ਖੇਤੀ ਕਾਨੂੰਨਾਂ ਖਿਲਾਫ ਜਾਰੀ ਰਹੇਗਾ ਸੰਘਰਸ਼
ਨੌਜਵਾਨਾਂ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਤੋਂ ਲਈ ਪ੍ਰੇਰਣਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਵਿਵਾਦਤ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ 23 ਮਾਰਚ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨਾਂ ਨੇ ਇਕੱਠੇ ਹੋ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਹੋਰ ਇਨਕਲਾਬੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਨੌਜਵਾਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।
ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਲੱਗੇ ਮੋਰਚਿਆਂ ‘ਤੇ ਸ਼ਹੀਦਾਂ ਦੀ ਯਾਦ ਵਿੱਚ ਪਹੁੰਚੇ ਨੌਜਵਾਨਾਂ ਨੇ ਸਰਕਾਰੀ ਨੀਤੀਆਂ ਨੂੰ ਕਿਸਾਨ ਵਿਰੋਧੀ ਤੇ ਮਜ਼ਦੂਰ ਵਿਰੋਧੀ ਕਰਾਰ ਦਿੱਤਾ।
ਇਸ ਮੌਕੇ 60 ਤੋਂ ਵੱਧ ਨੌਜਵਾਨਾਂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਨੌਜਵਾਨ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਮੁਲਕ ਨੂੰ ਕੰਪਨੀ ਰਾਜ ਤੋਂ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਅੱਜ ਮੋਦੀ ਸਰਕਾਰ ਤਿੰਨ ਲੋਕ ਵਿਰੋਧੀ ਕਾਨੂੰਨ ਲਿਆ ਕੇ ਸਮੁੱਚੇ ਦੇਸ਼ ਦੀ ਖੇਤੀ ਅਤੇ ਖੁਰਾਕ ਬਹੁ-ਕੌਮੀ ਕੰਪਨੀਆਂ ਨੂੰ ਸੌਂਪਣਾ ਚਾਹੁੰਦੀ ਹੈ। ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸਾਮਰਾਜਵਾਦ ਮੁਰਦਾਬਾਦ’ ਦੇ ਨਾਅਰਿਆਂ ਨਾਲ ਬਸੰਤੀ ਪੱਗਾਂ ਬੰਨ੍ਹ ਕੇ ਪਹੁੰਚੇ ਨੌਜਵਾਨਾਂ ਨੇ ਆਪਣੇ ਨਾਇਕਾਂ ਤੋਂ ਪ੍ਰੇਰਨਾ ਲੈ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸੰਘਰਸ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਨੌਜਵਾਨ ਲੜਕੀਆਂ ਨੇ ਸਰਕਾਰ ਨੂੰ ਤਿੱਖੇ ਸ਼ਬਦਾਂ ਵਿੱਚ ਚੁਣੌਤੀ ਦਿੱਤੀ ਤੇ ਕਿਹਾ ਕਿ ਅੱਜ ਦਾ ਭਗਤ ਸਿੰਘ ਕੁੜੀਆਂ ਦੇ ਰੂਪ ਵਿੱਚ ਵੀ ਮੌਜੂਦ ਹੈ ਅਤੇ ਨਾਰੀ ਸ਼ਕਤੀ ਹਰ ਹੱਲੇ ਦਾ ਸਾਹਮਣਾ ਕਰ ਸਕਦੀ ਹੈ। ਧਿਆਨ ਰਹੇ ਕਿ ਵੱਡੀ ਗਿਣਤੀ ਵਿਚ ਕੁੜੀਆਂ ਨੇ ਬਸੰਤੀ ਰੰਗ ਦੀਆਂ ਚੁੰਨੀਆਂ ਲਈਆਂ ਹੋਈਆਂ ਸਨ।
ਮਜ਼ਦੂਰ ਆਗੂ ਨੌਦੀਪ ਕੌਰ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਸ਼ੋਸ਼ਣ ਬਾਰੇ ਭਗਤ ਸਿੰਘ ਦੇ ਵਿਚਾਰ ਵੀ ਕਿਸਾਨਾਂ ਅੱਗੇ ਪੇਸ਼ ਕੀਤੇ। ਟਿਕਰੀ ਬਾਰਡਰ ਸਟੇਜ ‘ਤੇ ਕੁਲ ਹਿੰਦ ਕਿਸਾਨ ਸਭਾ ਦੇ ਨੌਜਵਾਨ ਪੈਦਲ ਮਾਰਚ ਕਰ ਕੇ ਟਿਕਰੀ ਬਾਰਡਰ ਪਹੁੰਚੇ। ਉਰਦੂ ਦੇ ਪ੍ਰਸਿੱਧ ਕਵੀ ਅਤੇ ਸਾਇੰਸਦਾਨ ਗੌਹਰ ਰਜ਼ਾ ਨੇ ਵੀ ਨਜ਼ਮਾਂ ਰਾਹੀਂ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਕੱਠ ਨੂੰ ਮੰਗਾ ਆਜ਼ਾਦ, ਜਗਸੀਰ ਸਿੰਘ ਛੀਨੀਵਾਲ, ਹਰੀਸ਼ ਨੱਢਾ, ਕਵਿਤਾ ਆਰੀਆ, ਡਾ. ਰਿਤੂ, ਡਾ.ਸਵੈਮਾਨ ਸਿੰਘ ਨੇ ਵੀ ਸੰਬੋਧਨ ਕੀਤਾ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕਲਾਕਾਰ ਰਵਿੰਦਰ ਗਰੇਵਾਲ ਤੇ ਹਰਜੀਤ ਹਰਮਨ ਨੇ ਮੰਚ ‘ਤੇ ਇਨਕਲਾਬੀ ਗੀਤ ਗਾਏ। ਦਿੱਲੀ ਦੇ ਨਾਟਕ ਗਰੁੱਪ ‘ਦਿ ਪਾਰਟੀਕਲ ਕੁਲੈਕਟਿਵ’ ਵਲੋਂ ਕਿਸਾਨਾਂ ਦੇ ਹੱਕ ਵਿੱਚ ਨਾਟਕ ਖੇਡਿਆ ਗਿਆ। ਹਰਿਆਣਾ ਦੇ ਨੌਜਵਾਨਾਂ ਨੇ ਟੀਕਰੀ ਬਾਰਡਰ ‘ਤੇ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕੀਤਾ। ਕਿਸਾਨ ਆਗੂ ਨੇ ਦੱਸਿਆ ਕਿ ਗੁਜਰਾਤ ਦੇ ਭਾਵਨਗਰ ਵਿੱਚ ਵੀ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਾਨੂੰਨਾਂ ਖਿਲਾਫ਼ ਰੋਸ ਪ੍ਰਗਟਾਇਆ ਗਿਆ। ਮੋਰਚੇ ਦੇ ਸੱਦੇ ‘ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਮੋਟਰਸਾਈਕਲ ਮਾਰਚ ਕਾਨਪੁਰ ਵਿੱਚ ਵੀ ਕੱਢਿਆ ਗਿਆ।
ਕਿਸਾਨ ਆਗੂਆਂ ਨੇ ਦੱਸਿਆ ਕਿ 30 ਮਾਰਚ ਨੂੰ ਨਰਮਦਾ ਘਾਟੀ ਦੇ ਕਿਸਾਨਾਂ ਵੱਲੋਂ ਦਾਂਡੀ ਤੋਂ ਮਿੱਟੀ ਸੱਤਿਆਗ੍ਰਹਿ ਯਾਤਰਾ ਵਿੱਚ ਹਿੱਸਾ ਲਿਆ ਜਾਵੇਗਾ ਅਤੇ ਇਸ ਘਾਟੀ ਦੀ ਮਿੱਟੀ ਦਿੱਲੀ ਵਿੱਚ ਕਿਸਾਨਾਂ ਦੇ ਸੰਘਰਸ਼ ਵਾਲੀ ਥਾਂ ‘ਤੇ ਪਹੁੰਚੇਗੀ। ਨਰਮਦਾ ਘਾਟੀ ਦੇ ਕਿਸਾਨ-ਮਜ਼ਦੂਰ ਵੀ ਇਸ ਮਿੱਟੀ ਸੱਤਿਆਗ੍ਰਹਿ ਯਾਤਰਾ ਰਾਹੀਂ ਦਿੱਲੀ ਪਹੁੰਚਣਗੇ। ਗਾਜ਼ੀਪੁਰ ਹੱਦ ‘ਤੇ ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਮਜ਼ਦੂਰ ਵੱਡੀ ਗਿਣਤੀ ‘ਚ ਪਹੁੰਚੇ। ਅੰਦੋਲਨ ਵਾਲੀ ਜਗ੍ਹਾ ‘ਤੇ ਇਕ ਮਾਰਚ ਵੀ ਕੱਢਿਆ ਗਿਆ, ਜੋ ਕਿ ਮੰਚ ‘ਤੇ ਅੰਦੋਲਨ ਦੇ ਵੱਖ-ਵੱਖ ਰੂਟਾਂ ਰਾਹੀਂ ਪੂਰਾ ਹੋਇਆ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …