Breaking News
Home / ਕੈਨੇਡਾ / ਪੰਜਵੀਂ ਸਲਾਨਾ ਐੱਨਲਾਈਟ ਕਿੱਡਜ਼ ਰੱਨ ਫਾਰ ਐਜੂਕੇਸ਼ਨ 7 ਅਗਸਤ ਨੂੰ ਚਿੰਗੂਆਕੂਜ਼ੀ ਪਾਰਕ ਵਿਚ ਹੋਵੇਗੀ

ਪੰਜਵੀਂ ਸਲਾਨਾ ਐੱਨਲਾਈਟ ਕਿੱਡਜ਼ ਰੱਨ ਫਾਰ ਐਜੂਕੇਸ਼ਨ 7 ਅਗਸਤ ਨੂੰ ਚਿੰਗੂਆਕੂਜ਼ੀ ਪਾਰਕ ਵਿਚ ਹੋਵੇਗੀ

ਬਰੈਂਪਟਨ/ਡਾ.ਝੰਡ : ‘ਐੱਨਲਾਈਟ ਲਾਈਫ ਆਫ ਕਿੱਡਜ਼ ਇਨ ਨੀਡ’ ਸੰਸਥਾ ਦੇ ਸੰਚਾਲਕ ਨਰਿੰਦਰਪਾਲ ਬੈਂਸ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਵੀਂ ਐੱਨਲਾਈਟ ਕਿੱਡਜ਼ ਰੱਨ ਫਾਰ ਐਜੂਕੇਸ਼ਨ’ 7 ਅਗਸਤ ਦਿਨ ਐਤਵਾਰ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿਚ ਸਵੇਰੇ 9.00 ਵਜੇ ਕਰਵਾਈ ਜਾ ਰਹੀ ਹੈ ਜਿਸ ਦੇ ਲਈ ਰਜਿਸਟ੍ਰੇਸਨ ਪਹਿਲਾਂ ਹੀ ‘ਔਨ-ਲਾਈਨ’ ਆਰੰਭ ਹੋ ਚੁੱਕੀ ਹੈ ਜੋ ਇਸ ਸੰਸਥਾ ਦੀ ਵੈੱਬਸਾਈਟ ‘ਤੇ ਜਾ ਕੇ ਕਰਵਾਈ ਜਾ ਸਕਦੀ ਹੈ। ਕੇਵਲ ਨੌਜਵਾਨ ਹੀ ਨਹੀਂ, ਸਗੋਂ ਹਰੇਕ ਉਮਰ ਵਰਗ ਦੇ ਵਿਅਕਤੀਆਂ ਵਿਚ ਇਸ ਰਜਿਸਟ੍ਰੇਸ਼ਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ 2018 ਵਿਚ ਪਹਿਲੀ ਵਾਰ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਦੀ ਸ਼ੁਰੂਆਤ ਕੈਲੇਡਨ ਟਰੇਲ ਦੇ ਪੱਛਮ ਵਾਲੇ ਪਾਸੇ 5 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜ ਕੇ ਕੀਤੀ ਗਈ ਜਿਸ ਵਿਚ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ.ਆਰ. ਕਲੱਬ), ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਤਰਕਸ਼ੀਲ ਸੋਸਾਇਟੀ ਆਫ ਨਾਰਥ ਅਮਰੀਕਾ ਦੇ ਮੈਂਬਰਾਂ ਵੱਲੋਂ ਵੱਡੀ ਗਿਣਤੀ ਵਿਚ ਹਿੱਸਾ ਲਿਆ ਗਿਆ। ਇਸ ਦੌੜ ਨੂੰ ਸਾਰੀਆਂ ਕਮਿਊਨਿਟੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਸੀ ਅਤੇ ਇਸ ਵਿਚ ਦੌੜਾਕਾਂ ਤੇ ਵਾੱਕਰਾਂ ਦੀ ਗਿਣਤੀ 150 ਦੇ ਲੱਗਭੱਗ ਹੋ ਗਈ ਸੀ। ਇਸ ਤੋਂ ਉਤਸ਼ਾਹਿਤ ਹੋ ਕੇ 2019 ਵਿਚ ਦੂਸਰੀ ਐੱਨਲਾਈਟ ਕਿੱਡਜ਼ ਰੱਨ ਫਾਰ ਐਜੂਕੇਸ਼ਨ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿਚ ਕਰਵਾਈ ਗਈ ਜਿਸ ਵਿਚ ਉਪਰੋਕਤ ਵਰਨਣ ਤਿੰਨਾਂ ਸੰਸਥਾਵਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਅਤੇ ਇਸ ਦੌੜ ਵਿਚ 200 ਤੋਂ ਵਧੀਕ ਦੌੜਾਕ ਤੇ ਵਾੱਕਰ ਸ਼ਾਮਲ ਹੋਏ। ਇੱਥੇ ‘ਐੱਨਲਾਈਟ ਲਾਈਫ਼ ਆਫ਼ ਕਿੱਡਜ਼ ਇਨ ਨੀਡ’ ਸੰਸਥਾ ਵੱਲੋਂ ਖੇਡ-ਜਗਤ ਨਾਲ ਜੁੜੀਆਂ ਪੰਜਾਬੀ ਕਮਿਊਨਿਟੀ ਦੀਆਂ ਅਹਿਮ ਸ਼ਖ਼ਸੀਅਤਾਂ ਬਰੈਂਪਟਨ ਦੇ ਸੱਭ ਤੋਂ ਸੀਨੀਅਰ ਐਥਲੀਟ ਪ੍ਰਿੰ. ਵਤਨ ਸਿੰਘ ਗਿੱਲ, ਉੱਘੇ ਖੇਡ-ਲੇਖਕ ਪ੍ਰਿੰ. ਸਰਵਣ ਸਿੰਘ, ਖੇਡ-ਪੱਤਰਕਾਰ ਡਾ. ਸੁਖਦੇਵ ਸਿੰਘ ਝੰਡ ਅਤੇ ਮੈਰਾਥਨ ਦੌੜਾਕ ਸੰਜੂ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ ਸੀ।
2020 ਵਿਚ ਸਾਰੀ ਦੁਨੀਆ ਕਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਇਹ ਦੌੜ ਨਹੀਂ ਕਰਵਾਈ ਜਾ ਸਕੀ ਸੀ ਪਰ ਫਿਰ ਵੀ ਇਸ ਸੰਸਥਾ ਦੇ ਕੁਝ ਨੌਜਵਾਨ ਮੈਂਬਰਾਂ ਨੇ ਸੀਮਤ ਗਿਣਤੀ ਵਿਚ ਸਿੰਬੌਲਿਕ ਤੌਰ ‘ਤੇ ਦੌੜ ਕੇ ਤੀਸਰੀ ਐੱਨਲਾਈਟ ਕਿੱਡਜ਼ ਰੱਨ ਫਾਰ ਐਜੂਕੇਸ਼ਨ ਦੀ ਪ੍ਰਕਿਰਿਆ ਪੂਰੀ ਕੀਤੀ। ਸਾਲ 2021 ਵਿਚ ਵਰਚੂਅਲ ਅਤੇ ਰੀਅਲ ਦੋਹਾਂ ਕਿਸਮਾਂ ਦੀ ਸਾਂਝੀ ‘ਹਾਈਬਰਿੱਡ-ਦੌੜ’ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਦੌੜਾਕ ਚਿੰਗੂਆਕੂਜ਼ੀ ਪਾਰਕ, ਸਿੱਖ ਸਪਿਰਿਚੂਅਲ ਸੈਂਟਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਅਤੇ ਈਟੋਬੀਕੋ ਦੇ ਇਕ ਪਾਰਕ ਤੋਂ ਥੋੜ੍ਹੀ-ਥੋੜ੍ਹੀ ਗਿਣਤੀ ਵਿਚ ਸਿੰਬੌਲਿਕ ਤੌਰ ‘ਤੇ ਦੌੜੇ ਸਨ ਅਤੇ ਬਾਕੀਆਂ ਨੇ ਆਪਣੇ ਘਰਾਂ ਦੇ ਨੇੜਲੇ ਪਾਰਕਾਂ ਤੇ ਵਾੱਕਵੇਅਜ਼ ‘ਤੇ ਦੌੜਦਿਆਂ ਹੋਇਆਂ ਕੇ ਆਪਣੇ ਆਪ ਨੂੰ ਫੋਨਾਂ ‘ਤੇ ਆਨ-ਲਾਈਨ ‘ਲਾਈਵ’ ਕੀਤਾ ਸੀ। ਇਸ ਤਰ੍ਹਾਂ ਇਹ ‘ਚੌਥੀ ਐੱਨਲਾਈਟ ਕਿੱਡਜ਼ ਰੱਨ ਫਾਰ ਐਜੂਕੇਸ਼ਨ’ ਆਪਣੀ ਕਿਸਮ ਦੀ ਵੱਖਰੀ ਯਾਦਗਾਰੀ ਦੌੜ ਬਣ ਗਈ ਜਿਸ ਵਿਚ ਕੈਨੇਡਾ ਦੇ ਸ਼ਹਿਰਾਂ ਸਕਾਰਬਰੋ, ਸਰੀ, ਕੈਲਗਰੀ ਤੇ ਐਡਮਿੰਟਨ ਤੋਂ ਇਲਾਵਾ ਅਮਰੀਕਾ, ਇੰਗਲੈਂਡ ਅਤੇ ਭਾਰਤ ਤੋਂ ਕਈ ਦੌੜਾਕਾਂ ਨੇ ਇਸ ਦੌੜ ਵਿਚ ਵਰਚੂਅਲ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਵੱਖਰੇ ਤਜਰਬੇ ਤੋਂ ਉਤਸ਼ਾਹਿਤ ਹੋ ਕੇ ਇਸ ਸੰਸਥਾ ਦੇ ਪ੍ਰਬੰਧਕੀ ਬੋਰਡ ਨੇ ਅੱਗੋਂ ਹਰ ਸਾਲ ਕਰਵਾਈ ਜਾਣ ਵਾਲੀ ਇਸ ਰੀਅਲ ਦੌੜ ਦੇ ਨਾਲ-ਨਾਲ ਵਰਚੂਅਲ ਦੌੜ ਵੀ ਕਰਵਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਬਰੈਂਪਟਨ ਤੇ ਮਿਸੀਸਾਗਾ ਸ਼ਹਿਰਾਂ ਤੋਂ ਇਲਾਵਾ ਕੈਨੇਡਾ ਦੇ ਹੋਰ ਸ਼ਹਿਰਾਂ ਅਤੇ ਵਿਦੇਸ਼ਾਂ ਤੋਂ ਵੀ ਦੌੜਾਕ ਇਸ ਦੌੜ ਵਿਚ ਆਪਣੀ ਵਰਚੂਅਲ ਸ਼ਮੂਲੀਅਤ ਕਰ ਸਕਣ।
ਹੁਣ ਕਰੋਨਾ ਤੋਂ ਲੱਗਭੱਗ ਛੁਟਕਾਰਾ ਹੋਣ ਤੋਂ ਬਾਅਦ ‘ਪੰਜਵੀਂ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ’ 7 ਅਗੱਸਤ ਨੂੰ ਐਤਵਾਰ ਸਵੇਰੇ 9.00 ਵਜੇ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿਚ ਬਣੇ ‘ਟੈਰੀ ਫ਼ੌਕਸ ਟਰੈਕ ਐਂਡ ਫ਼ੀਲਡ ਸਟੇਡੀਅਮ’ ਵਿਚ ਕਰਵਾਈ ਜਾ ਰਹੀ ਹੈ ਜਿਸ ਵਿਚ ਪਹਿਲਾਂ ਵਾਂਗ ਦੌੜਾਕਾਂ ਅਤੇ ਵਾੱਕਰਾਂ ਦੇ ਵੱਡੀ ਗਿਣਤੀ ਵਿਚ ਪਹੁੰਚਣ ਦੀ ਆਸ ਕੀਤੀ ਜਾ ਰਹੀ ਹੈ। ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਂਊਡੇਸ਼ਨ ਅਤੇ ਤਰਕਸ਼ੀਲ ਸੋਸਾਇਟੀ ਆਫ਼ ਨਾਰਥ ਅਮੈਰਿਕਾ ਦੇ ਮੈਂਬਰਾਂ ਵੱਲੋਂ ਪਹਿਲਾਂ ਵਾਂਗ ਹੀ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਹੋਰ ਕਈ ਖੇਡ-ਕਲੱਬਾਂ ਤੇ ਸੰਸਥਾਵਾਂ ਦੇ ਮੈਂਬਰ ਵੀ ਇਸ ਦੌੜ ਵਿਚ ਸ਼ਾਮਲ ਹੋ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇਸ ਦੌੜ ਵਿਚ ਵਰਚੂਅਲ ਤੌਰ ‘ਤੇ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਵੀ ਕਾਫੀ ਹੋਣ ਦੀ ਉਮੀਦ ਹੈ। ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਕਰਨ ਲਈ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਇਸ ਦੌੜ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …