ਮਹੂਆ ਮੋਇਤਰਾ ਦੀ ਲੋਕ ਸਭਾ ਮੈਂਬਰਸ਼ਿਪ ਕੀਤੀ ਗਈ ਰੱਦ
ਮਹੂਆ ਬੋਲੀ : ਮੈਨੂੰ ਝੁਕਾਉਣ ਲਈ ਤੋੜੇ ਗਏ ਸਾਰੇ ਨਿਯਮ
ਨਵੀਂ ਦਿੱਲੀ/ਬਿਊਰੋ ਨਿਊਜ਼ :
ਕੈਸ਼ ਫਾਰ ਕਵੈਰੀ ਮਾਮਲੇ ’ਚ ਘਿਰੀ ਤਿ੍ਰਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਸੰਸਦ ਮੈਂਬਰ ਵਜੋਂ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਗਿਆ ਹੈ। ਐਥਿਕਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਉਨ੍ਹਾਂ ਦੀ ਮੈਂਬਰਸ਼ਿਪ ਨੂੰ ਖਤਮ ਕਰਨ ਦਾ ਪ੍ਰਸਤਾਵ ਲੋਕ ਸਭਾ ’ਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਮਹੂਆ ਮੋਇਤਰਾ ਨੂੰ ਲੋਕ ਸਭਾ ਤੋਂ ਕੱਢਣ ਲਈ ਸਦਨ ’ਚ ਵੋਟਿੰਗ ਸ਼ੁਰੂ ਹੋਈ ਜਦਕਿ ਵੋਟਿੰਗ ਸ਼ੁਰੂ ਹੁੰਦਿਆਂ ਵਿਰੋਧੀ ਧਿਰ ਸਦਨ ਤੋਂ ਵਾਕਆਊਟ ਕਰ ਗਈ। ਵੋਟਿੰਗ ਤੋਂ ਬਾਅਦ ਲੋਕ ਸਭਾ ਦੇ ਸਪੀਕਰ ਨੇ ਮਹੂਆ ਮੋਇਤਰਾ ਦੇ ਖਿਲਾਫ ਮੈਂਬਰਸ਼ਿਪ ਰੱਦ ਕਰਨ ਦਾ ਮਤਾ ਪਾਸ ਕਰ ਦਿੱਤਾ। ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ਤੋਂ ਬਾਅਦ ਮਹੂਆ ਮੋਇਤਰਾ ਨੇ ਕਿਹਾ ਕਿ ਐਥਿਕਸ ਕਮੇਟੀ ਨੇ ਮੈਨੂੰ ਝੁਕਾਉਣ ਦੇ ਲਈ ਬਣਾਈ ਆਪਣੀ ਰਿਪੋਰਟ ’ਚ ਹਰ ਨਿਯਮ ਨੂੰ ਤੋੜ ਦਿੱਤਾ ਹੈ। ਉਧਰ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਐਥਿਕਸ ਕਮੇਟੀ ਕੋਲ ਕਿਸੇ ਨੂੰ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਨੇ ਭਾਜਪਾ ’ਤੇ ਵ੍ਹਿਪ ਜਾਰੀ ਕਰਕੇ ਮੈਂਬਰਾਂ ਨੂੰ ਮਹੂਆ ਮੋਇਤਰਾ ਖਿਲਾਫ ਫੈਸਲਾ ਲੈਣ ਲਈ ਮਜਬੂਰ ਕਰਨ ਦੋਸ਼ ਵੀ ਲਗਾਇਆ। ਇਸ ਤੋਂ ਪਹਿਲਾਂ ਚਰਚਾ ਦੌਰਾਨ ਕਾਂਗਰਸ ਨੇ ਇਤਰਾਜ਼ ਪ੍ਰਗਟਾਇਆ ਕਿ ਰਿਪੋਰਟ ਸਦਨ ’ਚ ਪੇਸ਼ ਕਰਨ ਮਗਰੋਂ ਹੀ ਇਸ ’ਤੇ ਚਰਚਾ ਕਰਵਾਈ ਜਾ ਰਹੀ। ਜਦਕਿ ਕਾਂਗਰਸ ਪਾਰਟੀ ਰਿਪੋਰਟ ਨੂੰ ਪੜ੍ਹਨ ਲਈ 3-4 ਦਿਨ ਦਾ ਸਮਾਂ ਮੰਗਿਆ ਸੀ। ਇਸ ਤੋਂ ਪਹਿਲਾਂ ਵੀ ਚਰਚਾ ਦੌਰਾਨ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਮਹੂਆ ਮੋਇਤਰਾ ਨੂੰ ਸਦਨ ’ਚ ਬੋਲਣ ਦੀ ਆਗਿਆ ਨਹੀਂ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਪੈਨਲ ਮੀਟਿੰਗ ’ਚ ਬੋਲਣ ਦਾ ਮੌਕਾ ਮਿਲਿਆ ਸੀ।