ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਲਈ ਕਿਸਾਨਾਂ ਨੂੰ ਵੱਖਰੀ ਕਮੇਟੀ ਬਣਾਉਣ ਦਾ ਸੱਦਾ; ਮੁਕੇਰੀਆਂ ਧਰਨੇ ‘ਚ ਕੀਤੀ ਸ਼ਿਰਕਤ
ਮੁਕੇਰੀਆਂ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੌਮੀ ਮਾਰਗ ‘ਤੇ ਮੁਕੇਰੀਆਂ ਖੰਡ ਮਿੱਲ ਮੂਹਰੇ ਲੱਗੇ ਧਰਨੇ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਗੰਨਾ ਕਾਸ਼ਤਕਾਰਾਂ ਨਾਲ ਮੀਟਿੰਗ ਕਰਨ ਉਪਰੰਤ ਹੀ ਇਹ ਧਰਨਾ ਚੁੱਕਿਆ ਜਾਵੇਗਾ।
ਜਲੰਧਰ-ਪਠਾਨਕੋਟ ਕੌਮੀ ਮਾਰਗ ‘ਤੇ ਧਰਨੇ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਨੇ ਸੱਦਾ ਦਿੱਤਾ ਕਿ ਗੰਨਾ ਕਿਸਾਨਾਂ ਦੀਆਂ ਮੰਗਾਂ ਲਈ ਇੱਕ ਸਾਂਝੀ ਕਮੇਟੀ ਬਣਾਈ ਜਾਵੇ ਜਿਹੜੀ ਕਿ ਗੰਨੇ ਦੇ ਵਾਜਿਬ ਭਾਅ, ਹੜ੍ਹਾਂ ਕਾਰਨ ਹੋਏ ਗੰਨੇ ਦੇ ਨੁਕਸਾਨ, ਗੰਨੇ ਦੀ ਫਸਲ ਨੂੰ ਪਹਿਲ ਦੇ ਆਧਾਰ ‘ਤੇ ਖਰੀਦਣ ਅਤੇ ਅਦਾਇਗੀ 14 ਦਿਨਾਂ ਅੰਦਰ ਹੋਣਾ ਯਕੀਨੀ ਬਣਾਏ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਈ ਗਈ ਖੇਤੀ ਕਮੇਟੀ ਦੀ ਰਿਪੋਰਟ ਅਨੁਸਾਰ ਪ੍ਰਤੀ ਕੁਇੰਟਲ ਗੰਨੇ ‘ਤੇ 470 ਰੁਪਏ ਲਾਗਤ ਖਰਚਾ ਆਉਂਦਾ ਹੈ ਅਤੇ ਸਰਕਾਰ ਗੰਨੇ ਦਾ ਭਾਅ 391 ਰੁਪਏ ਤੈਅ ਕਰ ਕੇ ਇਸ ਨੂੰ ਕਿਸ ਪੱਖ ਤੋਂ ਇਤਿਹਾਸਕ ਦੱਸ ਰਹੀ ਹੈ। ਜੇਕਰ ਸਰਕਾਰ ਗੰਨੇ ਦਾ ਭਾਅ ਨਹੀਂ ਵਧਾਉਣਾ ਚਾਹੁੰਦੀ ਤਾਂ ਉਹ ਗੰਨੇ ਦੇ ਲਾਗਤ ਖਰਚਿਆਂ ਵਿੱਚ ਕਿਸਾਨਾਂ ਨੂੰ ਰਾਹਤ ਦੇਵੇ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਕੀਤੀ ਗਈ ਕਥਿਤ ਵਧੀਕੀ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਪੱਗਾਂ ਉਤਾਰਨ ਵਾਲੀ ਸਰਕਾਰ ਨੂੰ ਪੰਜਾਬ ਵਰਗੇ ਸੂਬੇ ਦੀ ਸੱਤਾ ‘ਤੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਪ੍ਰਸ਼ਾਸਨ ਜਾਂ ਖੇਤੀਬਾੜੀ ਮੰਤਰੀ ਪੱਧਰ ਦੀਆਂ ਨਹੀਂ ਹਨ, ਇਹ ਸਿਰਫ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿੱਚ ਹੀ ਆਉਂਦੀਆਂ ਹਨ ਅਤੇ ਮੁੱਖ ਮੰਤਰੀ ਨੂੰ ਗੰਨਾ ਕਿਸਾਨਾਂ ਨਾਲ ਵੱਖਰੀ ਮੀਟਿੰਗ ਕਰਕੇ ਮਸਲਾ ਹੱਲ ਕਰਨਾ ਚਾਹੀਦਾ ਹੈ। ਉਗਰਾਹਾਂ ਨੇ ਕਿਹਾ ਕਿ ਸੂਬੇ ਅੰਦਰ 11.70 ਲੱਖ ਕਿਸਾਨ ਖੇਤੀ ਕਰਦੇ ਹਨ ਅਤੇ ਦੋ ਲੱਖ ਕਿਸਾਨ ਖੇਤੀ ਧੰਦਾ ਲਾਹੇਵੰਦ ਨਾ ਹੋਣ ਕਾਰਨ ਜ਼ਮੀਨ ਵੇਚ ਕੇ ਵਿਹਲੇ ਹੋ ਗਏ ਹਨ।
ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਬੇਸਿੱਟਾ ਰਹੀ
ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐੱਸਐੱਸਪੀ ਸੁਰਿੰਦਰ ਲਾਂਬਾ ਵੱਲੋਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਗੰਨਾ ਕਮੇਟੀ ਨਾਲ ਮੀਟਿੰਗ ਕੀਤੀ ਗਈ ਪਰ ਨੁਕਸਾਨੇ ਗੰਨੇ ਦੇ ਮੁਆਵਜ਼ੇ, ਵਾਜਿਬ ਭਾਅ ਅਤੇ ਬਿਮਾਰੀ ਕਾਰਨ ਨੁਕਸਾਨੀ ਗੰਨੇ ਦੀ ਫਸਲ ਬਾਰੇ ਕੋਈ ਸਪੱਸ਼ਟ ਹੁੰਗਾਰਾ ਨਾ ਮਿਲਣ ਕਾਰਨ ਇਸ ਮੀਟਿੰਗ ਦਾ ਕੋਈ ਸਿੱਟਾ ਨਾ ਨਿਕਲਿਆ। ਉਗਰਾਹਾਂ ਨੇ ਅਧਿਕਾਰੀਆਂ ਨੂੰ ਆਖਿਆ ਕਿ ਜੇਕਰ ਉਹ ਗੰਨਾ ਕਾਸ਼ਤਕਾਰਾਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਉਣ ਲਈ ਸਮਾਂ ਲੈ ਕੇ ਦਿੰਦੇ ਹਨ ਤਾਂ ਧਰਨਾ ਚੁੱਕ ਲਿਆ ਜਾਵੇਗਾ।
Check Also
ਮਨਪ੍ਰੀਤ ਸਿੰਘ ਬਾਦਲ ਅਤੇ ਰਾਜਾ ਵੜਿੰਗ ’ਤੇ ਇਲੈਕਸ਼ਨ ਕਮਿਸ਼ਨ ਦਾ ਐਕਸ਼ਨ
ਚੋਣ ਜ਼ਾਬਤੇ ਦੀ ਉਲੰਘਣਾ ਦੇ ਲੱਗੇ ਆਰੋਪ ਚੰਡੀਗੜ੍ਹ/ਬਿਊਰੋ ਨਿਊਜ਼ ਗਿੱਦੜਬਾਹਾ ਵਿਧਾਨ ਸਭਾ ਜ਼ਿਮਨੀ ਚੋਣ ਵਿਚ …