ਰੋਕ ਦੇਵਾਂਗੇ ਨਿਕਲ ਅਤੇ ਬਿਜਲੀ ਦੀ ਸਪਲਾਈ : ਫੋਰਡ
ਓਟਵਾ/ਬਿਊਰੋ ਨਿਊਜ਼ : ਉਨਟਾਰੀਓ ਦੇ ਪ੍ਰੀਮਿਅਰ ਡੱਗ ਫੋਰਡ ਨੇ ਕੈਨੇਡੀਅਨ ਸਾਮਾਨਾਂ 25 ਫ਼ੀਸਦੀ ਟੈਰਿਫ ਦੇ ਜਵਾਬ ਵਿੱਚ ਸੰਯੁਕਤ ਰਾਜ ਅਮਰੀਕਾ ਨੂੰ ਨਿਕਲ ਅਤੇ ਬਿਜਲੀ ਦੀ ਸਪਲਾਈ ਰੋਕਣ ਦੀ ਧਮਕੀ ਦਿੱਤੀ ਹੈ। ਫੋਰਡ ਨੇ ਇੱਕ ਇੰਟਰਵਿਊ ਦੌਰਾਨ ਇਹ ਟਿੱਪਣੀ ਕੀਤੀ। ਫੋਰਡ ਨੇ ਕਿਹਾ ਕਿ ਅਸੀ ਮਜ਼ਬੂਤੀ ਨਾਲ ਅਮਰੀਕਾ ਨੂੰ ਜਵਾਬ ਦੇਵਾਂਗੇ। ਮਹੱਤਵਪੂਰਣ ਖਣਿਜਾਂ ਦੇ ਮਾਮਲੇ ਵਿਚ ਅਸੀਂ ਨਿਕਲ ਲਈ ਅਮਰੀਕਾ ਨੂੰ ਜਾਣ ਵਾਲੇ ਸ਼ਿਪਮੈਂਟ ਰੋਕ ਦੇਵਾਂਗੇ। ਅਸੀਂ ਨਿਰਮਾਣ ਬੰਦ ਕਰ ਦੇਵਾਂਗੇ ਕਿਉਂਕਿ ਵਰਤਿਆ ਜਾਣ ਵਾਲੇ ਨਿਕਲ ਦਾ 50 ਫ਼ੀਸਦੀ ਉਨਟਾਰੀਓ ਤੋਂ ਆ ਰਿਹਾ ਹੈ। ਫੋਰਡ ਨੇ ਕਿਹਾ ਕਿ ਟੈਰਿਫ ਦੋਨਾਂ ਦੇਸ਼ਾਂ ਲਈ ਇਕ ਆਪਦਾ ਹੋਵੇਗੀ ਅਤੇ ਸੀਮਾ ਦੇ ਦੋਵੇਂ ਪਾਸੇ ਦੇ ਨਿਵਾਸੀਆਂ ਲਈ ਵੱਡੀ ਸਮੱਸਿਆਵਾਂ ਪੈਦਾ ਕਰੇਗੀ। ਇਸ ਦੌਰਾਨ ਫੋਰਡ ਨੇ ਉਨਟਾਰੀਓ ਵੱਲੋਂ ਤਿੰਨ ਅਮਰੀਕੀ ਰਾਜਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਬਿਜਲੀ ਨੂੰ ਕੱਟਣ ਦੀ ਪਿਛਲੀ ਧਮਕੀ ਨੂੰ ਵੀ ਦੁਹਰਾਇਆ।
ਉਨ੍ਹਾਂ ਕਿਹਾ ਕਿ ਅਸੀਂ ਨਿਊਯਾਰਕ, ਮਿਸ਼ੀਗਨ ਅਤੇ ਮਿਨੇਸੋਟਾ ਵਿੱਚ 1.5 ਮਿਲਿਅਨ ਘਰਾਂ ਅਤੇ ਨਿਰਮਾਣ ਲਈ ਬਿਜਲੀ ਦਿੰਦੇ ਹਾਂ। ਜੇਕਰ ਟਰੰਪ ਸਾਡੀ ਮਾਲੀ ਹਾਲਤ ਅਤੇ ਸਾਡੇ ਪਰਿਵਾਰਾਂ ਨੂੰ ਨਸ਼ਟ ਕਰਨਾ ਚਾਹੁੰਦੇ ਹਨ ਤਾਂ ਅਸੀਂ ਅਮਰੀਕਾ ਨੂੰ ਜਾਣ ਵਾਲੀ ਬਿਜਲੀ ਬੰਦ ਕਰ ਦੇਵਾਂਗੇ।
ਫੋਰਡ ਨੇ ਕਿਹਾ ਕਿ ਜੇਕਰ ਕੈਨੇਡੀਅਨ ਵਸਤਾਂ ‘ਤੇ ਟੈਰਿਫ ਲਗਾਇਆ ਜਾਂਦਾ ਹੈ ਤਾਂ ਉਹ ਪਹਿਲਾਂ ਤੋਂ ਐਲਾਨੇ ਕਈ ਕਦਮ ਚੁੱਕਣ ਦੀ ਯੋਜਨਾ ਬਣਾ ਰਹੇ ਹਨ, ਜਿਸ ਵਿੱਚ ਐੱਲ.ਸੀ.ਬੀ.ਓ. ਸ਼ੈਲਫਾਂ ਤੋਂ ਅਮਰੀਕੀ ਸ਼ਰਾਬ ਨੂੰ ਹਟਾਉਣਾ ਅਤੇ ਉੱਤਰੀ ਉਨਟਾਰੀਓ ਵਿਚ ਸੈਟੇਲਾਈਟ ਇੰਟਰਨੈੱਟ ਸੇਵਾ ਲਈ ਐਲਨ ਮਸਕ ਦੇ ਸਟਾਰਲਿੰਕ ਦੇ ਨਾਲ 100 ਮਿਲਿਅਨ ਡਾਲਰ ਦਾ ਸੌਦਾ ਰੱਦ ਕਰਨਾ ਸ਼ਾਮਿਲ ਹੈ। ਉਹ ਇਹ ਵੀ ਯਕੀਨੀ ਕਰਨਗੇ ਕਿ ਅਮਰੀਕੀ ਕੰਪਨੀਆਂ ਨੂੰ ਉਨਟਾਰੀਓ ਤੋਂ ਸਾਲਾਨਾ ਖ਼ਰੀਦੇ ਜਾਣ ਵਾਲੇ ਲਗਭਗ 30 ਬਿਲਿਅਨ ਦੇ ਸਾਮਾਨ ਅਤੇ ਸੇਵਾਵਾਂ ਤੋਂ ਕੋਈ ਮੁਨਾਫ਼ਾ ਨਾ ਹੋਵੇ।
Check Also
ਡੋਨਾਲਡ ਟਰੰਪ ਨੇ ਕੈਨੇਡਾ ਤੇ ਮੈਕਸਿਕੋ ‘ਤੇ ਟੈਰਿਫ ਇਕ ਮਹੀਨੇ ਲਈ ਰੋਕਿਆ
ਦੋ ਦਿਨ ਪਹਿਲਾਂ ਹੀ ਲਗਾਇਆ ਗਿਆ ਸੀ 25 ਫੀਸਦੀ ਟੈਰਿਫ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ …