2.6 C
Toronto
Friday, November 7, 2025
spot_img
Homeਭਾਰਤਰੱਜੇ ਪੁੱਜੇ ਲੋਕਾਂ ਨੂੰ ਨਾ ਮਿਲੇ ਰਾਖਵਾਂਕਰਨ: ਸੰਘ

ਰੱਜੇ ਪੁੱਜੇ ਲੋਕਾਂ ਨੂੰ ਨਾ ਮਿਲੇ ਰਾਖਵਾਂਕਰਨ: ਸੰਘ

RSS copy copyਰਾਖਵੇਂਕਰਨ ਦਾ ਲਾਭ ਸਹੀ ਲੋਕਾਂ ਨੂੰ ਮਿਲਣ ਬਾਰੇ ਸਰਵੇ ਕਰਵਾਉਣ ‘ਤੇ ਜ਼ੋਰ
ਨਾਗੌਰ (ਰਾਜਸਥਾਨ)/ਬਿਊਰੋ ਨਿਊਜ਼ : ਹਾਲ ਹੀ ਦੌਰਾਨ ਜਾਟ ਅੰਦੋਲਨ ਰਾਖਵਾਂਕਰਨ ਦੇ ਮੱਦੇਨਜ਼ਰ ਰਾਸ਼ਟਰੀ ਸੋਇਮਸੇਵਕ ਸੰਘ ਨੇ ਪ੍ਰਭਾਵਸ਼ਾਲੀ ਤਬਕਿਆਂ ਦੀ ਰਾਖਵਾਂਕਰਨ ਦੀ ਮੰਗ ਖਾਰਜ ਕਰ ਦਿੱਤੀ ਤੇ ਇਹ ਪਤਾ ਲਾਉਣ ਲਈ ਅਧਿਐਨ ਕਰਨ ਦੀ ਵਕਾਲਤ ਕੀਤੀ ਕਿ ਪਛੜੇ ਵਰਗਾਂ ਦੇ ਜ਼ਰੂਰਤਮੰਦ ਲੋਕਾਂ ਨੂੰ ਰਾਖਵੇਂਕਰਨ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ। ਸਮਾਜਿਕ ਬਰਾਬਰੀ ਦੀ ਵਕਾਲਤ ਕਰਦਿਆਂ ਸੰਘ ਦੇ ਨੇਤਾ ਸਰੇਸ਼ ਭਈਆਜੀ ਜੋਸ਼ੀ ਨੇ ਕਿਹਾ ਕਿ ਜਾਤ ਆਧਾਰਤ ਭੇਦਭਾਵ ਲਈ ਹਿੰਦੂ ਭਾਈਚਾਰਾ ਜ਼ਿੰਮੇਵਾਰ ਹੈ ਤੇ ਸਮਾਜਿਕ ਨਿਆਂ ਲਈ ਇਸ ਨੂੰ ਖਤਮ ਕਰਨਾ ਹੋਵੇਗਾ। ਉਨ੍ਹਾਂ ਇਸ ਸਬੰਧੀ ਡਾ.ਬੀਆਰ ਅੰਬੇਡਕਰ ਨੂੰ ਯਾਦ ਕੀਤਾ। ਸੰਪਨ ਲੋਕਾਂ ਦੀ ਰਾਖਵੇਂਕਰਨ ਮੰਗ ਨੂੰ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਸਮਾਜਿਕ ਨਿਆਂ ਲਈ ਰਾਖਵੇਂਕਰਨ ਦੀ ਵਿਵਸਥਾ ਸੰਵਿਧਾਨ ਵਿੱਚ ਕੀਤੀ ਸੀ ਤੇ ਰਾਖਵਾਂਕਰਨ ਮੰਗਣ ਵਾਲੇ ਇਸ ਗੱਲ ਨੂੰ ਚੇਤੇ ਰੱਖਣ। ਉਨ੍ਹਾਂ ਕਿਹਾ ਕਿ ਸੰਪੰਨ ਲੋਕਾਂ ਨੂੰ ਰਾਖਵੇਂਕਰਨ ਦਾ ਵਿਚਾਰ ਛੱਡ ਦੇਣਾ ਚਾਹੀਦਾ ਹੈ ਤੇ ਜ਼ਰੂਰਤਮੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਜੋਸ਼ੀ ਨੇ ਇਸ ਮੰਗ ਲਈ ਕਿਸੇ ਖਾਸ ਵਰਗ ਦਾ ਜ਼ਿਕਰ ਨਹੀਂ ਕੀਤਾ।
ਸੰਘ ਨੇ ਖਾਕੀ ਨਿੱਕਰ ਤਿਆਗੀ, ਭੂਰੀ ਪੈਂਟ ਅਪਣਾਈ
ਨਾਗੌਰ : 91 ਸਾਲ ਤੋਂ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਦੀ ਪਛਾਣ ਰਹੀ ਖਾਕੀ ਰੰਗ ਦੀ ਨਿੱਕਰ ਦੀ ਥਾਂ ਹੁਣ ਭੂਰੇ ਰੰਗ ਦੀ ਪੈਂਟ ਲੈ ਲਵੇਗੀ। ਸੰਘ ਦੀ ਸਰਵਉੱਚ ਨੀਤੀ ਇਕਾਈ ਕੁੱਲ ਹਿੰਦ ਭਾਰਤੀ ਪ੍ਰਤੀਨਿਧੀ ਸਭਾ ਨੇ ਇਥੇ ਤਿੰਨ ਦਿਨਾਂ ਸਾਲਾਨਾ ਬੈਠਕ ਵਿੱਚ ਇਹ ਫੈਸਲਾ ਕੀਤਾ। ਸੰਘ ਦੇ ਨੇਤਾ ਸੁਰੇਸ਼ ਭਈਆਜੀ ਜੋਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਅਸੀਂ ਖਾਕੀ ਨਿੱਕਰ ਦੀ ਥਾਂ ਭੂਰੇ ਰੰਗ ਦੀ ਪੈਂਟ ਲਿਆਉਣ ਦਾ ਫ਼ੈਸਲਾ ਕੀਤਾ ਹੈ। ਅਸੀਂ ਅੜੀਅਲ ਰਵੱਈਆ ਨਹੀਂ ਰੱਖਦੇ ਸਮੇਂ ਮੁਤਾਬਕ ਫੈਸਲਾ ਕਰਦੇ ਹਾਂ।’ 1925 ਵਿੱਚ ਸੰਘ ਦੀ ਸਥਾਪਨਾ ਤੋਂ ਬਾਅਦ ਢਿੱਲੀ ਖਾਕੀ ਨਿੱਕਰ ਸੰਗਠਨ ਦੀ ਪਛਾਣ ਹੈ। 1940 ਤੱਕ ਖਾਕੀ ਕਮੀਜ਼ ਵੀ ਸੀ ਪਰ ਬਾਅਦ ਵਿੱਚ ਇਸ ਨੂੰ ਸਫੈਦ ਕਮੀਜ਼ ਵਿੱਚ ਬਦਲ ਦਿੱਤਾ ਗਿਆ।

RELATED ARTICLES
POPULAR POSTS