20.7 C
Toronto
Tuesday, July 21, 2026
spot_img
Homeਪੰਜਾਬਭਰਤੀ ਲਈ ਵੱਢੀ: ਐਸਪੀ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ

ਭਰਤੀ ਲਈ ਵੱਢੀ: ਐਸਪੀ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ

logo-2-1-300x105-3-300x105ਦੋ ਜਣਿਆਂ ਤੋਂ 29 ਲੱਖ ਰੁਪਏ ਲੈਣ ਦੇ ਦੋਸ਼, ਨੌਜਵਾਨਾਂ ਨੇ ਜ਼ਮੀਨ ਵੇਚ ਕੇ ਦਿੱਤੇ ਸਨ ਪੈਸੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਕਰਾਉਣ ਦੇ ਨਾਮ ‘ਤੇ ਐਸ.ਪੀ. ਸਰਬਜੀਤ ਸਿੰਘ ਉਤੇ 29 ਲੱਖ ਰੁਪਏ ਲੈਣ ਦੇ ਲੱਗੇ ਦੋਸ਼ਾਂ ਸਬੰਧੀ ਜਾਂਚ ਵਿਜੀਲੈਂਸ ਹਵਾਲੇ ਕਰ ਦਿੱਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਐਸ.ਪੀ. ਖ਼ਿਲਾਫ਼ ਪੜਤਾਲ ਦੇ ਹੁਕਮ ਦਿੱਤੇ ਹਨ। ਵਿਜੀਲੈਂਸ ਨੇ ਪੀੜਤ ਧਿਰ ਨਾਲ ਸਬੰਧਤ ਗੁਰਚਰਨ ਸਿੰਘ ਅਤੇ ਮੱਖਣ ਸਿੰਘ ਨਾਮੀਂ ਵਿਅਕਤੀਆਂ ਦੇ ਬਿਆਨ ਦਰਜ ਕਰ ਲਏ ਹਨ। ਮਾਮਲੇ ਦੀ ਜਾਂਚ ਵਿਜੀਲੈਂਸ ਦੇ ਸੰਯੁਕਤ ਡਾਇਰੈਕਟਰ ਐਸ. ਭਾਨੂਪਤੀ ਨੂੰ ਸੌਂਪੀ ਗਈ ਹੈ। ਵਿਜੀਲੈਂਸ ਦੀ ਡਾਇਰੈਕਟਰ ਸ੍ਰੀਮਤੀ ਵੀ. ਨੀਰਜਾ ਨੇ ਐਸ.ਪੀ. ਖ਼ਿਲਾਫ਼ ਹੋ ਰਹੀ ਵਿਜੀਲੈਂਸ ਜਾਂਚ ਦੀ ਪੁਸ਼ਟੀ ਕੀਤੀ ਹੈ। ਵਿਜੀਲੈਂਸ ਨੇ ਚੱਲ ਰਹੀ ਪੁਲਿਸ ਭਰਤੀ ਦੌਰਾਨ ਸੌਦੇਬਾਜ਼ੀ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਦਲਾਲਾਂ ਦੀ ਭਾਲ ਵੀ ਸ਼ੁਰੂ ਕੀਤੀ ਹੋਈ ਹੈ। ਮੱਖਣ ਸਿੰਘ ਅਤੇ ਗੁਰਚਰਨ ਸਿੰਘ ਵੱਲੋਂ ਡੀਜੀਪੀ ਨੂੰ ਕੀਤੀ ਸ਼ਿਕਾਇਤ ਮੁਤਾਬਕ ਐਸ.ਪੀ. ਸਰਬਜੀਤ ਸਿੰਘ ਨਾਲ ਪੁਲਿਸ ਵਿਚ ਭਰਤੀ ਕਰਾਉਣ ਸਬੰਧੀ ਸੌਦਾ ਲੁਧਿਆਣਾ ਦੇ ਇੱਕ ਹੋਟਲ ਵਿਚ ਹੋਇਆ। ਪੁਲਿਸ ਅਫ਼ਸਰ ਨੇ ਪ੍ਰਤੀ ਉਮੀਦਵਾਰ 20 ਲੱਖ ਰੁਪਏ ਮੰਗੇ ਤੇ ਅਖੀਰ ਸੌਦਾ ਪ੍ਰਤੀ ਉਮੀਦਵਾਰ 15 ਲੱਖ ਰੁਪਏ ਵਿਚ ਤੈਅ ਹੋਇਆ। ਸੌਦਾ ਹੋਣ ‘ਤੇ ਨੌਕਰੀ ਲੈਣ ਦੇ ਚਾਹਵਾਨ ਵਿਅਕਤੀਆਂ ਨੇ ਜ਼ਮੀਨ ਵੇਚਣੀ ਲਾ ਦਿੱਤੀ ਤੇ ਜ਼ਮੀਨ ਦਾ ਸੌਦਾ ਹੋਣ ਤੋਂ ਬਾਅਦ 14 ਲੱਖ ਰੁਪਏ ਐਸ.ਪੀ. ਹਵਾਲੇ ਕਰ ਦਿੱਤੇ। ਇਸ ਤੋਂ ਬਾਅਦ ਇੱਕ ਲੱਖ ਰੁਪਏ ਐਸ.ਪੀ. ਦੀ ਸੱਸ ਹਰਬੰਸ ਕੌਰ ਨੂੰ ਫਿਰੋਜ਼ਪੁਰ ਵਿਚ ਦਿੱਤੇ। ਸ਼ਿਕਾਇਤ ਕਰਨ ਵਾਲਿਆਂ ਮੁਤਾਬਕ 1 ਜੁਲਾਈ 2015 ਨੂੰ ਜ਼ਮੀਨ ਦੀ ਰਜਿਸਟਰੀ ਹੋਣ ਤੋਂ ਬਾਅਦ ਉਹ 14 ਲੱਖ ਰੁਪਏ ਹੋਰ ਲੈ ਕੇ ਲੁਧਿਆਣਾ ਦੇ ਹੋਟਲ ਵਿਚ ਪੁੱਜੇ ਜਿੱਥੇ ਐਸ.ਪੀ. ਦੇ ਪੁੱਤਰ ਨਿਸ਼ਾਨ ਸਿੰਘ ਅਤੇ ਪਤਨੀ ਰਿਪਨਦੀਪ ਕੌਰ ਨੇ ਪੈਸੇ ਲੈ ਲਏ। ਇਸ ਤਰ੍ਹਾਂ ਦੋ ਜਣਿਆਂ ਨੂੰ ਭਰਤੀ ਕਰਾਉਣ ਲਈ ਕੁੱਲ 29 ਲੱਖ ਰੁਪਏ ਦਿੱਤੇ ਗਏ।
ਮੇਰੇ ਖ਼ਿਲਾਫ਼ ਕੀਤੀ ਸ਼ਿਕਾਇਤ ਝੂਠੀ: ਐਸ.ਪੀ.
ਐਸ.ਪੀ. ਸਰਬਜੀਤ ਸਿੰਘ ਨੇ ਕਿਹਾ ਕਿ ਪੁਲਿਸ ਵਿਚ ਸਿਪਾਹੀ ਭਰਤੀ ਕਰਾਉਣ ਦੇ ਨਾਮ ‘ਤੇ ਪੈਸੇ ਲੈਣ ਸਬੰਧੀ ਕੀਤੀ ਸ਼ਿਕਾਇਤ ਝੂਠੀ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਗੁਰਚਰਨ ਸਿੰਘ ਅਤੇ ਮੱਖਣ ਸਿੰਘ ਨਾਲ ਜ਼ੀਰਕਪੁਰ ਵਿਚਲਾ ਫਲੈਟ ਵੇਚਣ ਦਾ ਸੌਦਾ ਜ਼ਰੂਰ ਹੋਇਆ ਸੀ, ਪਰ ਭਰਤੀ ਦੇ ਨਾਮ ‘ਤੇ ਕੋਈ ਪੈਸਾ ਨਹੀਂ ਲਿਆ ਗਿਆ।

RELATED ARTICLES
POPULAR POSTS