ਪਟਿਆਲਾ/ਬਿਊਰੋ ਨਿਊਜ਼
ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਇਕ ਬਹੁਤ ਵੱਡਾ ਖੁਲਾਸਾ ਕੀਤਾ ਗਿਆ ਹੈ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜਥੇਦਾਰ ਪੰਜਾਬ ਦੇ ਸੰਤਾਂ ਕੋਲੋਂ 50-50 ਹਜ਼ਾਰ ਦੇ ਲਿਫ਼ਾਫ਼ੇ ਲੈਂਦੇ ਹਨ ਤੇ ਉਹ ਖ਼ੁਦ ਵੀ ਇਹ ਲਿਫ਼ਾਫ਼ੇ ਜਥੇਦਾਰਾਂ ਨੂੰ ਦਿੰਦੇ ਰਹੇ ਹਨ।
ਇਸ ਬਿਆਨ ਰਾਹੀਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਮੁੜ ਸੰਤ ਸਮਾਜ ਵੱਲ ਇਸ਼ਾਰਾ ਕੀਤਾ ਗਿਆ ਹੈ। ਸੰਤ ਸਮਾਜ ਦਰਮਿਆਨ ਪੈਦਾ ਹੋਏ ਵਿਵਾਦ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸੰਤ ਸਮਾਜ ਦਾ ਪੱਖ ਪੂਰਿਆ ਗਿਆ ਸੀ। ਜਿਸ ਕਾਰਨ ਢੱਡਰੀਆਂ ਵਾਲਿਆਂ ਨੇ ਅੰਮ੍ਰਿਤਸਰ ਵਿਖੇ ਹੋਣ ਵਾਲੇ ਗੁਰਮਤਿ ਸਮਾਗਮ ਰੱਦ ਕਰ ਦਿੱਤੇ ਸਨ।ਇਸ ਪੂਰੇ ਵਿਵਾਦ ਤੋਂ ਬਾਅਦ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਖਿਆ ਕਿ “ਜਦੋਂ ਤੋਂ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਸਹੀ ਰੂਪ ‘ਚ ਸਮਝਿਆ ਹੈ ਤਾਂ ਮੈਂ ਪੈਸਾ ਦੇਣਾ ਬੰਦ ਕਰ ਦਿੱਤਾ ਤੇ ਹੁਣ ਜਥੇਦਾਰਾਂ ਨੇ ਸਿੱਖੀ ਦੇ ਪ੍ਰਚਾਰ ਨੂੰ ਰੋਕ ਕੇ ਸੰਤ ਸਮਾਜ ਦਾ ਸਾਥ ਦਿੱਤਾ ਹੈ ਜਿਸ ਤੋਂ ਸਾਫ ਹੈ ਕਿ ਮੌਜੂਦਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਗਾ ਰਹੇ ਹਨ”।