ਇਰਾਨ ਦੇ ਹਮਲਿਆਂ ਕਰਕੇ ਚੁੱਕਿਆ ਗਿਆ ਕਦਮ
ਅੰਬੈਸੀ ਵਿਚੋਂ ਸਟਾਫ ਨੂੰ ਵੀ ਕੀਤਾ ਜਾ ਰਿਹਾ ਸੀਮਤ
ਓਟਵਾ/ਬਿਊਰੋ ਨਿਊਜ਼ : ਇਜ਼ਰਾਈਲ ‘ਤੇ ਇਰਾਨੀ ਹਮਲਿਆਂ ਦੀ ਵਧਦੀ ਸੰਭਾਵਨਾ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਨੇ ਇਜ਼ਰਾਈਲ ਵਿਚ ਤੈਨਾਤ ਆਪਣੇ ਡਿਪਲੋਮੇਟਸ ਦੇ ਬੱਚਿਆਂ ਨੂੰ ਇਜ਼ਰਾਈਲ ਵਿਚੋਂ ਬਾਹਰ ਕੱਢ ਲਿਆ ਹੈ। ਇਸਦੇ ਨਾਲ ਹੀ ਕੈਨੇਡਾ ਸਰਕਾਰ ਆਪਣੇ ਮਿਸ਼ਨਾਂ ਵਿਚ ਡਿਪਲੋਮੇਟਸ ਦੀਆਂ ਗਤੀਵਿਧੀਆਂ ਅਤੇ ਗਿਣਤੀ ਨੂੰ ਵੀ ਸੀਮਤ ਕਰ ਰਿਹਾ ਹੈ। ਹਮਾਸ ਦੇ ਚੀਫ ਹਾਨੀਏ ਦੀ ਹੱਤਿਆ ਤੋਂ ਬਾਅਦ ਇਰਾਨ ਲਗਾਤਾਰ ਜਵਾਬੀ ਹਮਲੇ ਦੀ ਧਮਕੀ ਦੇ ਰਿਹਾ ਹੈ ਅਤੇ ਇਹ ਹਮਲਾ ਕਦੇ ਵੀ ਹੋ ਸਕਦਾ ਹੈ।
ਇਸ ਮਾਮਲੇ ਵਿਚ ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਮਿਡਲ ਈਸਟ ਵਿਚ ਜੰਗ ਦੇ ਵਿਸਥਾਰ ਦੀ ਸ਼ੱਕ ਦੌਰਾਨ ਆਪਣੇ ਡਿਪਲੋਮੇਟਸ ਦੇ ਬੱਚਿਆਂ ਅਤੇ ਉਨ੍ਹਾਂ ਦੇ ਗਾਰਡੀਅਨਸ ਨੂੰ ਇਜ਼ਰਾਈਲ ਵਿਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ। ਇਹ ਵੀ ਕਿਹਾ ਗਿਆ ਕਿ ਅਚਾਨਕ ਜੰਗ ਸ਼ੁਰੂ ਹੋਣ ‘ਤੇ ਇਨ੍ਹਾਂ ਸਾਰਿਆਂ ਨੂੰ ਇਕਦਮ ਸੁਰੱਖਿਅਤ ਬਾਹਰ ਕੱਢਣ ਵਿਚ ਮੁਸ਼ਕਲ ਹੋ ਸਕਦੀ ਹੈ।
ਗਲੋਬਲ ਅਫੇਅਰਸ ਕੈਨੇਡਾ ਨੇ ਕਿਹਾ ਹੈ ਕਿ ਉਸ ਨੇ ਬੱਚਿਆਂ ਅਤੇ ਉਨ੍ਹਾਂ ਦੇ ਗਾਰਡੀਅਨਸ ਨੂੰ ਅਸਥਾਈ ਤੌਰ ‘ਤੇ ਸੁਰੱਖਿਅਤ ਤੀਜੇ ਦੇਸ਼ ‘ਚ ਟਰਾਂਸਫਰ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਹਾਲਾਂਕਿ ਕੈਨੇਡੀਅਨ ਅੰਬੈਸੀ ਅਤੇ ਹੋਰ ਦਫਤਰਾਂ ਦੇ ਕਰਮਚਾਰੀਆਂ ਦੇ ਇਜ਼ਰਾਈਲ ਵਿਚ ਹੀ ਬਣੇ ਰਹਿਣ ਦੀ ਉਮੀਦ ਹੈ।
ਗਲੋਬਲ ਅਫੇਅਰਜ਼ ਕੈਨੇਡਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਤੇਲ ਅਵੀਵ, ਬੇਰੂਤ ਤੇ ਲਿਬਨਾਨ ਵਿਚ ਕੈਨੇਡੀਅਨ ਅੰਬੈਸੀ ਅਤੇ ਫਲਸਤੀਨੀ ਅਥਾਰਿਟੀ ਵਿਚ ਕੈਨੇਡਾ ਆਫਿਸ ਸਾਰੇ ਪੂਰੀ ਤਰ੍ਹਾਂ ਨਾਲ ਕੰਮ ਕਰ ਰਹੇ ਹਨ ਅਤੇ ਕੈਨੇਡਾ ਦੇ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰਖ ਰਹੇ ਹਨ। ਉਥੇ ਸਾਰੇ ਲੋਕਾਂ ਨੂੰ ਕਾਊਂਸਲਰ ਸੇਵਾਵਾਂ ਵੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹਨ।
