Breaking News
Home / ਹਫ਼ਤਾਵਾਰੀ ਫੇਰੀ / ਕੈਪਟਨ ਅਮਰਿੰਦਰ ਸਿੰਘ ਚਹੁੰ ਪਾਸਿਓਂ ਘਿਰੇ

ਕੈਪਟਨ ਅਮਰਿੰਦਰ ਸਿੰਘ ਚਹੁੰ ਪਾਸਿਓਂ ਘਿਰੇ

ਮੁੱਖ ਮੰਤਰੀ ਭਗਵੰਤ ਮਾਨ ਨੇ ਅੰਸਾਰੀ ਨੂੰ ਬਚਾਉਣ, ਉਸ ਦੇ ਵਕੀਲ ‘ਤੇ ਸਰਕਾਰੀ ਪੈਸਾ ਲਾਉਣ, ਅੰਸਾਰੀ ਦੇ ਮੁੰਡੇ ਤੇ ਭਤੀਜੇ ਨੂੰ ਵਕਫ ਬੋਰਡ ਦੀ ਜ਼ਮੀਨ ਕਬਜਾਉਣ ਮਾਮਲੇ ‘ਚ ਕੈਪਟਨ ਨੂੰ ਕੀਤਾ ਕਟਹਿਰੇ ‘ਚ ਪੇਸ਼
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਹੁੰ ਪਾਸਿਓਂ ਤੋਂ ਕਸੂਤੇ ਘਿਰ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਖਤਾਰ ਅੰਸਾਰੀ ਨੂੰ ਬਚਾਉਣ, ਉਸਦੇ ਵਕੀਲ ‘ਤੇ ਸਰਕਾਰੀ ਪੈਸਾ ਲਗਾਉਣ, ਅੰਸਾਰੀ ਦੇ ਮੁੰਡੇ ਅਤੇ ਭਤੀਜੇ ਨੂੰ ਵਕਫ ਬੋਰਡ ਦੀ ਜ਼ਮੀਨ ਕਬਜਾਉਣ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕੈਪਟਨ ਦੀ ਮੁਖਤਾਰ ਅੰਸਾਰੀ ਨਾਲ ਸਾਂਝ ਬਾਰੇ ਖ਼ੁਲਾਸਾ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਆਉਂਦੇ ਦਿਨਾਂ ਵਿਚ ਸਬੂਤ ਵੀ ਨਸ਼ਰ ਕਰ ਸਕਦੇ ਹਨ। ਮੁੱਖ ਮੰਤਰੀ ਨੇ ਨਵੀਂ ਪਰਤ ਖੋਲ੍ਹਦਿਆਂ ਕਿਹਾ ਕਿ ਅਮਰਿੰਦਰ ਸਿੰਘ ਨੇ ਅੰਸਾਰੀ ਦੇ ਪੁੱਤਰਾਂ ਨੂੰ ਰੂਪਨਗਰ ਵਿਚ ਵਕਫ਼ ਬੋਰਡ ਦੀ ਮਹਿੰਗੀ ਜ਼ਮੀਨ ਅਲਾਟ ਕੀਤੀ ਸੀ। ਬੇਸ਼ੱਕ ਮੁੱਖ ਮੰਤਰੀ ਸ਼ੁਰੂਆਤੀ ਦਿਨਾਂ ਵਿਚ ਸਿਸਵਾਂ ਫਾਰਮ ਹਾਊਸ ਨੂੰ ਲੈ ਕੇ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲੈਂਦੇ ਰਹੇ ਹਨ ਪਰ ਉਨ੍ਹਾਂ ਸਾਬਕਾ ਮੁੱਖ ਮੰਤਰੀ ਨੂੰ ਸਿੱਧੇ ਤੌਰ ‘ਤੇ ਹੱਥ ਪਾਉਣ ਤੋਂ ਗੁਰੇਜ਼ ਕੀਤਾ ਸੀ। ਪਰ ਜਿਉਂ ਹੀ ‘ਆਪ’ ਦਾ ਕੌਮੀ ਪੱਧਰ ‘ਤੇ ਭਾਜਪਾ ਨਾਲ ਦਿੱਲੀ ਆਰਡੀਨੈਂਸ ਮੁੱਦੇ ‘ਤੇ ਟਕਰਾਅ ਵਧਿਆ ਹੈ, ਉਦੋਂ ਤੋਂ ਹੀ ਪੰਜਾਬ ਸਰਕਾਰ ਦੇ ਤੇਵਰ ਵੀ ਭਾਜਪਾ ਨੇਤਾਵਾਂ ਤੇ ਖ਼ਾਸ ਕਰਕੇ ਅਮਰਿੰਦਰ ਖਿਲਾਫ ਤਿੱਖੇ ਹੋਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਨੂੰ ਚੁਣੌਤੀ ਦਿੱਤੀ ਕਿ ਉਹ ਇਹ ਦੱਸਣ ਕਿ ਉਨ੍ਹਾਂ ਦੀ ਸਾਂਝ-ਭਿਆਲੀ ਤੋਂ ਬਿਨਾਂ ਰੂਪਨਗਰ ਵਿੱਚ ਵਕਫ਼ ਬੋਰਡ ਦੀ ਮਹਿੰਗੀ ਜ਼ਮੀਨ ਅੰਸਾਰੀ ਦੇ ਪੁੱਤਰਾਂ ਅੱਬਾਸ ਤੇ ਉਮਰ ਅੰਸਾਰੀ ਨੂੰ ਕਿਵੇਂ ਮਿਲ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਅਮਰਿੰਦਰ ਨੇ ਅੰਸਾਰੀ ਦੀ ਰੋਪੜ ਜੇਲ੍ਹ ਵਿਚ ਠਾਹਰ ਨੂੰ ਆਰਾਮਦਾਇਕ ਬਣਾਇਆ ਅਤੇ ਅੰਸਾਰੀ ਦੀ ਮੌਜੂਦਗੀ ਜੇਲ੍ਹ ਵਿਚ ਕਾਇਮ ਰੱਖਣ ਲਈ 55 ਲੱਖ ਰੁਪਏ ਕਾਨੂੰਨੀ ਖ਼ਰਚਾ ਵੀ ਕੀਤਾ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ, ਅੰਸਾਰੀ ਨੂੰ ਨਾ ਜਾਣਦਾ ਹੋਣ ਦੇ ਕਿੰਨੇ ਵੀ ਦਾਅਵੇ ਕਰਨ ਪਰ ਅਮਰਿੰਦਰ ਨੇ ਅੰਸਾਰੀ ਦੇ ਪੁੱਤਰਾਂ ਨੂੰ ਰੋਪੜ ਵਿਚ ਮਹਿੰਗੀ ਜ਼ਮੀਨ ਦਿੱਤੀ ਹੈ।
ਪ੍ਰਤਾਪ ਬਾਜਵਾ ਬੋਲੇ ਕੈਪਟਨ ਅਮਰਿੰਦਰ ਸਿੰਘ ਵੱਲ ਬਕਾਇਆ ਖੜ੍ਹੇ ਹਨ 3 ਕਰੋੜ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਚੌਪਰ ਟੈਕਸੀ ਹਾਇਰਿੰਗ ਕੰਪਨੀ ਦੇ ਕਰੀਬ ਸਾਢੇ 3 ਕਰੋੜ ਰੁਪਏ ਨਹੀਂ ਦਿੱਤੇ ਹਨ। ਇਹ ਆਰੋਪ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਲਗਾਏ ਹਨ। ਉਨ੍ਹਾਂ ਨੇ ਮੂਲ ਰਕਮ 2.1 ਕਰੋੜ ਰੁਪਏ ਦੀ ਅਦਾਇਗੀ ਨਹੀਂ ਹੋਣ ਨਾਲ ਵਿਆਜ਼ ਸਣੇ ਇਹ ਰਕਮ ਸਾਢੇ 3 ਕਰੋੜ ਰੁਪਏ ਦੱਸੀ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਬਾਜਵਾ ਨੇ ਟਵੀਟ ਵਿਚ ਜ਼ਿਕਰ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦੋਸਤ ਲੈਫਟੀਨੈਂਟ ਕਰਨਲ ਅਨਿਲ ਰਾਜ ਦੀ ਮੱਦਦ ਨਾਲ ਚੌਪਰ ਟੈਕਸੀ ਹਾਇਰਿੰਗ ਕੰਪਨੀ ਕੋਲੋਂ ਇਕ ਚੌਪਰ ਲਿਆ। ਕੈਪਟਨ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਇਸਦਾ ਇਸਤੇਮਾਲ ਕੀਤਾ। ਪਰ ਲੈਫਟੀਨੈਂਟ ਕਰਨਲ ਅਨਿਲ ਰਾਜ ਨੂੰ ਪੇਮੈਂਟ ਹਾਸਲ ਕਰਨ ਲਈ ਚਾਰ ਸਾਲ ਤੋਂ ਇੰਤਜ਼ਾਰ ਕਰਨਾ ਪੈ ਰਿਹਾ ਹੈ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋਣਗੇ

ਮਈ ਮਹੀਨੇ ‘ਚ ਆਰੰਭ ਹੋਈ ਸੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੰਮ੍ਰਿਤਸਰ/ਬਿਊਰੋ ਨਿਊਜ਼ : …