ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੁੱਖ ਦਾ ਪ੍ਰਗਟਾਵਾ
ਜੈਪੁਰ/ਬਿੳੂਰੋ ਨਿੳੂਜ਼
ਰਾਜਸਥਾਨ ’ਚ ਸੀਕਰ ਦੇ ਖਾਟੂ ਸ਼ਿਆਮਜੀ ਮੰਦਰ ’ਚ ਅੱਜ ਸੋਮਵਾਰ ਸਵੇਰੇ ਮਹੀਨਾਵਾਰ ਮੇਲੇ ਦੌਰਾਨ ਮਚੀ ਭਗਦੜ ਦੌਰਾਨ 3 ਮਹਿਲਾਵਾਂ ਦੀ ਮੌਤ ਹੋ ਗਈ, ਜਦਕਿ ਕਈ ਵਿਅਕਤੀ ਜ਼ਖਮੀ ਵੀ ਹੋ ਗਏ ਹਨ। ਇਹ ਹਾਦਸਾ ਸਵੇਰੇ 5 ਵਜੇ ਦੇ ਕਰੀਬ ਹੋਇਆ ਦੱਸਿਆ ਜਾ ਰਿਹਾ ਹੈ। ਜਦੋਂ ਇਕਾਦਸ਼ੀ ਦੇ ਮੌਕੇ ’ਤੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦੀ ਭੀੜ ਕਾਫੀ ਵਧ ਗਈ ਸੀ। ਦੇਰ ਰਾਤ ਤੋਂ ਹੀ ਸ਼ਰਧਾਲੂ ਲਾਈਨ ਵਿਚ ਲੱਗੇ ਹੋਏ ਸਨ ਅਤੇ ਜਿਉਂ ਹੀ ਸਵੇਰੇ ਮੰਦਰ ਦੇ ਗੇਟ ਖੁੱਲ੍ਹੇ ਤਾਂ ਭਗਦੜ ਮਚ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਸੀਕਰ ਦੇ ਖਾਟੂ ਸ਼ਿਆਮਜੀ ਮੰਦਰ ’ਚ ਮੇਲੇ ਦੌਰਾਨ ਮਚੀ ਭਗਦੜ ’ਚ 3 ਮਹਿਲਾਵਾਂ ਦੀ ਹੋਈ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਭਗਦੜ ਦੌਰਾਨ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ। ਉਨ੍ਹਾਂ ਕਿਹਾ ਕਿ ਦੁਖੀ ਪਰਿਵਾਰਾਂ ਨਾਲ ਮੇਰੀ ਪੂਰੀ ਹਮਦਰਦੀ ਹੈ ਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜ਼ਖਮੀ ਹੋਏ ਵਿਅਕਤੀ ਜਲਦ ਠੀਕ ਹੋ ਜਾਣ। ਇਸੇ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਅਸ਼ੋਕ ਗਹਿਲੋਤ ਨੇ ਇਸ ਮਚੀ ਭਗਦੜ ਵਿਚ ਜਾਨ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ ਵੀਹ-ਵੀਹ ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।