ਪੱਛਮੀ ਤੱਟ ਦੇ ਨੇੜੇ ਰਾਮੱਲਾ ਅਤੇ ਲਿਬਨਾਨ ਦੇ ਬੇਰੂਤ ਵਿੱਚ ਤਾਇਨਾਤ ਡਿਪਲੋਮੈਟਾਂ ਦੇ ਪਰਿਵਾਰਕ ਮੈਂਬਰ ਨਹੀਂ ਹਨ। ਵਿਭਾਗ ਨੇ ਕਿਹਾ ਕਿ ਲਿਬਨਾਨ ਅਤੇ ਰਾਮੱਲਾ ਵਿੱਚ ਸਾਡੇ ਮਿਸ਼ਨ ਦਾ ਸਟਾਫ ਮੌਜੂਦ ਹੈ ਅਤੇ ਮੌਜੂਦਾ ਸਥਿਤੀ ਅਤੇ ਗਲੋਬਲ ਅਫੇਅਰਜ਼ ਕੈਨੇਡਾ ਦੁਆਰਾ ਚੁੱਕੇ ਜਾ ਰਹੇ ਕਦਮਾਂ ਬਾਰੇ ਨਿਯਮਿਤ ਤੌਰ ‘ਤੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਮੌਜੂਦਾ ਸੰਘਰਸ਼ ਪਿਛਲੇ ਸਾਲ 7 ਅਕਤੂਬਰ ਨੂੰ ਸ਼ੁਰੂ ਹੋਇਆ, ਜਦੋਂ ਹਮਾਸ ਨੇ ਇਜ਼ਰਾਈਲ ‘ਤੇ ਅਚਾਨਕ ਹਮਲਾ ਕੀਤਾ, ਜਿਸ ਨਾਲ ਕਰੀਬ 1200 ਵਿਅਕਤੀ ਮਾਰੇ ਗਏ। ਗਾਜ਼ਾ ਵਿੱਚ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਯੁੱਧ ਵਿੱਚ 39 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ। ਇਸ ਜੰਗ ਵਿੱਚ ਗਾਜ਼ਾ ਪੱਟੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।
ਟਰੈਵਲ ਅਲਰਟ ਵੀ ਜਾਰੀ ਕੀਤਾ
ਪਿਛਲੇ ਦਿਨੀਂ ਕੈਨੇਡਾ ਸਰਕਾਰ ਨੇ ਚੱਲ ਰਹੇ ਇਸ ਖੇਤਰੀ ਹਥਿਆਰਾਂ ਦੇ ਸੰਘਰਸ਼ ਅਤੇ ਸੁਰੱਖਿਆ ਖਤਰੇ ਦੇ ਕਾਰਨ ਕੈਨੇਡੀਅਨਾਂ ਨੂੰ ਇਜ਼ਰਾਈਲ ਦੀ ਯਾਤਰਾ ਕਰਨ ਤੋਂ ਬਚਣ ਲਈ ਚਿਤਾਵਨੀ ਦਿੱਤੀ ਸੀ। ਸਰਕਾਰ ਨੇ ਪੱਛਮੀ ਤੱਟ, ਗਾਜ਼ਾ ਪੱਟੀ, ਯੇਰੂਸ਼ਲਮ ਅਤੇ ਲਿਬਨਾਨ ਦੀ ਯਾਤਰਾ ਨਾ ਕਰਨ ਦੀ ਵੀ ਸਲਾਹ ਦਿੱਤੀ ਹੈ।
ਪੀਐਮ ਟਰੂਡੋ ਵੀ ਲਗਾਤਾਰ ਕਰ ਰਹੇ ਹਨ ਗੱਲਬਾਤ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਦਿਨੀਂ ਜਾਰਡਨ ਦੇ ਕਿੰਗ ਅਬਦੁੱਲਾ ਸੈਂਕਡ ਨਾਲ ਗੱਲਬਾਤ ਕੀਤੀ। ਉਨ੍ਹਾਂ ਇਜ਼ਰਾਈਲ ਤੇ ਇਰਾਨ ਦੇ ਨਾਲ-ਨਾਲ ਹਿਜਬੁੱਲ੍ਹਾ ਅਤੇ ਇਰਾਨ ਨਾਲ ਜੁੜੇ ਹੋਰ ਗਰੁੱਪਾਂ ਵਿਚਾਲੇ ਵਧਦੇ ਸੰਘਰਸ਼ ਦੇ ਜ਼ੋਖਮ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਸੀ। ਪੀਐਮ ਦਫਤਰ ਨੇ ਇਸ ਸਬੰਧੀ ਦੱਸਿਆ ਕਿ ਆਗੂਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਇਸ ਖੇਤਰ ਵਿਚ ਨਾਗਰਿਕਾਂ ਦੀ ਜਾਨ ਨੂੰ ਜੋਖਮ ਵਿਚ ਪਾਉਣ ਵਾਲੇ ਸੰਘਰਸ਼ ਨੂੰ ਹੋਰ ਵਧਣ ਤੋਂ ਤੁਰੰਤ ਰੋਕਣ ਦੀ ਲੋੜ ਹੈ।
Check Also
ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਣੇ ਵੱਖ-ਵੱਖ ਤਿਉਹਾਰਾਂ ਕਰਕੇ ਲਿਆ ਫੈਸਲਾ …