ਸਾਬਕਾ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੇ ਆਪਣੇ ਕਾਰਜਕਾਲ ਦੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੀਡੀਆ ਨੂੰ ਚੌਕਸ ਰਹਿਣ ਤੇ ਸਰਕਾਰ ਦੀਆਂ ਖਾਮੀਆਂ ਉਜਾਗਰ ਕਰਨ ਦੀ ਲੋੜ ਹੈ ਤਾਂ ਕਿ ਸ਼ਾਸਨ ਪ੍ਰਭਾਵੀ ਢੰਗ ਨਾਲ ਚੱਲ ਸਕੇ। ਇਕ ਸਮਾਗਮ ਵਿਚ ਬੋਲਦਿਆਂ ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ ਉਚਾਈਆਂ ਛੂੰਹਦਾ ਰਹੇਗਾ ਤੇ ਆਧੁਨਿਕਤਾ ਅਤੇ ਰਵਾਇਤਾਂ ਨੂੰ ਬਰਾਬਰ ਰੱਖ ਕੇ ਦੁਨੀਆ ਨੂੰ ਰਾਹ ਦਿਖਾਉਂਦਾ ਰਹੇਗਾ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀਆਂ ਦੀ ਇਕ ਪੂਰੀ ਨਵੀਂ ਪੀੜ੍ਹੀ ਉੱਠ ਖੜ੍ਹੀ ਹੋਈ ਹੈ ਜੋ ਕਿ ਅੱਗੇ ਵਧਣ ਦੀ ਚਾਹਵਾਨ ਹੈ। ਇਹ ਸਰਕਾਰ ਉਤੇ ਬਿਹਤਰ ਤੇ ਪਾਰਦਰਸ਼ੀ ਕਾਰਗੁਜ਼ਾਰੀ ਲਈ ਦਬਾਅ ਵੀ ਬਣਾ ਰਹੀ ਹੈ। ਮਨਮੋਹਨ ਸਿੰਘ ਨੇ ਇਸ ਮੌਕੇ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਵਜੋਂ ਆਪਣਾ ਕਾਰਜਕਾਲ ਵੀ ਯਾਦ ਕੀਤਾ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕਈ ਵਿੱਤੀ ਚੁਣੌਤੀਆਂ ਦਾ ਸਫਲਤਾ ਨਾਲ ਸਾਹਮਣਾ ਕੀਤਾ ਸੀ। ਲੋਕਤੰਤਰ ਵਿਚ ਮੀਡੀਆ ਦੀ ਭੂਮਿਕਾ ‘ਤੇ ਉਨ੍ਹਾਂ ਕਿਹਾ ਕਿ ਮੁਲਕ ਦੀ ਉਸਾਰੀ ਵਿਚ ਇਸ ਦੀ ਅਹਿਮ ਹਿੱਸੇਦਾਰੀ ਹੈ। ਮੀਡੀਆ ਨੂੰ ਚੌਕਸ ਰਹਿ ਕੇ ਸਰਕਾਰ ਦੀਆਂ ਖਾਮੀਆਂ ਦੱਸਣੀਆਂ ਚਾਹੀਦੀਆਂ ਹਨ। ਇਸ ਨਾਲ ਪ੍ਰਸ਼ਾਸਨ ਬਿਹਤਰ ਕੰਮ ਕਰੇਗਾ। ਇਸ ਸਮਾਗਮ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ। ਮਨਮੋਹਨ ਸਿੰਘ ਨੇ ਕਿਹਾ ਕਿ 1990-91 ਦੌਰਾਨ ਭਾਰਤ ਨੇ ਆਪਣੇ ਵਪਾਰ ਤੇ ਨਿਵੇਸ਼ ਨੂੰ ਆਜ਼ਾਦ ਕਰ ਕੇ ਮੁਲਕ ਨੂੰ ਆਲਮੀ ਆਰਥਿਕਤਾ ਨਾਲ ਏਕੀਕ੍ਰਿਤ ਕਰ ਦਿੱਤਾ ਸੀ।