Breaking News
Home / ਹਫ਼ਤਾਵਾਰੀ ਫੇਰੀ / ਦਲਵੀਰ ਭੰਡਾਰੀ 193 ‘ਚੋਂ 183 ਵੋਟਾਂ ਲੈ ਕੇ ਕੌਮਾਂਤਰੀ ਕੋਰਟ ‘ਚ ਬਣੇ ਜੱਜ

ਦਲਵੀਰ ਭੰਡਾਰੀ 193 ‘ਚੋਂ 183 ਵੋਟਾਂ ਲੈ ਕੇ ਕੌਮਾਂਤਰੀ ਕੋਰਟ ‘ਚ ਬਣੇ ਜੱਜ

ਨਰਿੰਦਰ ਮੋਦੀ ਅਤੇ ਸੁਸ਼ਮਾ ਸਵਰਾਜ ਨੇ ਦਿੱਤੀ ਵਧਾਈ
ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼
ਭਾਰਤ ਨੂੰ ਸੰਯੁਕਤ ਰਾਸ਼ਟਰ (ਯੂਐੱਨ) ਵਿਚ ਵੱਡੀ ਕੂਟਨੀਤਕ ਜਿੱਤ ਮਿਲੀ ਹੈ। ਭਾਰਤ ਦੇ ਦਲਵੀਰ ਭੰਡਾਰੀ ਮੰਗਲਵਾਰ ਨੂੰ ਕੌਮਾਂਤਰੀ ਕੋਰਟ (ਆਈਸੀਜੇ) ਲਈ ਫਿਰ ਚੁਣੇ ਗਏ ਹਨ। ਬਰਤਾਨੀਆ ਉਨ੍ਹਾਂ ਦੀ ਚੋਣ ਨੂੰ ਲੈ ਕੇ ਅੜਿੱਕਾ ਲਗਾ ਰਿਹਾ ਸੀ ਪਰ ਯੂਐੱਨ ਮਹਾਸਭਾ ਵਿਚ ਭਾਰਤੀ ਉਮੀਦਵਾਰ ਨੂੰ ਜ਼ੋਰਦਾਰ ਹਮਾਇਤ ਦੇ ਬਾਅਦ ਉਸ ਨੂੰ ਆਪਣਾ ਉਮੀਦਵਾਰ ਹਟਾਉਣਾ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੌਮਾਂਤਰੀ ਕੋਰਟ ਵਿਚ ਚੁਣੇ ਜਾਣ ‘ਤੇ ਭੰਡਾਰੀ ਨੂੰ ਵਧਾਈ ਦਿੱਤੀ ਹੈ।
ਯੂਐੱਨ ਹੈੱਡਕੁਆਰਟਰ ਵਿਚ ਇਕ ਹੀ ਸਮੇਂ ‘ਚ ਵੱਖ-ਵੱਖ ਹੋਏ ਮਤਦਾਨ ਵਿਚ ਭੰਡਾਰੀ ਨੂੰ ਮਹਾਸਭਾ ਵਿਚ 193 ‘ਚੋਂ 183 ਵੋਟਾਂ ਅਤੇ ਸੁਰੱਖਿਆ ਪ੍ਰੀਸ਼ਦ ਵਿਚ ਸਾਰੀਆਂ 15 ਵੋਟਾਂ ਮਿਲੀਆਂ। ਚੋਣ ਨਤੀਜੇ ਆਉਣ ਦੇ ਤੁਰੰਤ ਬਾਅਦ ਮਹਾਸਭਾ ਵਿਚ ਹੋਰ ਮੁਲਕਾਂ ਦੇ ਨੁਮਾਇੰਦਿਆਂ ਨੇ ਯੂਐੱਨ ਵਿਚ ਭਾਰਤ ਦੇ ਸਥਾਈ ਨੁਮਾਇੰਦੇ ਸਈਅਦ ਅਕਬਰੂਦੀਨ ਨੂੰ ਵਧਾਈ ਦਿੱਤੀ।
ਕੌਮਾਂਤਰੀ ਕੋਰਟ ਦੇ ਪੰਜ ਜੱਜਾਂ ਵਿਚੋਂ ਚਾਰ ਦੀ ਚੋਣ ਹੋ ਗਈ ਸੀ ਪਰ ਇਕ ਸੀਟ ‘ਤੇ ਫ਼ੈਸਲਾ ਨਹੀਂ ਹੋ ਸਕਿਆ ਸੀ। ਇਸ ਦੇ ਲਈ ਭੰਡਾਰੀ ਅਤੇ ਬਰਤਾਨੀਆ ਦੇ ਉਮੀਦਵਾਰ ਯਿਸਟੋਫਰ ਗ੍ਰੀਨਵੁੱਡ ਦਰਮਿਆਨ ਸਖ਼ਤ ਮੁਕਾਬਲਾ ਸੀ। ਯੂਐੱਨ ਵਿਚ ਬਰਤਾਨੀਆ ਦੇ ਸਥਾਈ ਨੁਮਾਇੰਦੇ ਮੈਥਿਊ ਰਿਯਾਫਟ ਨੇ ਸੰਯੁਕਤ ਸੰਮੇਲਨ ਬੁਲਾਉਣ ਦੀ ਮੰਗ ਕੀਤੀ ਸੀ ਜਿਸ ਦਾ ਭਾਰਤ ਨੇ ਵਿਰੋਧ ਕੀਤਾ ਸੀ। ਇਸ ਦੌਰਾਨ ਇਕ ਨਾਟਕੀ ਘਟਨਾਕ੍ਰਮ ਵਿਚ 12ਵੇਂ ਦੌਰ ਦੇ ਮਤਦਾਨ ਤੋਂ ਕਰੀਬ ਅੱਧੇ ਘੰਟਾ ਪਹਿਲਾਂ ਰਿਯਾਫਟ ਨੇ ਯੂਐੱਨ ਮਹਾਸਭਾ ਅਤੇ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨਾਂ ਨੂੰ ਪੱਤਰ ਲਿਖ ਕੇ ਆਪਣੇ ਉਮੀਦਵਾਰ ਦਾ ਨਾਂ ਵਾਪਸ ਲੈਣ ਦਾ ਐਲਾਨ ਕੀਤਾ। ਪੱਤਰ ਵਿਚ ਕਿਹਾ ਗਿਆ ਕਿ ਅਗਲੇ ਦੌਰ ਦੇ ਮਤਦਾਨ ਨਾਲ ਵੀ ਮੌਜੂਦਾ ਰੇੜਕਾ ਖ਼ਤਮ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਲਈ ਸਾਡੇ ਨਾਲ ਚਰਚਾ ਦੇ ਬਾਅਦ ਗ੍ਰੀਨਵੁੱਡ ਨੇ ਨਾਂ ਵਾਪਸ ਲਏ ਜਾਣ ਦੀ ਪੁਸ਼ਟੀ ਕੀਤੀ। ਇਹ ਫ਼ੈਸਲਾ ਲੈਂਦੇ ਸਮੇਂ ਅਸੀਂ ਬਰਤਾਨੀਆ ਅਤੇ ਭਾਰਤ ਵਿਚ ਨਜ਼ਦੀਕੀ ਸਬੰਧਾਂ ਨੂੰ ਧਿਆਨ ਵਿਚ ਰੱਖਿਆ। ਅਸੀਂ ਅੱਗੇ ਵੀ ਇਸ ਨੂੰ ਚੰਗਾ ਬਣਾ ਕੇ ਰੱਖਾਂਗੇ। ਇਸ ਦੇ ਬਾਅਦ ਮਹਾਸਭਾ ਅਤੇ ਸੁਰੱਖਿਆ ਪ੍ਰੀਸ਼ਦ ਦੇ ਚੇਅਰਮੈਨਾਂ ਨੇ ਐਲਾਨ ਕੀਤਾ ਕਿ ਨਵੇਂ ਮਤਦਾਨ ਪੱਤਰ ਵਿਚ ਸਿਰਫ਼ ਭੰਡਾਰੀ ਦਾ ਨਾਂ ਹੋਵੇਗਾ।
ਬਰਤਾਨੀਆ ਦਾ ਕੋਈ ਜੱਜ ਨਹੀਂ
71 ਸਾਲ ਦੇ ਇਤਿਹਾਸ ‘ਚ ਪਹਿਲੀ ਵਾਰੀ ਕੌਮਾਂਤਰੀ ਕੋਰਟ ‘ਚ ਬਰਤਾਨੀਆ ਦਾ ਕੋਈ ਜੱਜ ਨਹੀਂ। ਹੇਗ ਸਥਿਤ ਕੌਮਾਂਤਰੀ ਕੋਰਟ ‘ਚ 15 ਜੱਜਾਂ ਦਾ ਬੈਂਚ ਹੁੰਦਾ ਹੈ। ਇਨ੍ਹਾਂ ‘ਚੋਂ ਜੱਜਾਂ ਦੀ ਚੋਣ ਹਰ ਤੀਜੇ ਸਾਲ ਹੁੰਦੀ ਹੈ। ਜੱਜਾਂ ਦਾ ਕਾਰਜਕਾਲ ਨੌਂ ਸਾਲ ਦਾ ਹੁੰਦਾ ਹੈ।

 

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …