸੰਕਲਪ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਨਫ਼ਰੰਸ ਦਾ ਮੁੱਦਾ ਰੀਸਰਚ ਵਰਕ ਦਾ ਮੁੱਦਾ ਹੈ ਤੇ ਕਾਨਫ਼ਰੰਸ ਤੋਂ ਪਹਿਲਾਂ ਲੋੜੀਂਦੀ ਖੋਜ ਹੋਣੀ ਬਹੁਤ ਜ਼ਰੂਰੀ ਹੈ। ਇਸਦੇ ਨਾਲ਼ ਨਾਲ਼ ਬਲਦੇਵ ਦੂਹੜੇ, ਕੁਲਦੀਪ ਕੌਰ ਗਿੱਲ, ਅਤੇ ਤਾਰਾ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ।
ਉਂਕਾਰਪ੍ਰੀਤ ਦੇ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗਹ੍ਰਿ ‘ਆਪਣੀ ਛਾਂ ਦੇ ਸ਼ਬਦ’ ਉਤੇ ਭਰਪੂਰ ਗੋਸ਼ਟੀ ਹੋਈ। ਵਰਿਆਮ ਸਿੰਘ ਸੰਧੂ ਨੇ ਇਸ ਪੁਸਤਕ ‘ਤੇ ਗੱਲ ਕਰਦਿਆਂ ਕਿਹਾ ਕਿ ਸਾਹਿਤ ਉਹ ਝਰੋਖਾ ਹੈ ਜਿਸ ਥਾਣੀਂ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਸ਼ਬਦ ਸਾਹਿਤਕ ਛਾਂ ਦੇਣ ਵਾਲ਼ੀ ਚੀਜ਼ ਹੈ, ਇਹ ਤੁਹਾਡੇ ਦੁੱਖਾਂ ਸੁੱਖਾਂ ਦੀ ਬਾਤ ਪਾਉਂਦੀ ਹੈ। ਜਿਸ ਨੂੰ ਸ਼ਬਦ ਦਾ ਗਿਆਨ ਨਹੀਂ, ਵਿਧਾ ਦਾ ਗਿਆਨ ਨਹੀਂ, ਉਹ ਉਸ ਪਾਏ ਦੀ ਗੱਲ ਨਹੀਂ ਕਰ ਸਕਦਾ ਜਿਸ ਪਾਏ ਦੀ ਉਂਕਾਰਪ੍ਰੀਤ ਕਰਦਾ ਹੈ। ਭੁਪਿੰਦਰ ਦੁਲੈ ਨੇ ਉਂਕਾਰਪ੍ਰੀਤ ਨੂੰ ‘ਛਾਂ ਵਿੱਚ ਘੁਲ਼ਦਾ ਖ਼ੂਬਸੂਰਤ ਸ਼ਾਇਰ’ ਆਖਿਆ। ਉਨ੍ਹਾਂ ਕਿਹਾ ਕਿ ਉਂਕਾਰਪ੍ਰੀਤ ਦੀ ਸ਼ਾਇਰੀ ਲੰਬੀ ਸਾਧਨਾ ਦੀ ਉਪਜ ਹੈ। ਉਂਕਾਰਪ੍ਰੀਤ ਨੇ ਰਵਾਇਤੀ ਵਿਸ਼ਿਆਂ ਤੋਂ ਉੱਪਰ ਉੱਠ ਕੇ ਅਲੱਗ ਦ੍ਰਿਸ਼ਟੀਕੋਣ ਤੋਂ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਉਂਕਾਰਪ੍ਰੀਤ ਦੀਆਂ ਗ਼ਜ਼ਲਾਂ ਦੇ ਮਤਲੇ ਮੈਨੂੰ ਬਹੁਤ ਟੁੰਬਦੇ ਨੇ ਤੇ ਉਂਕਾਰਪ੍ਰੀਤ ਨੇ ਆਪਣੇ ਉਸਤਾਦ ਉਲਫ਼ਤ ਬਾਜਵਾ ਵਾਂਗ ਹੀ ਰਦੀਫ਼ਾਂ ਨੂੰ ਬਹੁਤ ਖ਼ੂਬਸੂਰਤੀ ਨਾਲ਼ ਨਿਭਾਇਆ ਹੈ।
