ਪ੍ਰਨੀਤ ਕੌਰ ਨੇ ਕਿਹਾ – ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣ ਲਈ ਲਿਆਂਦੀ ਜਾਵੇਗੀ ਤਜਵੀਜ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲੋਕ ਸਭਾ ‘ਚ ਪ੍ਰਾਈਵੇਟ ਮੈਂਬਰਜ਼ ਬਿੱਲ ਲਿਆਂਦਾ ਜਾਵੇਗਾ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਮਨਸੂਖ ਕਰਵਾਉਣ ਲਈ ਇਹ ਤਜਵੀਜ਼ ਲਿਆਂਦੀ ਜਾਵੇਗੀ। ਨਵੀਂ ਦਿੱਲੀ ਦੇ ਪੰਜਾਬ ਭਵਨ ‘ਚ ਪੰਜਾਬ ਦੇ ਹੋਰ ਕਾਂਗਰਸੀ ਸੰਸਦ ਮੈਂਬਰਾਂ ਨਾਲ ਮਿਲ ਕੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਸਾਰੇ ਲੋਕ ਸਭਾ ਦੇ ਸਪੀਕਰ ਨੂੰ ਮਿਲ ਕੇ ਵੀ ਬੇਨਤੀ ਕਰਨਗੇ ਕਿ ਉਹ ‘ਰੀਪੀਲਿੰਗ ਐਂਡ ਅਮੈਂਡਿੰਗ ਐਕਟ 2021’ ਲਿਆਉਣ ਅਤੇ ਇਸ ਉਪਰ ਚਰਚਾ ਕਰਨ ਦੀ ਪਹਿਲ ਦੇ ਆਧਾਰ ‘ਤੇ ਮਨਜ਼ੂਰੀ ਦਿੱਤੀ ਜਾਵੇ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਉਮੀਦ ਜਤਾਈ ਕਿ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਨੇ ਖੇਤੀ ਕਾਨੂੰਨ ਰੱਦ ਕਰਨ ਲਈ ਐਕਟ ਪਾਸ ਕੀਤਾ ਹੈ, ਉਸੇ ਤਰ੍ਹਾਂ ਇਸ ਬਿੱਲ ਨੂੰ ਹੋਰ ਮੈਂਬਰਾਂ ਦਾ ਸਹਿਯੋਗ ਵੀ ਮਿਲੇਗਾ ਅਤੇ ਇਹ ਸੰਸਦ ‘ਚ ਪਾਸ ਹੋ ਜਾਵੇਗਾ। ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਸੰਵਿਧਾਨਕ ਕਦਰਾਂ-ਕੀਮਤਾਂ ਤੇ ਮਾਨਤਾਵਾਂ ਨੂੰ ਖ਼ਤਮ ਕਰਨ ਦਾ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਕਿਹਾ, ”ਸਾਡਾ ਸੰਵਿਧਾਨ ਆਪਣੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਬਣਾਇਆ ਗਿਆ ਸੀ। ਇਹ ਬਿੱਲ ਇਸ ਲਈ ਲਿਆਂਦਾ ਜਾ ਰਿਹਾ ਹੈ ਤਾਂ ਜੋ ਸਾਡੇ ਸੰਵਿਧਾਨ ਨੂੰ ਕੁਚਲਿਆ ਨਾ ਜਾ ਸਕੇ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਮਾਇਤ ਦਿੱਤੀ ਜਾ ਸਕੇ।” ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਮਾਇਤ ਦੇਣ ਅਤੇ ਉਨ੍ਹਾਂ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕਰਨ ਲਈ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਵੀ ਦਿੱਲੀ ‘ਚ ਧਰਨਾ ਦਿੱਤਾ ਹੋਇਆ ਹੈ ਪਰੰਤੂ ਕੇਂਦਰ ਸਰਕਾਰ, ਕਿਸਾਨਾਂ ਨੂੰ ਅਣਗੌਲਿਆ ਕਰਦਿਆਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਵੀ ਅੰਨ੍ਹੀ ਅਤੇ ਬੋਲੀ ਬਣੀ ਹੋਈ ਹੈ। ਰਾਜ ਸਭਾ ‘ਚ ਵੀ ਅਜਿਹਾ ਬਿੱਲ ਲਿਆਉਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਉਪਰਲੇ ਸਦਨ ਦੇ ਮੈਂਬਰਾਂ ਨੂੰ ਇਹ ਬਿੱਲ ਲਿਆਉਣ ਦੀ ਬੇਨਤੀ ਕਰਨਗੇ।
Check Also
ਸੁਪਰੀਮ ਕੋਰਟ ਨੇ ਕਰੋਨਾ ਵੈਕਸੀਨ ਦੇ ਸਾਈਡ ਇਫੈਕਟਾਂ ਦੇ ਆਰੋਪਾਂ ਵਾਲੀ ਪਟੀਸ਼ਨ ਕੀਤੀ ਖਾਰਜ
ਕਿਹਾ : ਜੇਕਰ ਕਰੋਨਾ ਵੈਕਸੀਨ ਨਾ ਲੈਂਦੇ ਤਾਂ ਸਾਡਾ ਕੀ ਹਾਲ ਹੁੰਦਾ ਨਵੀਂ ਦਿੱਲੀ/ਬਿਊਰੋ ਨਿਊਜ਼ …