ਚੰਡੀਗੜ੍ਹ : ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਕੌਮੀ ਪ੍ਰੈੱਸ ਦਿਹਾੜੇ ਮੌਕੇ ‘ਰਾਜ ਭਾਸ਼ਾ ਕਮਿਸ਼ਨ’ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਪੰਜਾਬੀ ਭਾਸ਼ਾ ਐਕਟ ਨੂੰ ਮਜ਼ਬੂਤ ਕੀਤਾ ਜਾ ਸਕੇ। ਕੈਬਨਿਟ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਲੰਮੇ ਅਰਸੇ ਤੋਂ ਲਟਕ ਰਹੇ ਲਾਇਬਰੇਰੀ ਐਕਟ ਦਾ ਆਰਡੀਨੈੱਸ ਜਾਰੀ ਕਰਨ ਲਈ ਵਾਹ ਲਾਈ ਜਾਵੇਗੀ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਪੰਜਾਬੀ ਲੇਖਕ ਸਭਾ ਤੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਦੇ ਨਾਲ ਮੰਗਲਵਾਰ ਨੂੰ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ‘ਪੰਜਾਬੀ ਭਾਸ਼ਾ ਤੇ ਪੱਤਰਕਾਰੀ ਨੂੰ ਚੁਣੌਤੀਆਂ’ ਵਿਸ਼ੇ ‘ਤੇ ਵਿਚਾਰ-ਚਰਚਾ ਕਰਾਈ ਗਈ, ਜਿਸ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਯਾਦ ਕੀਤਾ ਗਿਆ। ਵਿਚਾਰ-ਚਰਚਾ ਵਿਚ ਪੰਜਾਬੀ ਭਾਸ਼ਾ ਅਤੇ ਪੱਤਰਕਾਰੀ ਨੂੰ ਚੁਣੌਤੀਆਂ ਦੀ ਗੱਲ ਕਰਦਿਆਂ ਬੁਲਾਰਿਆ ਨੇ ਇੱਕ ਬਦਲਵੇਂ ਮੀਡੀਆਂ ਵਜੋਂ ਯੂ-ਟਿਊਬ ਚੈੱਨਲਾਂ ਅਤੇ ਸੋਸ਼ਲ ਮੀਡੀਆ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਪਰਗਟ ਸਿੰਘ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਛੇ ਸਾਥੀਆਂ ਨੂੰ ਵੀ ਸਲਾਮ ਕੀਤਾ।
ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਪੱਤਰਕਾਰਾਂ ਲਈ ਆਦਰਸ਼ ਦੱਸਦਿਆਂ ਕਿਹਾ ਕਿ ਪੰਜਾਬ ਦੀ ਤਰੱਕੀ ਵਿੱਚ ਵੀ ਪੰਜਾਬੀ ਪੱਤਰਕਾਰੀ ਦਾ ਵੱਡਾ ਰੋਲ ਰਿਹਾ ਹੈ। ਉਨ੍ਹਾਂ ਸਮੂਹ ਸਾਹਿਤਕਾਰਾਂ, ਪੱਤਰਕਾਰਾਂ, ਅਕਾਦਮਿਕ ਮਾਹਿਰਾਂ ਤੇ ਸਿੱਖਿਆ ਸਾਸਤਰੀਆਂ ਨੂੰ ਅੱਗੇ ਆਉਣ ਦੀ ਸੱਦਾ ਦਿੱਤਾ ਤਾਂ ਜੋ ਭਾਸ਼ਾ ਐਕਟ ਨੂੰ ਸੂਬਾ ਅਤੇ ਜ਼ਿਲ੍ਹਾ ਪੱਧਰ ਉਤੇ ਲਾਗੂ ਕਰਨ ਲਈ ਕਮਿਸ਼ਨ ਅਤੇ ਕਮੇਟੀਆਂ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕੇ।