
ਵੀ.ਕੇ. ਸਕਸੈਨਾ ਨੂੰ ਪਾਟੇਕਰ ਨੇ ਦੱਸਿਆ ਸੀ ਬੁਜ਼ਦਿਲ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਪੁਲਿਸ ਨੇ ਕਈ ਸਾਲ ਪੁਰਾਣੇ ਮਾਣਹਾਨੀ ਕੇਸ ਵਿਚ ਸਮਾਜਿਕ ਕਾਰਕੁਨ ਮੇਧਾ ਪਾਟੇਕਰ ਨੂੰ ਗਿ੍ਰਫਤਾਰ ਕਰ ਲਿਆ ਹੈ। ਅਦਾਲਤ ਨੇ ਅਜੇ ਦੋ ਦਿਨ ਪਹਿਲਾਂ ਹੀ ਪਾਟੇਕਰ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਇਹ ਮਾਣਹਾਨੀ ਕੇਸ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਸਾਲ 2000 ਵਿਚ ਦਰਜ ਕੀਤਾ ਗਿਆ ਸੀ ਤੇ ਉਦੋਂ ਉਹ ਨੈਸ਼ਨਲ ਕੌਂਸਲ ਆਫ ਸਿਵਲ ਲਿਬਰਟੀਜ਼ ਦੇ ਮੁਖੀ ਸਨ। ਇਹ ਮਾਮਲਾ ਇਕ ਪ੍ਰੈੱਸ ਰਿਲੀਜ਼ ਨਾਲ ਸਬੰਧਤ ਹੈ। ਪਾਟੇਕਰ ਨੇ ਪ੍ਰੈੱਸ ਬਿਆਨ ਵਿਚ ਸਕਸੈਨਾ ਨੂੰ ‘ਬੁਜ਼ਦਿਲ’ ਦਸਦਿਆਂ ਕਥਿਤ ਹਵਾਲਾ ਲੈਣ ਦੇਣ ਵਿਚ ਸ਼ਾਮਲ ਹੋਣ ਦੇ ਦੋਸ਼ ਲਾਏ ਸਨ। ਪਾਟੇਕਰ ਨੇ ਦਾਅਵਾ ਕੀਤਾ ਸੀ ਕਿ ਸਕਸੈਨਾ ਗੁਜਰਾਤ ਦੇ ਲੋਕਾਂ ਅਤੇ ਸਰੋਤਾਂ ਨੂੰ ਵਿਦੇਸ਼ੀ ਹਿੱਤਾਂ ਲਈ ‘ਗਿਰਵੀ’ ਰੱਖ ਰਿਹਾ ਹੈ। ਇੱਕ ਮੈਜਿਸਟਰੇਟੀ ਕੋਰਟ ਨੇ ਪਿਛਲੇ ਸਾਲ ਸੁਣਾਏ ਫੈਸਲੇ ਵਿਚ ਕਿਹਾ ਸੀ ਕਿ ਇਹ ਬਿਆਨ ਨਾ ਸਿਰਫ਼ ਅਪਮਾਨਜਨਕ ਹੈ, ਬਲਕਿ ਨਕਾਰਾਤਮਕ ਜਨਤਕ ਭਾਵਨਾਵਾਂ ਨੂੰ ਭੜਕਾਉਣ ਲਈ ਘੜੇ ਗਏ ਸਨ।