ਵੱਖ-ਵੱਖ ਦੇਸ਼ਾਂ ਵਲੋਂ ਖੇਡਣ ਵਾਲੇ ਚਾਰਾਂ ਖਿਡਾਰੀਆਂ ਦਾ ਪਿਛੋਕੜ ਪੰਜਾਬ ਤੋਂ
ਚੰਡੀਗੜ੍ਹ/ਬਿੳੂਰੋ ਨਿੳੂਜ਼
ਬਰਮਿੰਘਮ ਵਿਖੇ ਕਾਮਨਵੈਲਥ ਖੇਡਾਂ 2022 ਵਿੱਚ ਮੁੰਡਿਆਂ ਦੀ ਕੁਸ਼ਤੀ ਦੇ ਸਿਖਰਲੇ ਹੈਵੀਵੇਟ 125 ਕਿਲੋ ਭਾਰ ਵਰਗ ਦੇ ਹੋਏ ਮੁਕਾਬਲਿਆਂ ਵਿੱਚ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਇਕ-ਇਕ ਸੋਨੇ ਤੇ ਚਾਂਦੀ ਅਤੇ ਦੋ ਕਾਂਸੀ ਦੇ ਮੈਡਲ ਭਾਵੇਂ ਚਾਰ ਵੱਖੋ-ਵੱਖ ਮੁਲਕਾਂ ਨੇ ਜਿੱਤੇ ਪਰ ਮੈਡਲ ਜਿੱਤਣ ਵਾਲੇ ਚਾਰੇ ਪਹਿਲਵਾਨਾਂ ਦਾ ਪਿਛੋਕੜ ਪੰਜਾਬ ਦਾ ਹੈ। ਚਾਰੇ ਪਹਿਲਵਾਨ 1947 ਦੀ ਦੇਸ਼ ਵੰਡ ਤੋਂ ਪਹਿਲਾਂ ਵਾਲੇ ਸਾਂਝੇ ਪੰਜਾਬ ਦੇ ਰਹਿਣ ਵਾਲੇ ਹਨ। ਕੈਨੇਡਾ ਦੇ ਅਮਰਵੀਰ ਢੇਸੀ ਨੇ ਕੁਸ਼ਤੀ ਦੇ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਦੇ ਜ਼ਮਾਨ ਅਨਵਰ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਕਾਂਸੀ ਦੇ ਮੈਡਲ ਲਈ ਹੋਏ ਦੋ ਮੁਕਾਬਲਿਆਂ ਵਿੱਚ ਭਾਰਤ ਦੇ ਮੋਹਿਤ ਗਰੇਵਾਲ ਨੇ ਜਮਾਇਕਾ ਦੇ ਐਰੋਨ ਜੌਹਨਸਨ ਤੇ ਇੰਗਲੈਂਡ ਦੇ ਮਨਧੀਰ ਕੂਨਰ ਨੇ ਮੌਰੀਸਿਸ ਦੇ ਕੈਂਸਲੇ ਮੈਰੀ ਨੂੰ ਹਰਾ ਕੇ ਕਾਂਸੀ ਦੇ ਮੈਡਲ ਜਿੱਤੇ। ਮੈਡਲ ਸੈਰੇਮਨੀ ਦੌਰਾਨ ਜੇਤੂ ਮੰਚ ਉਤੇ ਖੜ੍ਹੇ ਚਾਰੇ ਭਲਵਾਨ ਅਮਰਵੀਰ ਢੇਸੀ, ਜ਼ਮਾਨ ਅਨਵਰ, ਮੋਹਿਤ ਗਰੇਵਾਲ ਤੇ ਮਨਧੀਰ ਕੂਨਰ ਮੂਲ ਰੂਪ ਵਿੱਚ ਪੰਜਾਬੀ ਹੀ ਸਨ। ਚਾਰਾਂ ਨੂੰ ਦੇਖਦਿਆਂ 2004 ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਹੋਈਆਂ ਖੇਡਾਂ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਹੋਇਆ ਪਲਵਿੰਦਰ ਸਿੰਘ ਚੀਮਾ ਤੇ ਬਸ਼ੀਰ ਭੋਲਾ ਦਾ ਮੈਚ ਯਾਦ ਹੋ ਗਿਆ। ਸੱਚਮੁੱਚ ਇਹ ਪਹਿਲਵਾਨ ਗਾਮੇ, ਕਿੱਕਰ, ਕੇਸਰ, ਕਰਤਾਰ ਦੇ ਹੀ ਵਾਰਸ ਹਨ।
Check Also
ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ
ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …