Breaking News
Home / ਹਫ਼ਤਾਵਾਰੀ ਫੇਰੀ / ਅਮਰੀਕਾ-ਮੈਕਸੀਕੋ ਬਾਰਡਰ ਉਪਰ ਪਸਰਿਆ ਸੰਨਾਟਾ

ਅਮਰੀਕਾ-ਮੈਕਸੀਕੋ ਬਾਰਡਰ ਉਪਰ ਪਸਰਿਆ ਸੰਨਾਟਾ

ਪਰਵਾਸੀਆਂ ਦੀਆਂ ਭੀੜਾਂ ਹੋਈਆਂ ਖਤਮ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਡੋਨਾਲਡ ਟਰੰਪ ਪ੍ਰਸ਼ਾਸਨ ਦੀ ਸਖਤੀ ਕਾਰਨ ਕੈਲੀਫੋਰਨੀਆ-ਮੈਕਸੀਕੋ ਬਾਰਡਰ ਜੋ ਅਮਰੀਕਾ ਵਿਚ ਦਾਖਲ ਹੋਣ ਦਾ ਮੁੱਖ ਰਸਤਾ ਰਿਹਾ ਹੈ, ਉਪਰ ਸੁੰਨਸਾਨ ਪਸਰੀ ਹੋਈ ਹੈ। ਪਰਵਾਸੀਆਂ ਨੂੰ ਰੱਖਣ ਲਈ ਇੱਥੇ ਬਣਾਏ ਆਰਜੀ ਪਨਾਹ ਸਥਾਨ ਜੋ ਪਹਿਲਾਂ ਭਰੇ ਰਹਿੰਦੇ ਸਨ, ਇਸ ਵੇਲੇ ਤਕਰੀਬਨ ਖਾਲੀ ਹਨ।
ਮੀਡੀਆ ਦਾ ਰਿਪੋਰਟ ਅਨੁਸਾਰ ਕੈਲੀਫੋਰਨੀਆ-ਮੈਕਸੀਕੋ ਬਾਰਡਰ ਉਪਰ ਵਾਸੀਆਂ ਦੀ ਆਮਦ ਘਟ ਗਈ ਹੈ ਤੇ ਇਹ ਬੰਦ ਹੋਣ ਦੇ ਕੰਢੇ ‘ਤੇ ਪੁੱਜ ਗਈ ਹੈ, ਜਿਸ ਕਾਰਨ ਇੱਥੇ ਬਣਾਏ ਪਨਾਹ ਸਥਾਨਾਂ ਨੇ ਆਪਣੇ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ। ਰਿਪੋਰਟ ਅਨੁਸਾਰ ਬਹੁਤ ਸਾਰੀਆਂ ਗੈਰ ਮੁਨਾਫਾ ਸੰਸਥਾਵਾਂ ਜੋ ਪਹਿਲਾਂ ਇੱਥੇ ਸਰਗਰਮ ਸਨ, ਨੇ ਹੁਣ ਆਪਣੀ ਤਵੱਜੋਂ ਲੰਬੇ ਸਮੇਂ ਤੋਂ ਅਮਰੀਕਾ ਵਿਚ ਰਹਿ ਰਹੇ ਉਨ੍ਹਾਂ ਪਰਵਾਸੀਆਂ ਵੱਲ ਦੇਣੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਜੋ ਪਰਵਾਸੀ ਦੱਖਣੀ ਮੈਕਸੀਕੋ ਵਿਚ ਫਸੇ ਹੋਏ ਹਨ। ਰਿਪੋਰਟ ਅਨੁਸਾਰ ਗੈਰ ਕਾਨੂੰਨੀ ਪਰਵਾਸ ਨੂੰ ਰੋਕਣਾ ਡੋਨਾਲਡ ਟਰੰਪ ਦਾ ਮੁੱਖ ਚੋਣ ਮੁੱਦਾ ਸੀ ਤੇ ਸੱਤਾ ਸੰਭਾਲਣ ਉਪਰੰਤ ਉਸ ਨੇ ਆਪਣੇ ਸਾਰੇ ਸਾਧਨ ਪਰਵਾਸੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਣ ਉਪਰ ਲਾ ਦਿੱਤੇ ਹਨ।
ਸਰਹੱਦ ਉਪਰ ਫੌਜ ਤਾਇਨਾਤ ਹੈ, ਜੋ ਯੂਐਸ ਬਾਰਡਰ ਗਸ਼ਤ ਦਲਾਂ ਦੀ ਮੱਦਦ ਕਰ ਰਹੀ ਹੈ। ਇਸ ਤੋਂ ਇਲਾਵਾ 6 ਮੀਲ ਲੰਬੇ ਬਾਰਡਰ ‘ਤੇ ਬਣੀ ਕੰਧ ਉਪਰ ਨਵੇਂ ਸਿਰੇ ਤੋਂ ਮੋਰਚਾਬੰਦੀ ਕੀਤੀ ਗਈ ਹੈ ਤੇ ਕੰਧ ਉਪਰ ਹੋਰ ਕੰਡਿਆਲੀ ਤਾਰ ਲਾ ਦਿੱਤੀ ਗਈ ਹੈ। ਮੈਕਸੀਕੋ ਨੇ ਵੀ ਆਪਣੇਪਾਸੇ 10,000 ਨੈਸ਼ਨਲ ਗਾਰਡ ਤਾਇਨਾਤ ਕੀਤੇ ਹਨ, ਜੋ ਅਮਰੀਕੀ ਗਾਰਡਾਂ ਨਾਲ ਸਾਂਝੀ ਗਸ਼ਤ ਕਰਦੇ ਹਨ।
ਸੈਨ ਡੇਇਏਗੋ ਸੈਕਟਰ ਵਿਚ ਰੋਜ਼ਾਨਾ 30 ਤੋਂ 40 ਪਰਵਾਸੀਆਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਹਨ, ਜਦਕਿ ਪਹਿਲਾਂ ਰੋਜ਼ਾਨਾ 1200 ਤੋਂ ਵੀ ਵੱਧ ਗ੍ਰਿਫਤਾਰੀਆਂ ਹੁੰਦੀਆਂ ਸਨ।
ਰਿਪੋਰਟ ਅਨੁਸਾਰ ਪਹਿਲਾਂ ਇੱਥੇ ਅਮਰੀਕਾ ਵਿਚ ਸ਼ਰਨ ਲੈਣ ਵਾਲੇ ਪਰਵਾਸੀ ਹਜ਼ਾਰਾਂ ਦੀ ਗਿਣਤੀ ਵਿਚ ਜਮਾਂ ਰਹਿੰਦੇ ਸਨ, ਪਰੰਤੂ ਇਸ ਸਾਲ ਫਰਵਰੀ ਦੇ ਅੱਧ ਵਿਚ ਇੱਥੇ 20 ਪਰਵਾਸੀਆਂ ਦਾ ਆਖਰੀ ਸਮੂਹ ਵੇਖਿਆ ਗਿਆ ਸੀ, ਜਿਨ੍ਹਾਂ ਵਿਚ ਜ਼ਿਆਦਾਤਰ ਭਾਰਤੀ ਤੇ ਚੀਨੀ ਸਨ।
ਬਾਰਡਰ ਗਸ਼ਤ ਦਲ ਦੇ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਪਰਵਾਸੀ ਹੁਣ ਅਮਰੀਕਾ ਵਿਚ ਦਾਖਲ ਹੋਣ ਦੇ ਨਵੇਂ ਰਸਤੇ ਲੱਭ ਸਕਦੇ ਹਨ ਤੇ ਉਹ ਕੈਲੀਫੋਰਨੀਆ ਵਿਚ ਕਿਸ਼ਤੀ ਰਾਹੀਂ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰ ਸਕਦੇ ਹਨ।

 

Check Also

ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ

ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …