ਜੀਕੇ ਨੇ ਕਿਹਾ, ਅਦਾਲਤ ‘ਚ ਦੇਖ ਲਵਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਆਪਣੇ ਖਿਲਾਫ ਅਪਮਾਨਜਨਕ ਅਤੇ ਗਲਤ ਦੋਸ਼ ਲਾਉਣ ਦੇ ਮਾਮਲੇ ਵਿਚ ਨੋਟਿਸ ਭੇਜਿਆ ਹੈ।ઠਟਾਈਟਲਰ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ.ਨੂੰ ਨੋਟਿਸ ਭੇਜਿਆ ਹੈ। ਦੂਜੇ ਪਾਸੇ ਟਾਈਟਲਰ ਵਲੋਂ ਭੇਜੇ ਗਏ ਕਾਨੂੰਨੀ ਨੋਟਿਸ ‘ਤੇ ਮਨਜੀਤ ਸਿੰਘ ਜੀ.ਕੇ. ਨੇ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਮੁਆਫੀ ਨਹੀਂ ਮੰਗਾਂਗਾ ਅਤੇ ਨਾ ਹੀ ਕਿਸੇ ਨੋਟਿਸ ਦਾ ਜਵਾਬ ਦਿਆਂਗਾ। ਟਾਈਟਲਰ ਨੇ ਜੋ ਕਰਨਾ ਹੋਵੇਗਾ ਉਹ ਅਦਾਲਤ ਵਿਚ ਦੇਖ ਲਵਾਂਗੇ। ਜ਼ਿਕਰਯੋਗ ਹੈ ਕਿ ਟਾਈਟਲਰ ਵਲੋਂ ਦਿੱਤੇ ਨੋਟਿਸ ਵਿਚ 7 ਦਿਨਾਂ ਅੰਦਰ ਲਿਖਤੀ ਰੂਪ ਵਿਚ ਮਾਫੀ ਮੰਗਣ ਲਈ ਕਿਹਾ ਗਿਆ ਹੈ।