Breaking News
Home / ਭਾਰਤ / ਦੀਪ ਸਿੱਧੂ ਨੂੰ ਦਿੱਲੀ ਪੁਲਿਸ ਨੇ ਕਰਨਾਲ ਤੋਂ ਕੀਤਾ ਗ੍ਰਿਫਤਾਰ

ਦੀਪ ਸਿੱਧੂ ਨੂੰ ਦਿੱਲੀ ਪੁਲਿਸ ਨੇ ਕਰਨਾਲ ਤੋਂ ਕੀਤਾ ਗ੍ਰਿਫਤਾਰ

ਅਦਾਲਤ ਨੇ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਨਵੀਂ ਦਿੱਲੀ : ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਨਾਮਜ਼ਦ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਉਸ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਦੀ ਮੈਟਰੋਪੁਲੀਟਨ ਮੈਜਿਸਟ੍ਰੇਟ ਪ੍ਰਗਿਆ ਗੁਪਤਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਦੀਪ ਸਿੱਧੂ ਨੂੰ 7 ਦਿਨ ਦੀ ਪੁਲਿਸ ਹਿਰਾਸਤ ‘ਚ ਭੇਜ ਦਿੱਤਾ। ਅਦਾਲਤ ਵਲੋਂ 7 ਦਿਨਾਂ ਦਾ ਰਿਮਾਂਡ ਦੇਣ ਤੋਂ ਬਾਅਦ ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਅੱਗੇ ਵੀ ਦੀਪ ਸਿੱਧੂ ਦੇ ਰਿਮਾਂਡ ਦੀ ਜ਼ਰੂਰਤ ਹੋ ਸਕਦੀ ਹੈ ਕਿਉਂਕਿ ਪੁਲਿਸ ਨੇ ਉਸ ਦੇ ਸੋਸ਼ਲ ਮੀਡੀਆ ਦੀ ਪੜਤਾਲ ਵੀ ਕਰਨੀ ਹੈ ਅਤੇ ਜਾਂਚ ਦੇ ਮਾਮਲੇ ‘ਚ ਉਸ ਨੂੰ ਪੰਜਾਬ ਅਤੇ ਹਰਿਆਣਾ ਵੀ ਲੈ ਕੇ ਜਾਣਾ ਹੈ। ਅਦਾਲਤ ‘ਚ ਪੁਲਿਸ ਨੇ ਦੀਪ ਸਿੱਧੂ ਦੇ 10 ਦਿਨਾਂ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ, ਜਦਕਿ ਉਸ ਦੇ ਵਕੀਲ ਵਲੋਂ ਪੁਲਿਸ ਹਿਰਾਸਤ ਦੀ ਮੰਗ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਰਿਮਾਂਡ ਦੀ ਜ਼ਰੂਰਤ ਨਹੀਂ ਹੈ। ਦਿੱਲੀ ਪੁਲਿਸ ਦੇ ਡੀ.ਸੀ.ਪੀ. (ਵਿਸ਼ੇਸ਼ ਸੈੱਲ) ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਦੀਪ ਸਿੱਧੂ ਨੂੰ ਪੁਲਿਸ ਦੇ ਵਿਸ਼ੇਸ਼ ਸੈੱਲ ਦੀ ਟੀਮ ਨੇ ਕਰਨਾਲ ਬਾਈਪਾਸ ਤੋਂ ਸੋਮਵਾਰ ਰਾਤ 10:40 ਵਜੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅਪਰਾਧ ਸ਼ਾਖਾ ਉਸ ਦੀ ਭੂਮਿਕਾ ਦੀ ਜਾਂਚ ਕਰੇਗੀ। ਪੁਲਿਸ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਲਈ ਇਕ ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਦੀਪ ਸਿੱਧੂ ਕੈਲੀਫੋਰਨੀਆ ‘ਚ ਰਹਿੰਦੀ ਇਕ ਔਰਤ ਦੇ ਸੰਪਰਕ ਵਿਚ ਸੀ। ਉਹ ਆਪਣੀ ਵੀਡੀਓ ਬਣਾ ਕੇ ਉਸ ਨੂੰ ਭੇਜਦਾ ਸੀ ਜੋ ਉਨ੍ਹਾਂ ਨੂੰ ਉਸ ਦੇ ਫੇਸਬੁੱਕ ਅਕਾਊਾਟ ‘ਤੇ ਅਪਲੋਡ ਕਰਦੀ ਸੀ। ਦੀਪ ਸਿੱਧੂ ਗ੍ਰਿਫਤਾਰੀ ਤੋਂ ਬਚਣ ਲਈ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ। ਪੁਲਿਸ ਮੁਤਾਬਿਕ ਸਪੈਸ਼ਲ ਸੈੱਲ ਨੇ ਬਿਹਾਰ, ਮੁੰਬਈ, ਰਾਂਚੀ, ਹਿਮਾਚਲ ਪ੍ਰਦੇਸ਼ ਤੇ ਪੰਜਾਬ ‘ਚ ਲਗਾਤਾਰ ਛਾਪਾਮਾਰੀ ਕੀਤੀ ਸੀ ਤਦ ਜਾ ਕੇ ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਸਕੀ। ਇਸ ਮਾਮਲੇ ‘ਚ ਇਕ ਹੋਰ ਆਰੋਪੀ ਸੁਖਦੇਵ ਸਿੰਘ ਨੂੰ ਅਦਾਲਤ ਨੇ 19 ਫਰਵਰੀ ਤੱਕ ਨਿਆਂਇਕ ਹਿਰਾਸਤ ‘ਚ ਭੇਜਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਨੂੰ ਦਿੱਲੀ ਪੁਲਿਸ ਨੇ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਦਿੱਲੀ ਹਿੰਸਾ ਦੇ ਮਾਮਲੇ ‘ਚ ਨਾਮਜ਼ਦ ਇਕਬਾਲ ਸਿੰਘ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ
ਨਵੀਂ ਦਿੱਲੀ : 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਨਾਮਜ਼ਦ ਇਕਬਾਲ ਸਿੰਘ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਇਕਬਾਲ ਸਿੰਘ ਦੀ ਗ੍ਰਿਫ਼ਤਾਰੀ ਹੁਸ਼ਿਆਰਪੁਰ ਜ਼ਿਲ੍ਹੇ ਵਿਚੋਂ ਲੰਘੀ ਰਾਤ ਹੋਈ ਹੈ, ਜੋ ਇਕ ਕਥਾਵਾਚਕ ਵੀ ਹੈ। ਦਿੱਲੀ ਪੁਲਿਸ ਨੇ ਹਿੰਸਾ ਦੇ ਮਾਮਲੇ ‘ਚ ਇਕਬਾਲ ਸਿੰਘ ‘ਤੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਹੀ ਦਿੱਲੀ ਪੁਲਿਸ ਨੇ ਦੀਪ ਸਿੱਧੂ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਦੀਪ ਸਿੱਧੂ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਹੈ। ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਗਾਇਕ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਟਰੈਕਟਰ ਪਰੇਡ ਤੋਂ ਬਾਅਦ ਅਜੇ ਵੀ 24 ਕਿਸਾਨ ਲਾਪਤਾ
ਕਿਸੇ ਦਾ ਭਰਾ ਅਤੇ ਕਿਸੇ ਦਾ ਬੇਟਾ ਹੈ ਲਾਪਤਾ
ਸੋਨੀਪਤ : 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਨਵੀਂ ਦਿੱਲੀ ਵਿਚ ਟਰੈਕਟਰ ਪਰੇਡ ਕੀਤੀ ਸੀ। ਇਸ ਪਰੇਡ ਦੌਰਾਨ ਦਿੱਲੀ ਵਿਚ ਹੋਏ ਬਵਾਲ ਤੋਂ ਬਾਅਦ ਕਰੀਬ 24 ਕਿਸਾਨ ਅਜੇ ਵੀ ਲਾਪਤਾ ਹਨ। ਸੰਯੁਕਤ ਕਿਸਾਨ ਮੋਰਚੇ ਨੇ ਉਨ੍ਹਾਂ ਲਾਪਤਾ ਕਿਸਾਨਾਂ ਦੀ ਸੂਚੀ ਬਣਾਈ ਹੈ ਅਤੇ ਉਨ੍ਹਾਂ ਦੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਲਾਪਤਾ ਕਿਸਾਨਾਂ ਦੀ ਭਾਲ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਭਟਕ ਰਹੇ ਹਨ ਅਤੇ ਉਹ ਕਦੇ ਪੁਲਿਸ ਕੋਲ ਜਾਂਦੇ ਹਨ ਅਤੇ ਕਦੇ ਅਫਸਰਾਂ ਕੋਲ ਜਾ ਕੇ ਆਪਣੇ ਦੁੱਖੜੇ ਦੱਸ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਲਾਪਤਾ ਕਿਸਾਨਾਂ ਵਿਚੋਂ ਕਈ ਅਜਿਹੇ ਵੀ ਹਨ, ਜਿਹੜੇ ਆਪਣੇ ਪਰਿਵਾਰ ਦਾ ਇਕਲੌਤਾ ਹੀ ਸਹਾਰਾ ਹਨ। ਧਿਆਨ ਰਹੇ ਕਿ ਦਿੱਲੀ ਪੁਲਿਸ ਨੇ 115 ਕਿਸਾਨਾਂ ਦੀ ਸੂਚੀ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਨੂੰ ਸੌਂਪੀ ਸੀ।

Check Also

ਸੁਪਰੀਮ ਕੋਰਟ ਨੇ ਪਤੰਜਲੀ ਕੋਲੋਂ ਮੁਆਫੀਨਾਮੇ ਦੀ ਅਸਲੀ ਕਾਪੀ ਮੰਗੀ

ਅਦਾਲਤ ਨੇ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਦੀ ਵੀ ਕੀਤੀ ਖਿਚਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ ਗੁੰਮਰਾਹਕੁੰਨ …