Breaking News
Home / ਭਾਰਤ / ਐਨ ਡੀ ਏ ਦੇ 48 ਮਹੀਨੇ ਕਾਂਗਰਸ ਰਾਜ ਦੇ 48 ਸਾਲਾਂ ‘ਤੇ ਭਾਰੂ : ਮੋਦੀ

ਐਨ ਡੀ ਏ ਦੇ 48 ਮਹੀਨੇ ਕਾਂਗਰਸ ਰਾਜ ਦੇ 48 ਸਾਲਾਂ ‘ਤੇ ਭਾਰੂ : ਮੋਦੀ

ਕਿਹਾ, ਇਕ ਖਾਨਦਾਨ ਨੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਮੁਲਕ ‘ਤੇ 48 ਸਾਲ ਰਾਜ ਕੀਤਾ
ਪੁੱਡੂਚੇਰੀ/ਬਿਊਰੋ ਨਿਊਜ
ਕਾਂਗਰਸ ‘ਤੇ ਜ਼ੋਰਦਾਰ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ ਇਕ ਖਾਨਦਾਨ ਦੀ ਅਗਵਾਈ ਹੇਠਲੀਆਂ ਸਰਕਾਰਾਂ ਦੀ ਤੁਲਨਾ ਵਿਕਾਸ ਆਧਾਰਿਤ ਐਨਡੀਏ ਸਰਕਾਰ ਨਾਲ ਕਰਨ। ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਖਾਨਦਾਨ ਨੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਮੁਲਕ ‘ਤੇ 48 ਸਾਲਾਂ ਤੱਕ ਰਾਜ ਕੀਤਾ ਅਤੇ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਸਰਕਾਰਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਐਨਡੀਏ ਦੀ ਸਰਕਾਰ ਹੈ ਜੋ ਇਸ ਸਾਲ ਮਈ ਵਿਚ 48 ਮਹੀਨੇ ਮੁਕੰਮਲ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੱਧੀਜੀਵੀ ਕਾਂਗਰਸ ਸ਼ਾਸਨਾਂ ਅਤੇ ਭਾਜਪਾ ਦੀ ਅਗਵਾਈ ਹੇਠਲੀ ਐਨਡੀਏ ਸਰਕਾਰ ਸਮੇਂ ਪ੍ਰਾਪਤੀਆਂ ਵਿਚਕਾਰਲੇ ਫਰਕ ਬਾਰੇ ਬਹਿਸ ਕਰ ਸਕਦੇ ਹਨ। ਪੁੱਡੂਚੇਰੀ ਵਿਚ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਮਾੜਾ ਬੁਨਿਆਦੀ ਢਾਂਚਾ ਹੈ ਅਤੇ ਯੂਟੀ ਦੇ ਲੋਕ ਕਾਂਗਰਸ ਸੱਭਿਆਚਾਰ ਤੋਂ ਪੀੜਤ ਹੈ। ਮੋਦੀ ਨੇ ਕਿਹਾ ਕਿ ਭਾਜਪਾ ਕਰਨਾਟਕ ਅਤੇ ਹੋਰ ਸੂਬਿਆਂ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਜਾ ਰਹੀ ਹੈ ਅਤੇ ਕਾਂਗਰਸ ਦੇ ਖਾਤੇ ਵਿਚ ਸਿਰਫ਼ ਪੁੱਡੂਚੇਰੀ ਸਰਕਾਰ ਹੀ ਰਹਿ ਜਾਵੇਗੀ। ਉਨ੍ਹਾਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦਾ ਜ਼ਿਕਰ ਨਹੀਂ ਕੀਤਾ। ਹੋਰ ਸੂਬਿਆਂ ਵਿਚ ਕਾਂਗਰਸ ਦੀ ਹਾਰ ਬਾਰੇ ਭਵਿੱਖਬਾਣੀ ਕਰਦਿਆਂ ਉਨ੍ਹਾਂ ਪੁੱਡੂਚੇਰੀ ਦੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਕਿ ਕਾਂਗਰਸ ਜੂਨ ਤੋਂ ਬਾਅਦ ਉਸ ਨੂੰ ਆਪਣਾ ਨਮੂਨਾ ਦਿਖਾਉਂਦੀ ਫਿਰੇਗੀ। ਪੁੱਡੂਚੇਰੀ ਵਿਚ ਸਾਰੇ ਮੁਹਾਜ਼ਾਂ ‘ਤੇ ਕਾਂਗਰਸ ਦੇ ਫੇਲ੍ਹ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਯੂਟੀ ਵਿਚ ਟਰਾਂਸਪੋਰਟ ਅਤੇ ਕਾਰਪੋਰੇਸ਼ਨਾਂ ਮਾੜੇ ਹਾਲਾਤ ਵਿਚ ਹਨ।
‘ਮਨ ਕੀ ਬਾਤ’ ਵਿਚ ਮਹਿਲਾਵਾਂ ਨੂੰ ਤਾਕਤ ਦੇਣ ‘ਤੇ ਜ਼ੋਰ
ਨਵੀਂ ਦਿੱਲੀ: ਮਹਿਲਾਵਾਂ ਦੀ ਹਰ ਖੇਤਰ ਵਿਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ‘ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੇਂ ਭਾਰਤ ਦਾ ਸੁਪਨਾ ਤਾਂ ਹੀ ਪੂਰਾ ਹੋਵੇਗਾ ਜੇਕਰ ਮਹਿਲਾਵਾਂ ਮਜ਼ਬੂਤ, ਤਾਕਤਵਰ ਅਤੇ ਵਿਕਾਸ ਵਿਚ ਬਰਾਬਰ ਦੀਆਂ ਭਾਈਵਾਲ ਬਣਨਗੀਆਂ। ਆਲ ਇੰਡੀਆ ਰੇਡੀਓ ‘ਤੇ ਮਾਸਿਕ ‘ਮਨ ਕੀ ਬਾਤ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਨੇ ਨਾ ਸਿਰਫ਼ ਹਰ ਮੈਦਾਨ ਫਤਿਹ ਕੀਤਾ ਹੈ ਸਗੋਂ ਉਹ ਮੁਲਕ ਅਤੇ ਸਮਾਜ ਨੂੰ ਵੀ ਅੱਗੇ ਲੈ ਕੇ ਜਾ ਰਹੀਆਂ ਹਨ। 28 ਫਰਵਰੀ ਨੂੰ ਕੌਮੀ ਸਾਇੰਸ ਦਿਵਸ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਤਕ ‘ਕਿਉਂ, ਕੀ ਅਤੇ ਕਿਵੇਂ’ ਦਾ ਜਵਾਬ ਨਹੀਂ ਮਿਲਦਾ, ਉਸ ਸਮੇਂ ਤੱਕ ਕਦੇ ਵੀ ਆਰਾਮ ਨਾ ਕਰੋ। ‘ਮਨ ਕੀ ਬਾਤ’ ਵਿਚ ਉਨ੍ਹਾਂ ਕੌਮੀ ਸੁਰੱਖਿਆ ਦਿਵਸ ਬਾਰੇ ਵੀ ਜ਼ਿਕਰ ਕੀਤਾ ਅਤੇ ਆਫ਼ਤ ਪ੍ਰਬੰਧਨ ਵਿਚ ਸਹਿਯੋਗ ਦੇਣ ਵਾਲਿਆਂ (ਐਨਡੀਐਮਏ) ਦੀ ਪ੍ਰਸ਼ੰਸਾ ਕੀਤੀ। ਮੋਦੀ ਨੇ ‘ਗੋਬਰ ਧਨ’ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਹਿੰਦ ਖੂੰਹਦ ਨੂੰ ਬਾਇਓ ਗੈਸ ਰਾਹੀਂ ਸਾਫ਼ ਊਰਜਾ ਵਿਚ ਤਬਦੀਲ ਕੀਤਾ ਜਾਵੇਗਾ।

Check Also

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ

ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …