Breaking News
Home / ਹਫ਼ਤਾਵਾਰੀ ਫੇਰੀ / ਬੀਸੀ ‘ਚ ਹੜ੍ਹਾਂ ਕਾਰਨ ਭਾਰੀ ਤਬਾਹੀ ਤੇ ਕਈ ਮੌਤਾਂ ਤੋਂ ਬਾਅਦ ਐਮਰਜੈਂਸੀ ਦਾ ਐਲਾਨ

ਬੀਸੀ ‘ਚ ਹੜ੍ਹਾਂ ਕਾਰਨ ਭਾਰੀ ਤਬਾਹੀ ਤੇ ਕਈ ਮੌਤਾਂ ਤੋਂ ਬਾਅਦ ਐਮਰਜੈਂਸੀ ਦਾ ਐਲਾਨ

ਬ੍ਰਿਟਿਸ ਕੋਲੰਬੀਆ/ਬਿਊਰੋ ਨਿਊਜ਼ : ਦੱਖਣੀ ਬੀ ਸੀ ਵਿੱਚ ਆਏ ਹੜ੍ਹਾਂ ਕਾਰਨ ਵਿਗੜੇ ਹਾਲਾਤ ਦੇ ਮੱਦੇਨਜਰ ਪ੍ਰੋਵਿੰਸ ਵੱਲੋਂ ਸਟੇਟ ਆਫ ਐਮਰਜੰਸੀ ਦਾ ਐਲਾਨ ਕੀਤਾ ਗਿਆ। ਪ੍ਰੀਮੀਅਰ ਜੌਹਨ ਹੌਰਗਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕੀਤਾ।ਉਨ੍ਹਾਂ ਆਖਿਆ ਕਿ ਇਸ ਐਲਾਨ ਨਾਲ ਪ੍ਰੋਵਿੰਸ ਭਰ ਵਿੱਚ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਤੇ ਸਪਲਾਈਜ਼ ਮਿਲਦੀਆਂ ਰਹਿਣਗੀਆਂ। ਲੋਕਾਂ ਨੂੰ ਜਦੋਂ ਤੱਕ ਜ਼ਰੂਰੀ ਨਾ ਹੋਵੇ ਟਰੈਵਲ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪ੍ਰੋਵਿੰਸ ਵੱਲੋਂ ਮੈਡੀਕਲ ਤੇ ਐਮਰਜੈਂਸੀ ਸੇਵਾਵਾਂ ਦੇ ਨਾਲ ਨਾਲ ਜ਼ਰੂਰਤਮੰਦ ਕਮਿਊਨਿਟੀਜ਼ ਤੇ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦਾ ਉਪਰਾਲਾ ਵੀ ਕੀਤਾ ਜਾਵੇਗਾ। ਹੌਰਗਨ ਨੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਲੋੜੋਂ ਵੱਧ ਸਮਾਨ ਇੱਕਠਾ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਆਖਿਆ ਕਿ ਜੋ ਤੁਹਾਨੂੰ ਚਾਹੀਦਾ ਹੈ ਉਹ ਤੁਹਾਡੇ ਗੁਆਂਢੀਆਂ ਨੂੰ ਵੀ ਚਾਹੀਦਾ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਬੀ ਸੀ ਦੀ ਸਪਲਾਈ ਚੇਨ ਦੇ ਜਲਦ ਬਹਾਲ ਹਣ ਦੀ ਉਨ੍ਹਾਂ ਨੂੰ ਪੂਰੀ ਉਮੀਦ ਹੈ। ਜ਼ਿਕਰਯੋਗ ਹੈ ਕਿ ਢਿੱਗਾਂ ਡਿੱਗਣ, ਜ਼ਮੀਨ ਖਿਸਕਣ ਤੇ ਹੜ੍ਹਾਂ ਕਾਰਨ ਹਾਈਵੇਅ ਬੰਦ ਹੋ ਗਏ ਤੇ ਲੋਅਰ ਮੇਨਲੈਂਡ ਬਾਕੀ ਦੇ ਪ੍ਰੋਵਿੰਸ ਨਾਲੋਂ ਕੱਟਿਆ ਗਿਆ।
ਇਸ ਤੋਂ ਬਾਅਦ ਤੋਂ ਹੀ ਅਗਾਸੀਜ ਦੇ ਪੱਛਮ ਵੱਲ ਲੌਹੀਡ ਹਾਈਵੇਅ (ਹਾਈਵੇਅ 7) ਨੂੰ ਜ਼ਰੂਰੀ ਟਰੈਵਲ ਲਈ ਤੇ ਰਿਚਮੰਡ ਵਿੱਚ ਹਾਈਵੇਅ 99 ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ। ਟਰਾਂਸਪੋਰਟੇਸ਼ਨ ਮੰਤਰੀ ਰੌਬ ਫਲੇਮਿੰਗ ਨੇ ਆਖਿਆ ਕਿ ਇਹ ਉਨ੍ਹਾਂ ਲੋਕਾਂ ਲਈ ਖੋਲ੍ਹਿਆ ਗਿਆ ਹੈ ਜਿਨ੍ਹਾਂ ਨੂੰ ਆਪਣੇ ਪਸ਼ੂਆਂ ਨੂੰ, ਆਪਣੇ ਹੋਰ ਜ਼ਰੂਰੀ ਸਾਜ਼ੋ ਸਮਾਨ ਨੂੰ ਲਿਜਾਣਾ ਹੈ। ਪਬਲਿਕ ਸੇਫਟੀ ਮੰਤਰੀ ਮਾਈਕ ਫੈਰਨਵਰਥ ਨੇ ਆਖਿਆ ਕਿ ਇਹ ਸਮਾਂ ਮਨ ਪ੍ਰਚਾਵੇ ਲਈ ਘੁੰਮਣ ਫਿਰਨ ਦਾ ਨਹੀਂ ਹੈ। ਸਾਡਾ ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਤਹਿਸ-ਨਹਿਸ ਹੋ ਗਿਆ ਹੈ। ਆਪਣੀਆਂ ਸੜਕਾਂ ਤੇ ਰੇਲਵੇ ਨੂੰ ਮੁੜ ਲੀਹ ਉੱਤੇ ਲਿਆਉਣਾ ਸਾਡੀ ਨੰਬਰ ਵੰਨ ਤਰਜੀਹ ਹੈ। ਹੜ੍ਹਾਂ ਕਾਰਨ 17,775 ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਸਟੇਟ ਆਫ ਐਮਰਜੈਂਸੀ 14 ਦਿਨਾਂ ਲਈ ਪ੍ਰਭਾਵੀ ਰਹੇਗੀ ਤੇ ਲੋੜ ਪੈਣ ਉੱਤੇ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ।
ਹੜ੍ਹਾਂ ਕਾਰਨ ਕਈ ਜਾਨਾਂ ਗਈਆਂ : ਟਰੂਡੋ
ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨ-ਮਾਲ ਦੇ ਜ਼ਿਆਦਾ ਨੁਕਸਾਨ ਦਾ ਡਰ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਹੜ੍ਹਾਂ ਕਾਰਨ ਕਈ ਜਾਨਾਂ ਗਈਆਂ ਹਨ। ਦੱਖਣੀ ਬ੍ਰਿਟਿਸ਼ ਕੋਲੰਬੀਆ ਵਿੱਚ ਰਿਕਾਰਡ ਤੋੜ ਬਾਰਿਸ਼ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਹੇਠਲੇ ਹਿੱਸੇ ਅਤੇ ਸੂਬੇ ਦੇ ਅੰਦਰੂਨੀ ਹਿੱਸੇ ਵਿੱਚ ਪ੍ਰਮੁੱਖ ਸੜਕਾਂ ਹੜ੍ਹਾਂ ਵਿੱਚ ਡੁੱਬ ਗਈਆਂ। ਢਿੱਗਾਂ ਡਿੱਗਣ ਕਾਰਨ ਉਨ੍ਹਾਂ ਦਾ ਸੜਕ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਟੁੱਟ ਗਿਆ ਹੈ।

 

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …