ਜਦ ਦੀ ਮੈਂ ਸੁਰਤ ਸੰਭਾਲੀ ਹੈ ਵੱਖ ਵੱਖ ਤਰਾ੍ਹਂ ਦੇ ਹੋਕੇ ਸੁਣਦਾ ਆ ਰਿਹਾ ਹਾਂ। ਜਿਹੜੇ ਹੋਕੇ ਮੈੰਨੂੰ ਯਾਦ ਨੇ ਉਹਨਾ ਵਿੱਚ ”ਭਾਂਡੇ ਕਲੀ ਕਰਾ ਲੋ ਬਈ” ਤਾਂ ਆਮ ਹੀ ਸੁਣੀਦਾ ਸੀ। ਇੱਕ ਹੋਰ ਹੋਕਾ ਮੇਰੇ ਜਿਹਨ ਵਿੱਚ ਡੂੰਘੀ ਤਰ੍ਹਾਂ ਉੱਕਰਿਆ ਹੈ ਉਹ ਹੈ ਜਦੋਂ ਪਿੰਡ ਦੀ ਟਿੱਬੀ ਤੇ ਗੱਡੀਆਂ ਵਾਲਿਆਂ ਦਾ ਡੇਰਾ ਲਗਦਾ ਸੀ। ਪਿੰਡ ਦੀਆਂ ਵੀਹੀਆਂ ਵਿੱਚ ਹੋਕਾ ਸੁਣਦਾ ਸੀ, ”ਤੱਕਲੇ ਸਿੱਧੇ ਕਰਵਾ ਲੋ” ਅਤੇ, ”ਬਾਲਟੀਆਂ ਨੂੰ ਥੱਲੇ ਲਗਾ ਲੋ”। ਲੋੜਵੰਦ ਲੋਕ ਤੱਕਲੇ ਸਿੱਧੇ ਕਰਵਾ ਲੈਂਦੇ ਤੇ ਬਾਲਟੀਆਂ ਨੂੰ ਥੱਲੇ ਲਗਵਾ ਲੈਂਦੇ। ਕਹੀਆਂ, ਖੁਰਪੇ, ਦਾਤੀਆਂ ਬਣਵਾ ਲੈਂਦੇ । ਇਸੇ ਤਰ੍ਹਾਂ ਸ਼ਬਜੀ ਵੇਚਣ ਵਾਲਿਆਂ ਦਾ ਹੋਕਾ ”ਹਰੇ ਮਟਰ ਲਓ, ਲਾਲ ਟਮਾਟਰ ਲਓ, ਪਾਲਕ ਲਓ, ਮੇਥੀ ਲਓ, ਗੰਢੇ ਲਓ, ਪਿਆਜ਼ ਲਓ, ਗੋਭੀ ਲਓ, ਬੈਂਗਣ ਲਓ ਵਗੈਰਾ” ਸੁਣ ਕੇ ਗਲੀ ਦੀਆਂ ਔਰਤਾਂ ਆ ਜਾਂਦੀਆਂ ਤੇ ਭਾਅ ਬਣਾ ਕੇ ਘਰੇ ਬੈਠੀਆਂ ਬਿਠਾਈਆਂ ਲੋੜ ਅਨੁਸਾਰ ਸ਼ਬਜ਼ੀ ਲੈ ਲੈਂਦੀਆਂ। ਇਸੇ ਤਰ੍ਹਾਂ ”ਠੰਡੀ ਠਾਰ ਕੁਲਫੀ, ਹਾਜ਼ਮੇਦਾਰ ਕੁਲਫੀ” ਦਾ ਹੋਕਾ ਸੁਣ ਕੇ ਨਿਆਣੇ ਘਰਾਂ ਚ ਭਸੂੜੀ ਪਾ ਦਿੰਦੇ ਕੁੱਝ ਇੱਕ ਨੂੰ ਕੁਲਫੀ ਤੇ ਕੁੱਝ ਨੂੰ ਲਾਰੇ, ਕੁੱਝ ਨੂੰ ਝਿੜਕਾਂ ਤੇ ਕੁੱਝ ਨੂੰ ਸਿੱਖਿਆ ”ਪੁੱਤ ਜਾਂ ਧੀਏ ਗਲਾ ਖਰਾਬ ਹੋ ਜੂ” ਨਾਲ ਸਾਰਨਾ ਪੈਂਦਾ।
ਪਰ ਅੱਜ ਕੱਲ ਕੁੱਝ ਹੋਕੇ ਹਨ ਜੋ ਸੁਣਦੇ ਨਹੀਂ ਬੱਸ ਚੁੱਪ ਚੁਪੀਤੇ ਮਾਰੇ ਜਾਂਦੇ ਹਨ ਤੇ ਹੋਕਾ ਦੇਣ ਵਾਲੇ ਦਾ ਮਾਲ ਵੀ ਆਮ ਤੌਰ ਤੇ ਵਾਹਵਾ ਵਿਕ ਜਾਂਦਾ ਹੈ। ਇੱਥੇ ਬਰੈਂਪਟਨ ਵਿੱਚ ਬਹੁਤ ਸਾਰੀਆਂ ਸੀਨੀਅਰ ਕਲੱਬਾਂ ਬਣੀਆਂ ਹੋਈਆਂ ਹਨ। ਜਿੱਥੇ ਆਮ ਹੀ ਚੌਧਰ ਖਾਤਰ ਲੜਾਈ ਦਾ ਅਖਾੜਾ ਬਣ ਜਾਂਦਾ ਹੈ। ਕੁੱਝ ਮਹਾਂਰਥੀ ਅਜਿਹੇ ਹਨ ਜੋ ਇਹਨਾਂ ਚੌਧਰ ਦੇ ਭੁੱਖਿਆਂ ਦੀ ਭੁੱਖ ਜਗਾ ਕੇ ਆਪ ਚੌਧਰ ਮੱਲੀ ਰਖਦੇ ਹਨ। ਸਾਡੇ ਇਲਾਕੇ ਵਿੱਚ ਅਜਿਹਾ ਹੀ ਇੱਕ ਘੜੱਮ ਚੌਧਰੀ ਹੈ ਜੋ ਇਹੀ ਦਾਅ ਪੇਚ ਵਰਤ ਰਿਹਾ ਹੈ। ਅਜਿਹੇ ਦਾਅ ਪੇਚ ਵਰਤਣ ਵਾਲੇ ਨੂੰ ਸਿਰੇ ਦਾ ਢੀਠ ਹੋਣਾ ਪੈਂਦਾ ਹੈ ਤੇ ਇਹ ਗੁਣ ਉਸ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਅੱਜ ਜਿਹਦੇ ਨਾਲ ਬੋਲ ਕਬੋਲ, ਕੱਲ੍ਹ ਨੂੰ ਉਹਦੇ ਬਹਿੰਦਾ ਕੋਲ। ਹੈ ਜਬਾਨ ਦਾ ਬੜਾ ਮਿੱਠਾ ਤੇ ਅੰਦਰੋਂ ਕੌੜੀ ਜਹਿਰ। ਰਾਹ ਖਹਿੜੇ ਮਿਲਣ ਤੇ 100 ਫੁੱਟ ਦੂਰੋਂ ਹੀ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਊ ਪਰ ਅਗਲਾ 30 ਫੁੱਟ ਵੀ ਅੱਗੇ ਨੀ ਲੰਘਿਆ ਹੋਣਾ ਉਸੇ ਤੇ ਤਵਾ ਲਾਊ। ਉਹ ਨਵੇਂ ਕਲੱਬ ਬਣਾਉਣ ਦਾ ਮਾਹਰ ਹੈ। ਇੱਕ ਤੋਂ ਦੋ ਤੇ ਦੋ ਤੋਂ ਤਿੰਨ ਕਲੱਬ ਉਸੇ ਦੀ ਕਿਰਪਾ ਦ੍ਰਿਸ਼ਟੀ ਨਾਲ ਬਣੇ ਹਨ। ਨਵਾਂ ਕਲੱਬ ਬਣਨ ਤੇ ਉੱਤੋਂ ਅਫਸੋਸ ਕਰੂ ਤੇ ਢਿੱਡੋਂ ਹੱਸੂ। ਜੇ ਕਿਸੇ ਵਿੱਚ ਹਾਊਮੇ ਹੈ ਤੇ ਆਪਣੀ ਹਾਊਮੇ ਨੂੰ ਪੱਠੇ ਪਾਉਣ ਲਈ ਨਵਾਂ ਕਲੱਬ ਬਣਾ ਕੇ ਉਸ ਦਾ ਪਰਧਾਨ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਮਿਲ ਸਕਦਾ ਹੈ। ਫੋਨ ਨੰਬਰ ਗੁਪਤ ਹੈ ਫਿਰ ਵੀ ਕਿਸੇ ਨਾ ਕਿਸੇ ਰਾਹੀਂ ਉਸਨੂੰ ਮਿਲਿਆ ਜਾ ਸਕਦਾ ਹੈ। – ਹਰਜੀਤ
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …