Breaking News
Home / ਕੈਨੇਡਾ / ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਲਾਇਆ ਸੈਂਟਰ ਆਈਲੈਂਡ ਦਾ ਟੂਰ

ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਲਾਇਆ ਸੈਂਟਰ ਆਈਲੈਂਡ ਦਾ ਟੂਰ

ਬਰੈਂਪਟਨ/ਡਾ. ਝੰਡ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਲੰਘੇ ਐਤਵਾਰ 17 ਜੁਲਾਈ ਨੂੰ ਸੈਂਟਰ ਆਈਲੈਂਡ ਦਾ ਟੂਰ ਲਾਇਆ ਗਿਆ। ਕਲੱਬ ਦਾ ਗਰੁੱਪ ਕਾਫੀ ਵੱਡਾ ਹੋਣ ਕਰਕੇ ਸਾਰੇ ਗਰੁੱਪ ਦੇ ਮੈਂਬਰਾਂ ਦੀਆਂ ਬੀਬੀਆਂ ਤੇ ਮਰਦਾਂ ਦੀਆਂ ਵੱਖ-ਵੱਖ ਗਰੁੱਪ ਫ਼ੋਟੋਆਂ ਲਈਆਂ ਗਈਆਂ ਅਤੇ ਫਿਰ 10.00 ਵਜੇ ਸਾਰੇ ਮੈਂਬਰ ਤਿੰਨ ਸਕੂਲ ਬੱਸਾਂ ਵਿਚ ਸਵਾਰ ਹੋ ਕੇ ਗਿਆਰਾਂ ਵਜੇ ਦੇ ਕਰੀਬ ਟੋਰਾਂਟੋ ਡਾਊਨ ਟਾਊਨ ਫ਼ੈਰੀ ਸਟੇਸ਼ਨ ਦੇ ਸਾਹਮਣੇ ਪਹੁੰਚੇ। ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਤੇ ਰੈੱਡ ਵਿਲੋ ਸੀਨੀਅਰਜ਼ ਕਲੱਬ ਦੇ ਉਪ-ਪ੍ਰਧਾਨ ਅਮਰਜੀਤ ਸਿੰਘ ਨੇ ਫ਼ੈਰੀ ਦੀਆਂ ਟਿਕਟਾਂ ਲਈਆਂ ਅਤੇ ਸਾਰੇ ਮੈਂਬਰ ਫ਼ੈਰੀ ਵਿਚ ਬੈਠ ਕੇ ਸੈਂਟਰ ਆਈਲੈਂਡ ਦੇ ਮੁੱਖ ਪਾਰਕ ਵਿਚ ਪਹੁੰਚ ਗਏ। ਛੋਟੇ-ਛੋਟੇ ਗਰੁੱਪਾਂ ਵਿਚ ਏਧਰ ਓਧਰ ਘੁੰਮ ਫਿਰ ਕੇ ਉਨ੍ਹਾਂ ਨੇ ਸੈਂਟਰ ਆਈਲੈਂਡ ਦੀ ਸੁੰਦਰਤਾ ਦਾ ਅਨੰਦ ਮਾਣਿਆਂ। ਇਨ੍ਹਾਂ ਦਿਨਾਂ ਵਿਚ ਸਾਊਥ ਏਸ਼ੀਅਨ ਭਾਈਚਾਰੇ ਦਾ ਧਾਰਮਿਕ ਸਮਾਗ਼ਮ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਚੱਲ ਰਿਹਾ ਸੀ ਜਿੱਥੇ ਇਸ ਦੇ ਪ੍ਰਬੰਧਕਾਂ ਵੱਲੋਂ ਖਾਣੇ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਦੁਪਹਿਰ ਦਾ ਭੋਜਨ ਉੱਥੇ ਹੀ ਛਕਿਆ ਗਿਆ ਅਤੇ ਕਈਆਂ ਨੇ ਇਸ ਪ੍ਰੋਗਰਾਮ ਵਿਚ ਚੱਲ ਰਹੇ ਧਾਰਮਿਕ ਗੀਤ-ਸੰਗੀਤ ਦਾ ਵੀ ਖ਼ੂਬ ਅਨੰਦ ਲਿਆ। ਫਿਰ ਬੀਬੀਆਂ ਨੇ ਆਪਣਾ ਵੱਖਰਾ ਪਿੜ ਬਣਾ ਲਿਆ ਅਤੇ ਸਾਵਣ ਮਹੀਨੇ ਨਾਲ ਜੁੜੀਆਂ ਬੋਲੀਆਂ ਪਾ ਕੇ ਖ਼ੂਬ ਗਿੱਧਾ ਪਾਇਆ। ਸ਼ਾਮ ਪੰਜ ਵਜੇ ਸਾਰੇ ਮੈਂਬਰ ਫ਼ੈਰੀ ਸਟੇਸ਼ਨ ਦੇ ਨਜ਼ਦੀਕ ਇਕੱਠੇ ਹੋ ਗਏ ਅਤੇ ਫ਼ੈਰੀ ਵਿਚ ਬੈਠ ਕੇ ਓਨਟਾਰੀਓ ਝੀਲ ਦੇ ਦੂਸਰੇ ਕਿਨਾਰੇ ਪਹੁੰਚੇ ਜਿੱਥੇ ਬੱਸਾਂ ਉਨ੍ਹਾਂ ਦੀ ਉਡੀਕ ਕਰ ਰਹੀਆਂ ਸਨ। ਸਾਢੇ ਪੰਜ ਵਜੇ ਬੱਸਾਂ ਵਿਚ ਸਵਾਰ ਹੋ ਕੇ ਲੱਗਭੱਗ ਸਾਢੇ ਛੇ ਰੈੱਡ ਵਿਲੋ ਪਾਰਕ ਪਹੁੰਚ ਕੇ ਘਰੋ-ਘਰੀਂ ਰਵਾਨਾ ਹੋਏ। ਇਸ ਤਰ੍ਹਾਂ ਕਲੱਬ ਦੇ ਮੈਂਬਰਾਂ ਲਈ ਇਸ ਸੀਜ਼ਨ ਦਾ ਇਹ ਦੂਸਰਾ ਟੂਰ ਵੀ ਯਾਦਗਾਰੀ ਬਣ ਗਿਆ।

 

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …