Breaking News
Home / ਮੁੱਖ ਲੇਖ / ਵਿਨੇਸ਼ ਫੋਗਾਟ ਮਾਮਲਾ; ਸੱਚ ਸਾਹਮਣੇ ਆਵੇ

ਵਿਨੇਸ਼ ਫੋਗਾਟ ਮਾਮਲਾ; ਸੱਚ ਸਾਹਮਣੇ ਆਵੇ

ਨਵਦੀਪ ਸਿੰਘ ਗਿੱਲ
ਸਾਲ 2021 ਵਿੱਚ ਜਦੋਂ ਟੋਕੀਓ ਓਲੰਪਿਕ ਖੇਡਾਂ ਚੱਲ ਰਹੀਆਂ ਸਨ, 7 ਅਗਸਤ ਨੂੰ ਨੀਰਜ ਚੋਪੜਾ ਅਥਲੈਟਿਕਸ ਵਿੱਚ ਭਾਰਤ ਦਾ ਪਹਿਲਾ ਸੋਨ ਤਗ਼ਮਾ ਜੇਤੂ ਖਿਡਾਰੀ ਬਣਿਆ। ਹੁਣ ਪੈਰਿਸ ਓਲੰਪਿਕ ਖੇਡਾਂ ਵਿੱਚ 7 ਅਗਸਤ ਨੂੰ ਜਦੋਂ ਡੇਢ ਸੌ ਕਰੋੜ ਭਾਰਤ ਵਾਸੀ ਕੁਸ਼ਤੀ ਵਿੱਚ ਪਹਿਲੇ ਸੋਨ ਤਗ਼ਮੇ ਦੀ ਉਡੀਕ ਕਰ ਰਹੇ ਸਨ ਤਾਂ ਭਾਰਤੀ ਖੇਡ ਇਤਿਹਾਸ ਦੀ ਸਭ ਤੋਂ ਸੰਵੇਦਨਸ਼ੀਲ, ਸਨਸਨੀਖੇਜ਼ ਅਤੇ ਸ਼ੱਕ ਭਰਪੂਰ ਘਟਨਾ ਨੇ ਪੂਰਾ ਦੇਸ਼ ਝੰਜੋੜ ਕੇ ਰੱਖ ਦਿੱਤਾ। 50 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਪੁੱਜੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ 50 ਗ੍ਰਾਮ ਵੱਧ ਭਾਰ ਕਰਕੇ ਮੁਕਾਬਲੇ ਵਿੱਚ ਅਯੋਗ ਐਲਾਨ ਦਿੱਤਾ ਜਿਸ ਨਾਲ ਨਾ ਸਿਰਫ ਭਾਰਤ ਹੱਥੋਂ ਪੱਕਾ ਤਗ਼ਮਾ ਖੁੱਸਿਆ ਸਗੋਂ ਵਿਨੇਸ਼ ਨੂੰ ਕੁਸ਼ਤੀ ਵਿੱਚ ਸਭ ਤੋਂ ਅਖ਼ੀਰਲਾ ਸਥਾਨ ਮਿਲਿਆ। ਵਿਨੇਸ਼ ਲਈ ਇਸ ਸਦਮੇ ਤੋਂ ਉਭਰਨਾ ਸੌਖਾ ਨਹੀਂ ਹੋਵੇਗਾ। 2016 ਵਿੱਚ ਰੀਓ ਓਲੰਪਿਕ ਖੇਡਾਂ ਵਿੱਚ ਵਿਨੇਸ਼ ਤਗ਼ਮਾ ਜਿੱਤਣ ਦੀ ਦਾਅਵੇਦਾਰ ਹੋਣ ਦੇ ਬਾਵਜੂਦ ਸੱਟ ਕਾਰਨ ਹਾਰ ਗਈ ਸੀ ਪਰ ਹੁਣ ਵਾਲੀ ਤਾਂ ਉਸ ਨਾਲ ਜੱਗੋਂ ਤੇਰ੍ਹਵੀਂ ਹੋਈ ਹੈ।
ਵਿਨੇਸ਼ ਪਹਿਲੇ ਹੀ ਗੇੜ ਵਿੱਚ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਤੇ ਮੌਜੂਦਾ ਓਲੰਪਿਕ ਚੈਂਪੀਅਨ ਜਪਾਨੀ ਪਹਿਲਵਾਨ ਨੂੰ ਚਿੱਤ ਕਰ ਕੇ ਲਗਾਤਾਰ ਤਿੰਨ ਜਿੱਤਾਂ ਨਾਲ ਸਿਖਰਲੇ ਡੰਡੇ ਉਤੇ ਪੁੱਜੀ ਸੀ।
ਅਜਿਹੇ ਮੌਕੇ ਅਜਿਹੇ ਵਿਵਾਦਪੂਰਨ, ਅਣਕਿਆਸੇ ਤੇ ਅਣਚਿਤਵੇ ਫੈਸਲੇ ਨਾਲ ਵਿਨੇਸ਼ ਤਾਂ ਸੁੰਨ ਹੋ ਹੀ ਗਈ ਹੈ, ਪੂਰਾ ਦੇਸ਼ ਵੀ ਸੁੰਨ ਹੈ। ਸੋਸ਼ਲ ਮੀਡੀਆ ਉਪਰ ਵਿਨੇਸ਼ ਦੇ ਹੱਕ ਵਿੱਚ ਮੁਹਿੰਮ ਚੱਲ ਪਈ ਹੈ।
ਵਿਨੇਸ਼ ਫੋਗਾਟ ਬਾਰੇ ਸਾਹਮਣੇ ਆਏ ਤੱਥਾਂ ਮੁਤਾਬਕ ਪਹਿਲੇ ਗੇੜ ਦੇ ਮੁਕਾਬਲਿਆਂ ਦੌਰਾਨ ਉਸ ਦਾ ਭਾਰ 49.9 ਕਿਲੋ ਸੀ। ਸੈਮੀ ਫਾਈਨਲ ਸਮੇਤ ਤਿੰਨ ਮੈਚ ਜਿੱਤਣ ਤੋਂ ਬਾਅਦ ਉਸ ਨੇ ਸ਼ਾਮ ਨੂੰ ਥੋੜ੍ਹੀ ਖੁਰਾਕ ਲਈ ਅਤੇ ਰਾਤ ਸਮੇਂ ਉਸ ਦਾ ਭਾਰ 52.7 ਕਿਲੋ ਦੱਸਿਆ ਜਾ ਰਿਹਾ ਹੈ। ਇਸ ਗੱਲ ਉਪਰ ਵੀ ਸ਼ੱਕ ਉਭਰ ਰਹੀ ਹੈ ਕਿ ਛੇ-ਛੇ ਮਿੰਟ ਦੀਆਂ ਫਸਵੇਂ ਮੁਕਾਬਲੇ ਵਾਲੀਆਂ ਤਿੰਨ ਕੁਸ਼ਤੀਆਂ ਲੜਨ ਤੋਂ ਬਾਅਦ ਥੋੜ੍ਹੀ ਖੁਰਾਕ ਨਾਲ ਇੰਨਾ ਭਾਰ ਕਿਵੇਂ ਵਧ ਗਿਆ। 52.7 ਕਿਲੋ ਭਾਰ ਤੋਂ ਬਾਅਦ ਵਿਨੇਸ਼ ਨੇ ਪਾਣੀ ਤੱਕ ਨਹੀਂ ਪੀਤਾ, ਕੁਝ ਖਾਣਾ ਤਾਂ ਦੂਰ ਦੀ ਗੱਲ ਸੀ। ਉਹ ਪੂਰੀ ਰਾਤ ਸੁੱਤੀ ਨਹੀਂ ਅਤੇ ਵਰਜ਼ਿਸ ਵੀ ਕਰਦੀ ਰਹੀ। ਭਾਰ ਵਰਗ ਵਾਲੇ ਖਿਡਾਰੀ ਭਾਰ ਘਟਾਉਣ ਲਈ ਸਟੀਮ ਬਾਥ ਵੀ ਲੈਂਦੇ ਹਨ ਜੋ ਵਿਨੇਸ਼ ਨੇ ਪੱਕਾ ਲਿਆ ਹੋਵੇਗਾ। ਫਾਈਨਲ ਮੁਕਾਬਲੇ ਦੀ ਸਵੇਰ ਵੇਲੇ ਵਿਨੇਸ਼ ਦਾ ਭਾਰ 50 ਕਿਲੋ 100 ਗ੍ਰਾਮ ਦੱਸਿਆ ਜਾ ਰਿਹਾ ਹੈ। 50 ਗ੍ਰਾਮ ਤੱਕ ਭਾਰ ਦੀ ਛੋਟ ਹੋਣ ਕਰ ਕੇ 50 ਗ੍ਰਾਮ ਵੱਧ ਭਾਰ ਨਾਲ ਉਹ ਅਯੋਗ ਐਲਾਨੀ ਗਈ। ਇਸ ਫੈਸਲੇ ਤੋਂ ਬਾਅਦ ਭਾਰਤੀ ਖੇਡ ਦਲ ਦੇ ਮੁਖੀ ਓਲੰਪਿਕ ਤਗ਼ਮਾ ਜੇਤੂ ਗਗਨ ਨਾਰੰਗ ਨੇ ਅਪੀਲ ਪਾਉਣ ਦੀ ਗੱਲ ਆਖੀ ਹੈ। ਦੇਖਣਾ ਹੋਵੇਗਾ ਕਿ ਵਿਨੇਸ਼ ਮਾਮਲੇ ਉਪਰ ਭਾਰਤ ਕਿਵੇਂ ਉਸ ਦਾ ਕੇਸ ਲੜਦਾ ਹੈ। ਉਂਝ ਇਸ ਸਾਰੇ ਘਟਨਾਕ੍ਰਮ ਨੇ ਕਈ ਸ਼ੱਕ ਖੜ੍ਹੇ ਕਰ ਦਿੱਤੇ ਹਨ।
ਇਹ ਮਾਮਲਾ ਉਦੋਂ ਹੋਰ ਵੀ ਸੰਵੇਦਨਸ਼ੀਲ ਬਣ ਜਾਂਦਾ ਹੈ ਜਦੋਂ ਵਿਨੇਸ਼ ਫੋਗਾਟ ਨੇ ਕੁਝ ਮਹੀਨੇ ਪਹਿਲਾਂ ਆਪਣੀ ਫੈਡਰੇਸ਼ਨ ਉਤੇ ਦੋਸ਼ ਲਗਾਉਂਦਿਆਂ ਸ਼ੱਕ ਪ੍ਰਗਟਾਇਆ ਸੀ ਕਿ ਉਸ ਨੂੰ ਖੇਡਣ ਤੋਂ ਰੋਕਣ ਲਈ ਕੋਈ ਵੀ ਸਾਜ਼ਿਸ਼ ਰਚੀ ਜਾ ਸਕਦੀ ਹੈ। ਜੰਤਰ ਮੰਤਰ ਉਪਰ ਹੋਏ ਸੰਘਰਸ਼ ਦੌਰਾਨ ਵੀ ਵਿਨੇਸ਼ ਸਮੇਤ ਮਹਿਲਾ ਪਹਿਲਵਾਨਾਂ ਨਾਲ ਹੋਏ ਮਾੜੇ ਸਲੂਕ ਕਾਰਨ ਵੀ ਖੇਡ ਪ੍ਰੇਮੀਆਂ ਦੀ ਹਮਦਰਦੀ ਅਤੇ ਹਮਾਇਤ ਵਿਨੇਸ਼ ਨਾਲ ਹੈ। ਓਲੰਪਿਕਸ ਵਿੱਚ ਖਿਡਾਰੀਆਂ ਨਾਲ ਵੱਡਾ ਅਮਲਾ ਹੁੰਦਾ ਹੈ ਜਿਸ ਵਿੱਚ ਕੋਚ, ਮੈਨੇਜਰ, ਮਾਲਸ਼ੀਏ ਤੋਂ ਇਲਾਵਾ ਡਾਇਟੀਸ਼ਨ ਆਦਿ ਹੁੰਦੇ ਹਨ ਜਿਨ੍ਹਾਂ ਇਹ ਸਭ ਧਿਆਨ ਰੱਖਣਾ ਹੁੰਦਾ ਹੈ।
ਕੌਮਾਂਤਰੀ ਕੁਸ਼ਤੀ ਦੇ ਨਿਯਮਾਂ ਦੀ ਧਾਰਾ 11 ਮੁਤਾਬਕ ਮੁਕਾਬਲੇ ਵਾਲੇ ਦਿਨ ਸਵੇਰੇ ਪਹਿਲਵਾਨਾਂ ਦਾ ਭਾਰ ਕਰਵਾਇਆ ਜਾਂਦਾ ਹੈ। ਜੇ ਦੋ ਦਿਨ ਮੁਕਾਬਲੇ ਚੱਲਣੇ ਹਨ ਤਾਂ ਦੋਵੇਂ ਦਿਨ ਭਾਰ ਤੋਲਿਆ ਜਾਂਦਾ ਹੈ। ਪਹਿਲੇ ਦਿਨ ਮੁਕਾਬਲੇ ਤੋਂ ਪਹਿਲਾਂ ਭਾਰ ਤੋਲਿਆ ਜਾਂਦਾ ਹੈ ਅਤੇ ਦੂਜੇ ਦਿਨ ਮੈਡਲ ਵਾਲੇ ਮੈਚ ਤੇ ਰੈਪੇਚੇਜ ਮੈਚਾਂ ਤੋਂ ਪਹਿਲਾਂ ਭਾਰ ਤੋਲਿਆ ਜਾਂਦਾ ਹੈ। ਭਾਰ ਤੋਲਣ ਸਮੇਂ ਖੇਡਣ ਵਾਲੀ ਕਿੱਟ ਪਹਿਨਣੀ ਲਾਜ਼ਮੀ ਹੁੰਦੀ ਹੈ। ਪੂਰੇ ਨਿਰੀਖਣ ਹੇਠ ਭਾਰ ਤੋਲਿਆ ਜਾਂਦਾ ਹੈ।
ਕੁਸ਼ਤੀ, ਮੁੱਕੇਬਾਜ਼ੀ, ਜੂਡੋ, ਵੇਟਲਿਫਟਿੰਗ ਆਦਿ ਖੇਡਾਂ ਵਿੱਚ ਭਾਰ ਅਹਿਮ ਹੁੰਦਾ ਹੈ ਜਿਸ ਵਿੱਚ ਮੁਕਾਬਲੇ ਤੋਂ ਭਾਰ ਰੱਖਿਆ ਜਾਂਦਾ ਹੈ। ਇਨ੍ਹਾਂ ਖੇਡਾਂ ਵਿੱਚ ਖਿਡਾਰੀ ਮੁਕਾਬਲੇ ਦੀ ਜਿੰਨੀ ਤਿਆਰੀ ਵੱਲ ਧਿਆਨ ਦਿੰਦੇ ਹਨ, ਉਸ ਤੋਂ ਵੱਧ ਉਹ ਆਪਣੇ ਭਾਰ ਦਾ ਉਚੇਚਾ ਧਿਆਨ ਰੱਖਦੇ ਹਨ ਕਿ ਭਾਰ ਨਾ ਵਧੇ। ਵਿਨੇਸ਼ ਇਸ ਤੋਂ ਪਹਿਲਾਂ 53 ਕਿਲੋ ਭਾਰ ਵਰਗ ਵਿੱਚ ਖੇਡਦੀ ਸੀ। ਉਸ ਨੇ ਪਿਛਲੇ ਸਮੇਂ ਵਿੱਚ 48 ਕਿਲੋ, 50 ਕਿਲੋ ਤੇ 53 ਕਿਲੋ ਭਾਰ ਵਰਗ ਵਿੱਚ ਕੁਸ਼ਤੀਆਂ ਲੜੀਆਂ ਹਨ। ਵਿਨੇਸ਼ ਨੇ 53 ਕਿਲੋ ਭਾਰ ਵਰਗ ਵਿੱਚ ਹੀ ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। 2022 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ। 50 ਕਿਲੋ ਵਿੱਚ 2018 ਵਿੱਚ ਏਸ਼ਿਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ, 48 ਕਿਲੋ ਭਾਰ ਵਰਗ ਵਿੱਚ 2014 ਵਿੱਚ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ।
ਏਸ਼ੀਅਨ ਚੈਂਪੀਅਨਸ਼ਿਪ ‘ਚ ਉਹ 48 ਕਿਲੋ, 50 ਕਿਲੋ, 51 ਕਿਲੋ ਤੇ 53 ਕਿਲੋ ਵਿੱਚ ਇੱਕ ਵਾਰ ਸੋਨ ਤਗ਼ਮਾ, ਤਿੰਨ ਵਾਰ ਚਾਂਦੀ ਤੇ ਚਾਰ ਵਾਰ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ। ਯੂਥ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਵਿਨੇਸ਼ ਕੋਲ ਸਿਰਫ ਓਲੰਪਿਕਸ ਤਗ਼ਮੇ ਦੀ ਕਮੀ ਸੀ।
ਵਿਨੇਸ਼ ਦੀ ਸਾਥੀ ਪਹਿਲਵਾਨ ਸਾਕਸ਼ੀ ਮਲਿਕ ਅਨੁਸਾਰ ਓਲੰਪਿਕ ਕੁਆਲੀਫਾਇਰ ਵਿੱਚ ਵਿਨੇਸ਼ ਨੇ ਆਪਣਾ ਭਾਰ 50 ਕਿਲੋ ਤੋਂ ਘੱਟ ਰੱਖਣ ਲਈ ਕੁਝ ਦਿਨ ਖਾਣਾ ਵੀ ਨਹੀਂ ਖਾਧਾ ਅਤੇ ਆਖ਼ਿਰੀ ਦਿਨ ਪਾਣੀ ਤੱਕ ਨਹੀਂ ਪੀ ਰਹੀ; ਇਥੋਂ ਤੱਕ ਕਿ ਵਾਲ ਕਟਵਾਉਣ ਦੀ ਗੱਲ ਵੀ ਸਾਹਮਣੇ ਆਈ ਸੀ। ਭਾਰ ਵਰਗ ਦੀਆਂ ਖੇਡਾਂ ਵਿੱਚ ਸਾਰੇ ਖਿਡਾਰੀ ਆਪਣੇ ਭਾਰ ਦਾ ਖਾਸ ਖਿਆਲ ਰੱਖਦੇ ਹਨ।
ਓਲੰਪਿਕ ਵਰਗੇ ਵੱਡੇ ਮੰਚ ਉਤੇ ਭਾਰ ਵਧਣ ਦਾ ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ। ਭਾਰਤ ਨਾਲ ਸਬੰਧਿਤ ਕਿਸੇ ਵੀ ਭਾਰ ਵਰਗ ਵਿੱਚ ਅਜਿਹਾ ਮਾਮਲਾ ਪਹਿਲਾਂ ਕਦੇ ਵੀ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਸਾਹਮਣੇ ਨਹੀਂ ਆਇਆ। ਇਸ ਲਈ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਬਣਦੀ ਹੈ।
ਕੌਮਾਂਤਰੀ ਓਲੰਪਿਕ ਕਮੇਟੀ ਅਤੇ ਕੌਮਾਂਤਰੀ ਕੁਸ਼ਤੀ ਫੈਡਰੇਸ਼ਨ ਕੋਲ ਇਹ ਮੁੱਦਾ ਜ਼ੋਰ ਸ਼ੋਰ ਨਾਲ ਉਠਾਉਣਾ ਬਣਦਾ ਹੈ। 2002 ਵਿੱਚ ਬੁਸਾਨ ਵਿੱਚ ਏਸ਼ਿਆਈ ਖੇਡਾਂ ਵਿੱਚ ਭਾਰਤੀ ਦੌੜਾਕ ਸੁਨੀਤਾ ਰਾਣੀ ਨੇ 1500 ਮੀਟਰ ਵਿੱਚ ਨਵੇਂ ਏਸ਼ੀਅਨ ਰਿਕਾਰਡ ਨਾਲ ਸੋਨੇ ਦਾ ਤਗ਼ਮਾ ਅਤੇ 5000 ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਮਗਰੋਂ ਡੋਪਿੰਗ ਦੀ ਦੋਸ਼ੀ ਮੰਨਦੇ ਹੋਏ ਸੁਨੀਤਾ ਤੋਂ ਤਗ਼ਮੇ ਵਾਪਸ ਲੈ ਲਏ ਸਨ। ਸੁਨੀਤਾ ਰਾਣੀ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਸੀ ਅਤੇ ਫਿਰ ਉਸ ਦਾ ਮਾਮਲਾ ਵਾਡਾ (ਵਿਸ਼ਵ ਡੋਪਿੰਗ ਵਿਰੋਧੀ ਏਜੰਸੀ) ਕੋਲ ਉਠਾਇਆ ਗਿਆ ਸੀ। ਸੁਨੀਤਾ ਰਾਣੀ ਕਈ ਮਹੀਨਿਆਂ ਬਾਅਦ ਨਿਰਦੋਸ਼ ਸਾਬਿਤ ਹੋਈ ਅਤੇ ਤਗ਼ਮੇ ਵਾਪਸ ਕੀਤੇ ਗਏ ਸਨ।
ਵਿਨੇਸ਼ ਲਈ ਹੁਣ ਤਗ਼ਮੇ ਨਾਲੋਂ ਉਸ ਦੇ ਮਾਣ-ਸਨਮਾਨ, ਖਿਡਾਰੀਆਂ ਬਾਰੇ ਸੋਚ ਤੇ ਸੰਵਦੇਨਸ਼ੀਲਤਾ ਵਾਲੀ ਪਹੁੰਚ ਵਰਗੇ ਵੱਡੇ ਮਾਮਲੇ ਹਨ। ਵਿਨੇਸ਼ ਆਪਣਾ ਪਸੀਨਾ ਵਹਾ ਕੇ ਦੇਸ਼ ਦਾ ਝੰਡਾ ਬੁਲੰਦ ਕਰਨ ਲਈ ਅਖਾੜੇ ਵਿੱਚ ਉਤਰਦੀ ਸੀ। ਤਗ਼ਮਿਆਂ ਤੇ ਇਨਾਮਾਂ ਲਈ ਨਹੀਂ। ਉਸ ਨੂੰ ਇਨ੍ਹਾਂ ਨਾਲ ਮੋਹ ਬਿਲਕੁਲ ਨਹੀਂ। ਮਹਿਲਾ ਪਹਿਲਵਾਨਾਂ ਨਾਲ ਹੋਈ ਧੱਕੇਸ਼ਾਹੀ ਤੇ ਸ਼ੋਸ਼ਣ ਖ਼ਿਲਾਫ਼ ਜਦੋਂ ਪਹਿਲਵਾਨਾਂ ਨੇ ਸੰਘਰਸ਼ ਕੀਤਾ ਸੀ ਤਾਂ ਵਿਨੇਸ਼ ਸਣੇ ਸਭ ਪਹਿਲਵਾਨਾਂ ਨੇ ਆਪਣੇ ਤਗ਼ਮੇ ਅਤੇ ਅਰਜੁਨ ਇਨਾਮ ਵਾਪਸ ਕਰ ਦਿੱਤੇ ਸੀ।
ਇੰਡੀਅਨ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਜੋ ਪੈਰਿਸ ਵਿੱਚ ਮੌਜੂਦ ਹੈ, ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਨੇਸ਼ ਨੂੰ ਅਯੋਗ ਕਰਾਰ ਦੇਣ ਬਾਰੇ ਜਾਣ ਕੇ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਵਿਨੇਸ਼ ਨੂੰ ਅਯੋਗ ਠਹਿਰਾਉਣ ਖਿਲਾਫ ਕੌਮਾਂਤਰੀ ਕੁਸ਼ਤੀ ਫੈਡਰੇਸ਼ਨ ਕੋਲ ਅਪੀਲ ਦਾਇਰ ਕੀਤੀ ਹੈ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਮਜ਼ਬੂਤੀ ਨਾਲ ਇਸ ਦੀ ਪੈਰਵੀ ਕਰ ਰਹੀ ਹੈ।
ਵਿਨੇਸ਼ ਦੇ ਪਰਿਵਾਰ ਦਾ ਹੌਸਲਾ ਵਧਾਉਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਨੇਸ਼ ਦੇ ਘਰ ਪਹੁੰਚੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਨਾਲ ਗਏ ਅਧਿਕਾਰੀ ਪੈਰਿਸ ਵਿੱਚ ਆਪਣੀ ਬਣਦੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਹੀਂ ਨਿਭਾ ਰਹੇ।
ਵਿਨੇਸ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਹਾਰ ਨਹੀਂ ਮੰਨੇਗੀ ਅਤੇ 2028 ਵਾਲੀ ਲਾਸ ਏਂਜਲਸ ਓਲੰਪਿਕਸ ਦੀ ਤਿਆਰੀ ਕਰੇਗੀ। ਵਿਨੇਸ਼ ਦੇ ਮਾਮਲੇ ਵਿੱਚ ਹਰ ਅੱਖ ਨਮ ਹੈ। ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿੰਨਾ ਉਹ ਸੁਰਜੀਤ ਪਾਤਰ ਦੇ ਤੁਰ ਜਾਣ ਉੱਤੇ ਦੁਖੀ ਹੋਇਆ ਸੀ, ਅੱਜ ਓਨਾ ਦੁਖੀ ਹੈ। ਪ੍ਰੋ. ਗੁਰਭਜਨ ਗਿੱਲ ਨੇ ਵਿਨੇਸ਼ ਦਾ ਹੌਸਲਾ ਵਧਾਉਂਦਿਆਂ ਕਿਹਾ ਹੈ ਕਿ ਵਿਨੇਸ਼ ਨੂੰ ਦੇਸ਼ ਭਰ ਦੇ ਲੋਕਾਂ ਤੋਂ ਡਾਇਮੰਡ ਮੈਡਲ ਹਾਸਲ ਹੋ ਗਿਆ ਹੈ, ਉਹਦੇ ਸਿਲਵਰ ਜਾਂ ਗੋਲਡ ਦਾ ਕੀ ਅਫ਼ਸੋਸ?
ਵਿਨੇਸ਼ ਹਰਿਆਣਾ ਦੇ ਚਰਖੀ ਦਾਦਰੀ ਦੇ ਉਸ ਫੋਗਾਟ ਪਰਿਵਾਰ ਵਿੱਚ ਜਨਮੀ ਜਿੱਥੇ ਮਹਾਂਵੀਰ ਫੋਗਾਟ ਦੀਆਂ ਧੀਆਂ ਗੀਤਾ, ਬਬੀਤਾ ਅਤੇ ਭਤੀਜੀ ਵਿਨੇਸ਼ ਦੀ ਸ਼ੰਘਰਸ਼ਮਈ ਕਹਾਣੀ ਉੱਪਰ ਆਮਿਰ ਖਾਨ ਨੇ ਦੰਗਲ ਫਿਲਮ ਬਣਾਈ ਸੀ। ਫੋਗਾਟ ਭੈਣਾਂ ਮਹਿਲਾ ਕੁਸ਼ਤੀ ਦੀਆਂ ਝੰਡਾਬਰਦਾਰ ਹਨ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਛੋਟੀ ਉਮਰ ਦੀਆਂ ਬੱਚੀਆਂ ਖੇਡਾਂ ਵੱਲ ਆਈਆਂ। ਅਜਿਹੇ ਮੌਕੇ ਇਸ ਮਾਮਲੇ ਦੀ ਗੰਭੀਰਤਾ ਹੋਰ ਵਧ ਜਾਂਦੀ ਹੈ ਜਿਸ ਨੂੰ ਦੇਸ਼ ਦੇ ਲੋਕ, ਖਿਡਾਰੀ ਤੇ ਧੀਆਂ ਦੇਖ ਰਹੀਆਂ ਹਨ। ਇਸ ਮਾਮਲੇ ਵਿੱਚ ਹੋਣ ਵਾਲੀ ਬੇਇਨਸਾਫ਼ੀ ਨਾਲ ਸਭ ਦਾ ਹੌਸਲਾ ਪਸਤ ਹੋਵੇਗਾ। ਵਿਨੇਸ਼ ਫੋਗਾਟ ਦੇ ਮਾਮਲੇ ਵਿੱਚ ਪੂਰਾ ਸੱਚ ਨਿੱਤਰ ਕੇ ਸਾਹਮਣੇ ਆਉਣਾ ਚਾਹੀਦਾ ਹੈ।

Check Also

ਕਿੰਨੇ ਕੁ ਸਾਰਥਿਕ ਹਨ ਨਵੇਂ ਫ਼ੌਜਦਾਰੀ ਕਾਨੂੰਨ?

ਐਡਵੋਕੇਟ ਜੋਗਿੰਦਰ ਸਿੰਘ ਤੂਰ ਭਾਰਤ ਸਰਕਾਰ ਵਲੋਂ ਅਗਸਤ, 2023 ਵਿਚ ਭਾਰਤ ਵਿਚਲੇ 1860 ਤੋਂ ਚਲਦੇ …