ਜੇਡੀਯੂ ਅਤੇ ਆਰਜੇਡੀ ਬਣਾ ਸਕਦੇ ਹਨ ਸਰਕਾਰ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਬਿਹਾਰ ਵਿਚ ਇਕ ਵਾਰ ਫਿਰ ਜਨਤਾ ਦਲ (ਯੂ) ਅਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਟੁੱਟ ਸਕਦਾ ਹੈ। ਮੀਡੀਆ ਤੋਂ ਜਾਣਕਾਰੀ ਮਿਲ ਰਹੀ ਹੈ ਕਿ 11 ਅਗਸਤ ਤੱਕ ਇਹ ਦੋਵੇਂ ਪਾਰਟੀਆਂ ਵੱਖ-ਵੱਖ ਹੋ ਸਕਦੀਆਂ ਹਨ ਅਤੇ ਬਿਹਾਰ ਵਿਚ ਫਿਰ ਜਨਤਾ ਦਲ (ਯੂ) ਅਤੇ ਰਾਸ਼ਟਰੀ ਜਨਤਾ ਦਲ ਦੀ ਸਰਕਾਰ ਬਣ ਸਕਦੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਅਗਲੇ ਦੋ ਦਿਨਾਂ ਵਿਚ ਪਟਨਾ ਪਹੁੰਚਣ ਲਈ ਕਹਿ ਦਿੱਤਾ ਹੈ। ਉਧਰ ਦੂਜੇ ਪਾਸੇ ਰਾਸ਼ਟਰੀ ਜਨਤਾ ਦਲ ਵੀ ਇਸੇ ਨਕਸ਼ੇ ਕਦਮ ’ਤੇ ਹੈ। ਉਸ ਨੇ ਵੀ ਸਾਰੇ ਵਿਧਾਇਕਾਂ ਨੂੰ ਪਟਨਾ ਵਿਚ ਰਹਿਣ ਲਈ ਕਿਹਾ ਹੈ। ਜਾਣਕਾਰੀ ਮੁਤਾਬਕ ਨਿਤੀਸ਼ ਕੁਮਾਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਟੈਲੀਫੋਨ ’ਤੇ ਗੱਲਬਾਤ ਵੀ ਕੀਤੀ ਹੈ ਅਤੇ 11 ਅਗਸਤ ਤੱਕ ਸੂਬੇ ਵਿਚ ਨਵੀਂ ਸਰਕਾਰ ਬਣ ਸਕਦੀ ਹੈ। ਸੂਤਰ ਤਾਂ ਇਹ ਵੀ ਦੱਸ ਰਹੇ ਹਨ ਕਿ ਮੰਗਲਵਾਰ ਨੂੰ ਹੀ ਤੇਜਸਵੀ ਯਾਦਵ ਆਪਣੇ ਸਾਰੇ ਵਿਧਾਇਕਾਂ ਨਾਲ ਬੈਠਕ ਕਰਨਗੇ। ਹਾਲਾਂਕਿ ਸਰਕਾਰ ਦੇ ਭਵਿੱਖ ਨੂੰ ਲੈ ਕੇ ਜਨਤਾ ਦਲ (ਯੂ) ਦੇ ਆਗੂਆਂ ਨੇ ਕੋਈ ਅਧਿਕਾਰਤ ਗੱਲ ਨਹੀਂ ਕਹੀ ਹੈ। ਪਰ ਆਰਜੇਡੀ ਦੇ ਸੰਸਦ ਮੈਂਬਰ ਰਾਮਪ੍ਰੀਤ ਮੰਡਲ ਦਾ ਕਹਿਣਾ ਹੈ ਕਿ ਬਿਹਾਰ ਦੀ ਰਾਜਨੀਤੀ ਵਿਚ ਕੁਝ ਵੀ ਸੰਭਵ ਹੈ।