ਜਰਨੈਲ ਸਿੰਘ ਕਹਾਣੀਕਾਰ ਨੇ ‘ਆਪਣੀ ਛਾਂ ਦੇ ਸ਼ਬਦ’ ਵਿਚਲੀਆਂ ਗ਼ਜ਼ਲਾਂ ਦੇ ਖ਼ੂਬਸੂਰਤ ਵਿਸ਼ੇ ਤੇ ਵਸਤੂ ਬਾਰੇ ਬੋਲਦਿਆਂ ਆਖਿਆ ਕਿ ਉਂਕਾਰਪ੍ਰੀਤ ਆਪਣੀ ਲਿਖਤ ਵਿੱਚ ਸਮੋਇਆ ਹੋਇਆ ਹੁੰਦਾ ਹੈ ਤੇ ਜਿਉਂ ਜਿਉਂ ਉਸਦੀ ਸ਼ਾਇਰੀ ਨੂੰ ਪੜ੍ਹਦੇ ਹਾਂ ਤਿਵੇਂ ਤਿਵੇਂ ਆਨੰਦ ਵਧਦਾ ਜਾਂਦਾ ਹੈ। ਉਂਕਾਰਪ੍ਰੀਤ ਨੇ ਸਭ ਬੁਲਾਰਿਆਂ ਦਾ ਧੰਨਵਾਦ ਕੀਤਾ।
ਅਖੀਰ ਵਿੱਚ ਇਕਬਾਲ ਬਰਾੜ ਨੇ ‘ਕਾਂ ਚਿੜੀ ਦੀ ਬਾਤ ਨਾ ਸੀ ਜ਼ਿੰਦਗੀ’ ਅਤੇ ਸ਼ਿਵਰਾਜ ਸਨੀ ਨੇ ਉਂਕਾਰਪ੍ਰੀਤ ਦੀ ਗ਼ਜ਼ਲ ‘ਬਾਜ਼ਾਰ ਤਾਂ ਉਡੀਕੇ ਮੂੰਹ ਮੰਗੇ ਦਾਮ ਲੈ ਕੇ’ ਖ਼ੂਬਸੂਰਤ ਤਰੰਨਮ ਵਿੱਚ ਪੇਸ਼ ਕੀਤੀਆਂ ਜਦਕਿ ਸਮੇਂ ਦੀ ਘਾਟ ਕਾਰਨ ਬਹੁਤ ਸਾਰੇ ਹਾਜ਼ਰ ਕਵੀ ਕਲਾਮ ਨਾ ਸੁਣਾ ਸਕੇ। ਹਾਜ਼ਰ ਲੇਖਕਾਂ ਅਤੇ ਸਰਤਿਆਂ ਵਿੱਚ ਕਮਲਜੀਤ ਨੱਤ, ਸੁਰਿੰਦਰ ਖਹਿਰਾ, ਕੁਲਦੀਪ ਕੌਰ ਗਿੱਲ, ਤਰਲੋਚਨ ਸਿੰਘ ਗਿੱਲ, ਸੁਰਿੰਦਰ ਕੌਰ ਮਾਨ, ਗਿਆਨ ਸਿੰਘ ਦਰਦੀ, ਗੁਰਦਿਆਲ ਸਿੰਘ ਬੱਲ, ਬਲਰਾਜ ਦਿਓਲ, ਸਤਨਾਮ ਸੰਧੂ, ਆਸ਼ਿਕ ਰਹੀਲ, ਹਰਸਿਮਰਨ ਕੌਰ, ਜਸਵਿੰਦਰ ਸਿੰਘ, ਮਨਮੋਹਨ ਗੁਲਾਟੀ, ਗੁਰਦਾਸ ਮਿਨਹਾਸ, ਅਮਰਜੀਤ ਕੌਰ ਮਿਨਹਾਸ, ਸੁੱਚਾ ਸਿੰਘ ਮਾਂਗਟ, ਸੁਰਜੀਤ ਕੌਰ, ਪਿਆਰਾ ਸਿੰਘ ਕੁੱਦੋਵਾਲ਼, ਬਲਵੀਰ ਖੰਗੂਰਾ, ਹਰਪਾਲ ਧਾਲੀਵਾਲ਼, ਅਤੇ ਕੇਵਲ ਕ੍ਰਿਸ਼ਨ, ਆਦਿ ਸ਼ਾਮਿਲ ਸਨ। ਸਟੇਜ ਦੀ ਕਾਰਵਾਈ ਕੁਲਵਿੰਦਰ ਖਹਿਰਾ ਵੱਲੋਂ ਨਿਭਾਈ ਗਈ ਜਦਕਿ ਮੀਟਿੰਗ ਦੇ ਸਾਰੇ ਪ੍ਰਬੰਧਕੀ ਕੰਮਾਂ ਨੂੰ ਮਨਮੋਹਨ ਗੁਲਾਟੀ ਅਤੇ ਬ੍ਰਜਿੰਦਰ ਗੁਲਾਟੀ ਨੇ ਬਹੁਤ ਖ਼ੂਬਸੂਰਤੀ ਨਾਲ਼ ਨਿਭਾਇਆ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …