Breaking News
Home / ਭਾਰਤ / ਕਠੂਆ ਜਬਰ ਜਨਾਹ ਮਾਮਲੇ ‘ਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ

ਕਠੂਆ ਜਬਰ ਜਨਾਹ ਮਾਮਲੇ ‘ਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ

ਤਿੰਨ ਹੋਰਾਂ ਨੂੰ 5-5 ਸਾਲ ਦੀ ਸਜ਼ਾ; ਮੁੱਖ ਮੁਲਜ਼ਮ ਦੇ ਪੁੱਤਰ ਨੂੰ ਸ਼ੱਕ ਦੇ ਅਧਾਰ ‘ਤੇ ਮਿਲੀ ਰਿਹਾਈ
ਪਠਾਨਕੋਟ : ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਜੰਮੂ ਤੇ ਕਸ਼ਮੀਰ ਦੇ ਕਠੂਆ ਵਿੱਚ ਖ਼ਾਨਾਬਦੋਸ਼ ਪਰਿਵਾਰ ਨਾਲ ਸਬੰਧਤ ਅੱਠ ਸਾਲਾ ਲੜਕੀ ਨਾਲ ਸਮੂਹਕ ਜਬਰ-ਜਨਾਹ ਤੇ ਮਗਰੋਂ ਹੱਤਿਆ ਦੇ ਮਾਮਲੇ ਵਿੱਚ ਤਿੰਨ ਮੁੱਖ ਮੁਲਜ਼ਮਾਂ ਨੂੰ ਉਮਰ ਕੈਦ ਜਦੋਂ ਕਿ ਸਬੂਤਾਂ ਨੂੰ ਮਿਟਾਉਣ ਦੇ ਦੋਸ਼ ਵਿੱਚ ਤਿੰਨ ਹੋਰਨਾਂ ਨੂੰ ਪੰਜ-ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਸੈਸ਼ਨ ਕੋਰਟ ਨੇ ਇਸ ਖ਼ੌਫ਼ਨਾਕ ਕਾਰੇ ਦੀ ਸਾਜ਼ਿਸ਼ ਘੜਨ ਵਾਲੇ ਮੁੱਖ ਮੁਲਜ਼ਮ ਸਾਂਝੀ ਰਾਮ ਦੇ ਪੁੱਤਰ ਵਿਸ਼ਾਲ ਜੰਗੋਤਰਾ ਨੂੰ ‘ਸ਼ੱਕ ਦਾ ਲਾਹਾ’ ਦਿੰਦਿਆਂ ਰਿਹਾਅ ਕਰ ਦਿੱਤਾ ਹੈ। ਲਗਪਗ ਇਕ ਸਾਲ ਦੀ ਸੁਣਵਾਈ ਦੌਰਾਨ ਸ਼ੈਸ਼ਨ ਕੋਰਟ ਨੇ ਛੇ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਬਚਾਅ ਪੱਖ ਦੇ ਐਡਵੋਕੇਟ ਹਰੀਸ਼ ਪਠਾਨੀਆ ਨੇ ਕਿਹਾ ਕਿ ਉਹ ਇਸ ਫ਼ੈਸਲੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕਰਨਗੇ। ਇਸ ਦੌਰਾਨ ਪੀੜਤ ਬੱਚੀ ਦੇ ਪਿਤਾ ਨੇ ਕਿਹਾ ਕਿ ਉਹ ਫ਼ੈਸਲੇ ਤੋਂ ਨਿਰਾਸ਼ ਹਨ ਕਿਉਂਕਿ ਉਨ੍ਹਾਂ ਨੂੰ ਮੁਲਜ਼ਮਾਂ ਲਈ ਫ਼ਾਂਸੀ ਦੀ ਸਜ਼ਾ ਦੀ ਆਸ ਸੀ। ਉਨ੍ਹਾਂ ਸੱਤਵੇਂ ਮੁਲਜ਼ਮ ਨੂੰ ਰਿਹਾਅ ਕੀਤੇ ਜਾਣ ‘ਤੇ ਵੀ ਨਾਖੁਸ਼ੀ ਜਤਾਈ। ਸੈਸ਼ਨ ਜੱਜ ਡਾ. ਤੇਜਵਿੰਦਰ ਸਿੰਘ ਨੇ ਸੋਮਵਾਰ ਸਵੇਰੇ 11 ਵਜੇ ਫੈਸਲਾ ਸੁਣਾਉਣਾ ਸ਼ੁਰੂ ਕੀਤਾ ਤੇ ਪਹਿਲੇ ਪੜਾਅ ਵਿੱਚ ਛੇ ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ। ਸਜ਼ਾ ਦਾ ਐਲਾਨ ਸ਼ਾਮ ਨੂੰ 5 ਵਜੇ ਸਾਰੇ ਮੁਲਜ਼ਮਾਂ ਤੇ ਐਡਵੋਕੇਟਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਅਦਾਲਤ ਨੇ ਜਿਨ੍ਹਾਂ 6 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਉਨ੍ਹਾਂ ਵਿੱਚ ਗ੍ਰਾਮ ਪ੍ਰਧਾਨ ਸਾਂਝੀ ਰਾਮ (ਸੇਵਾਮੁਕਤ ਤਹਿਸੀਲਦਾਰ), ਸਪੈਸ਼ਲ ਪੁਲਿਸ ਅਫਸਰ ਦੀਪਕ ਖਜੂਰੀਆ, ਰਸਾਨਾ ਪਿੰਡ ਵਾਸੀ ਪਰਵੇਸ਼ ਕੁਮਾਰ, ਹੈੱਡ ਕਾਂਸਟੇਬਲ ਤਿਲਕ ਰਾਜ, ਸਹਾਇਕ ਸਬ ਇੰਸਪੈਕਟਰ ਆਨੰਦ ਦੱਤਾ, ਸਪੈਸ਼ਲ ਪੁਲਿਸ ਅਫਸਰ ਸੁਰਿੰਦਰ ਕੁਮਾਰ ਸ਼ਾਮਲ ਹਨ। ਸਾਂਝੀ ਰਾਮ ਦੇ ਪੁੱਤਰ ਵਿਸ਼ਾਲ ਜੰਗੋਤਰਾ ਨੂੰ ਅਦਾਲਤ ਨੇ ਸਮੂਹਿਕ ਬਲਾਤਕਾਰ ਵਿੱਚ ਸ਼ਾਮਲ ਨਾ ਹੋਣ ਅਤੇ ਉਸ ਦਿਨ ਮੇਰਠ ਯੂਨੀਵਰਸਿਟੀ ਵਿੱਚ ਪੇਪਰ ਦੇਣ ਤੇ ਉਥੋਂ ਦੀ ਇੱਕ ਏਟੀਐਮ ਮਸ਼ੀਨ ਵਿੱਚੋਂ ਪੈਸੇ ਕਢਵਾਉਣ ਦੇ ਸਬੂਤ ਮਿਲਣ ਕਰਕੇ ਬਰੀ ਕਰ ਦਿੱਤਾ।
ਜੰਮੂ-ਕਸ਼ਮੀਰ ਦੀ ਅਪਰਾਧ ਸ਼ਾਖਾ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਚਾਰਜਸ਼ੀਟ ਅਨੁਸਾਰ ਮੁੱਖ ਮੁਲਜ਼ਮ ਸਾਂਝੀ ਰਾਮ ਨੇ ਆਪਣੇ ਬੇਟੇ ਵਿਸ਼ਾਲ ਜੰਗੋਤਰਾ ਨੂੰ ਜਬਰ-ਜਨਾਹ ਦੇ ਮਾਮਲੇ ਵਿੱਚੋਂ ਕੱਢਣ ਲਈ ਸਾਰੀ ਸਾਜ਼ਿਸ਼ ਰਚੀ ਸੀ ਅਤੇ ਉਸ ਨੇ ਆਪਣੇ ਭਾਣਜੇ ਸ਼ੁਭਮ ਸਾਂਗਰਾ ਨੂੰ ਬਚਾਉਣ ਲਈ ਪੁਲਿਸ ਅਫਸਰਾਂ ਨੂੰ ਰਿਸ਼ਵਤ ਦਿੱਤੀ। ਉਨ੍ਹਾਂ ਨੇ ਮਾਮਲੇ ਵਿੱਚ ਸਬੂਤਾਂ ਨੂੰ ਨਸ਼ਟ ਕਰਨ ਵਿੱਚ ਭੂਮਿਕਾ ਨਿਭਾਈ। ਪੀੜਤ ਪਰਿਵਾਰ ਦੇ ਵਕੀਲ ਸੰਤੋਖ ਸਿੰਘ ਨੇ ਕਿਹਾ ਕਿ ਦੇਵਸਥਾਨਮ ਮੰਦਿਰ (ਜਿੱਥੇ ਅਪਰਾਧ ਹੋਇਆ ਸੀ) ਦੇ ਨਿਗਰਾਨ ਸਾਂਝੀ ਰਾਮ, ਵਿਸ਼ੇਸ਼ ਪੁਲਿਸ ਅਧਿਕਾਰੀ ਦੀਪਕ ਖਜੂਰੀਆ ਤੇ ਇਕ ਆਮ ਨਾਗਰਿਕ ਪਰਵੇਸ਼ ਕੁਮਾਰ ਨੂੰ ਅਪਰਾਧਿਕ ਸਾਜ਼ਿਸ਼, ਕਤਲ, ਅਗਵਾ, ਸਮੂਹਕ ਬਲਾਤਕਾਰ, ਸਬੂਤਾਂ ਨੂੰ ਨਸ਼ਟ ਕਰਨ, ਪੀੜਤ ਨੂੰ ਨਸ਼ਾ ਦੇ ਕੇ ਬੇਸੁੱਧ ਰੱਖਣ ਤੇ ਸਾਂਝੇ ਇਰਾਦੇ ਨਾਲ ਸਬੰਧਤ ਰਣਬੀਰ ਪੀਨਲ ਕੋਡ (ਆਰਪੀਸੀ) ਦੀਆਂ ਧਾਰਾਵਾਂ ਤਹਿਤ ਸਜ਼ਾ ਸੁਣਾਈ ਗਈ ਹੈ। ਸਿੰਘ ਨੇ ਹਾਲਾਂਕਿ ਮੁਜਰਮਾਂ ਲਈ ਫਾਂਸੀ ਦੀ ਸਜ਼ਾ ਮੰਗੀ ਸੀ। ਅਪਰਾਧਿਕ ਸਾਜ਼ਿਸ਼ ਤੇ ਕਤਲ ਲਈ ਤਿੰਨਾਂ ਨੂੰ ਉਮਰ ਕੈਦ ਦੇ ਨਾਲ ਇਕ ਇਕ ਲੱਖ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ। ਸਿੰਘ ਨੇ ਕਿਹਾ ਕਿ ਉਮਰ ਕੈਦ ਤੋਂ ਭਾਵ ਹੈ ਕਿ ਉਹ ਕੁਦਰਤੀ ਮੌਤ ਤਕ ਜੇਲ੍ਹ ਵਿੱਚ ਹੀ ਰਹਿਣਗੇ। ਆਰਪੀਸੀ ਤਹਿਤ ਤਿੰਨਾਂ ਨੂੰ ਵੱਖ-ਵੱਖ ਸਜ਼ਾਵਾਂ ਸੁਣਾਈਆਂ ਗਈਆਂ ਹਨ, ਜੋ ਉਮਰ ਕੈਦ ਦੀ ਸਜ਼ਾ ਦੇ ਨਾਲੋਂ ਨਾਲ ਚੱਲਣਗੀਆਂ।
ਇਸੇ ਤਰ੍ਹਾਂ ਉਨ੍ਹਾਂ ਦੇ ਤਿੰਨ ਸਾਥੀਆਂ- ਸਬ ਇੰਸਪੈਕਟਰ ਆਨੰਦ ਦੱਤਾ, ਹੈੱਡ ਕਾਂਸਟੇਬਲ ਤਿਲਕ ਰਾਜ ਤੇ ਵਿਸ਼ੇਸ਼ ਪੁਲਿਸ ਅਧਿਕਾਰੀ ਸੁਰਿੰਦਰ ਵਰਮਾ ਨੂੰ ਸਬੂਤ ਮਿਟਾਉਣ ਦੇ ਦੋਸ਼ ਵਿੱਚ ਪੰਜ-ਪੰਜ ਸਾਲ ਦੀ ਸਜ਼ਾ ਤੇ ਹਰੇਕ ਨੂੰ ਪੰਜਾਹ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਛੇ ਮਹੀਨੇ ਦੀ ਵਧੀਕ ਸਜ਼ਾ ਕਟਣੀ ਹੋਵੇਗੀ। ਉਂਜ ਸਜ਼ਾ ਦੇ ਐਲਾਨ ਮੌਕੇ ਕੋਰਟ ਵਿੱਚ ਮੀਡੀਆ ਮੌਜੂਦ ਨਹੀਂ ਸੀ। ਸਰਕਾਰੀ ਧਿਰ ਦੀ ਟੀਮ ਵਿੱਚ ਸ਼ਾਮਲ ਵਕੀਲਾਂ ਜੇ.ਕੇ.ਚੋਪੜਾ, ਐੱਸ.ਐੱਸ.ਬਸਰਾ, ਹਰਮਿੰਦਰ ਸਿੰਘ ਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਮੁੱਖ ਮੁਜਰਮ ਲਈ ਫਾਂਸੀ ਦੀ ਸਜ਼ਾ ਮੰਗੀ ਸੀ। ਉਨ੍ਹਾਂ ਕਿਹਾ ਕਿ ਉਹ ਵਿਸ਼ਾਲ ਜੰਗੋਤਰਾ ਨੂੰ ਸ਼ੱਕ ਦੀ ਬਿਨਾ ‘ਤੇ ਰਿਹਾਅ ਕਰਨ ਖਿਲਾਫ਼ ਅਪੀਲ ਕਰਨਗੇ।
ਮਹਿਲਾ ਕਮਿਸ਼ਨ ਨੇ ਮੁਜਰਮਾਂ ਲਈ ਫਾਂਸੀ ਦੀ ਸਜ਼ਾ ਮੰਗੀ
ਨਵੀਂ ਦਿੱਲੀ: ਮਹਿਲਾਵਾਂ ਬਾਰੇ ਕੌਮੀ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਠੂਆ ਜਬਰ-ਜਨਾਹ ਤੇ ਕਤਲ ਮਾਮਲੇ ਦੇ ਛੇ ਮੁਜਰਮਾਂ ਨੂੰ ਫ਼ਾਹੇ ਲਾਉਣ ਦੀ ਮੰਗ ਕੀਤੀ ਹੈ।
ਕਮਿਸ਼ਨ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਸਰਕਾਰ ਨੂੰ ਇਸ ਲਈ ਹਾਈਕੋਰਟ ਵਿਚ ਅਪੀਲ ਕਰਨੀ ਚਾਹੀਦੀ ਹੈ। ਸ਼ਰਮਾ ਨੇ ਕਿਹਾ ਕਿ ਉਹ ਫ਼ੈਸਲੇ ਦਾ ਸਵਾਗਤ ਕਰਦੀ ਹੈ, ਪਰ ਉਸ ਨੂੰ ਆਸ ਸੀ ਕਿ ਮੁਜਰਮਾਂ ਨੂੰ ਫ਼ਾਂਸੀ ਦੀ ਸਜ਼ਾ ਮਿਲੇਗੀ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …