24.3 C
Toronto
Monday, September 15, 2025
spot_img
Homeਪੰਜਾਬਚੋਣ ਨਤੀਜਿਆਂ ਨੇ ਵਧਾਈਆਂ ਧੜਕਣਾਂ; ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ 'ਚ...

ਚੋਣ ਨਤੀਜਿਆਂ ਨੇ ਵਧਾਈਆਂ ਧੜਕਣਾਂ; ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ‘ਚ ਲਾਏ ਡੇਰੇ

ਜਰਨੈਲ ਸਿੰਘ ਵੀ 10 ਨੂੰ ਲੰਬੀ ਪੁੱਜਣਗੇ
ਲੰਬੀ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੀ ਘੜੀ ਨੇੜੇ ਆਉਂਦੀ ਦੇਖ ਸਿਆਸਤ ਦੇ ਸ਼ਾਹ ਅਸਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਪਿੰਡ ਬਾਦਲ ਆ ਗਏ ਹਨ। ਉਹ ਪਿੰਡ ਬਾਦਲ ਤੋਂ ਚੋਣ ਨਤੀਜਿਆਂ ‘ਤੇ ਨਜ਼ਰਾਂ ਰੱਖਣਗੇ। ਜਾਣਕਾਰਾਂ ਅਨੁਸਾਰ ਬਾਦਲ ਹਰੇਕ ਚੋਣ ਨਤੀਜੇ ਸਮੇਂ ਪਿੰਡ ਬਾਦਲ ਵਿੱਚ ਰਹਿਣ ਨੂੰ ‘ਸ਼ੁੱਭ’ ਮੰਨਦੇ ਹਨ। ਉਨ੍ਹਾਂ ਅਮਰੀਕਾ ਵਿਚ ਇਲਾਜ ਮਗਰੋਂ ਬਾਲਾਸਰ ਫਾਰਮ ਹਾਊਸ ‘ਤੇ ਛੁੱਟੀਆਂ ਬਿਤਾਈਆਂ। ਮੁੱਖ ਮੰਤਰੀ ਬਾਦਲ ਦੇ ਜੀਵਨ ਦੀ ਬੇਹੱਦ ਫਸਵੀਂ 11ਵੀਂ ਸੂਬਾਈ ਚੋਣ ਦਾ ਨਤੀਜਾ 11 ਮਾਰਚ ਨੂੰ ਆਉਣਾ ਹੈ। ਲੰਬੀ ਸੀਟ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹਨ। ਅਕਾਲੀ ਜਥੇਦਾਰਾਂ ਦੀਆਂ ‘ਕਾਰਗੁਜ਼ਾਰੀਆਂ’ ਕਾਰਨ ਐਤਕੀਂ ਚੋਣ ਪ੍ਰਚਾਰ ਵੱਡੇ ਬਾਦਲ ਲਈ ਕਾਫ਼ੀ ਨਾਮੋਸ਼ੀ ਭਰਿਆ ਰਿਹਾ। ਉਂਜ ਉਨ੍ਹਾਂ ਨੇ ਆਪਣੇ ਜੀਵਨ ਵਿਚ ਕਦੇ ਵਿਧਾਨ ਸਭਾ ਚੋਣ ਨਹੀਂ ਹਾਰੀ ਪਰ ਇਸ ਵਾਰ ਕਾਂਗਰਸ ਦੇ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ‘ਆਪ’ ਦੇ ਜਰਨੈਲ ਸਿੰਘ ਨਾਲ ਤਿਕੋਣੇ ਸਿਆਸੀ ਭੇੜ ਵਿਚ ਜਿੱਤ-ਹਾਰ ਦਾ ਫ਼ਰਕ ਉਂਗਲਾਂ ‘ਤੇ ਗਿਣਨ ਵਾਂਗ ਬਣਿਆ ਪਿਆ ਹੈ। ਬਾਦਲ ਦੀ ਰਵਾਇਤੀ ਚੁੱਪ ਵਿਰੋਧੀਆਂ ਦੀ ਉਲਝਣ ਵਧਾ ਰਹੀ ਹੈ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਨਤੀਜੇ ਨੇ ਵਿਰੋਧੀਆਂ ਦੇ ਮੂੰਹ 11 ਮਾਰਚ ਤੱਕ ਸਿਉਂ ਦਿੱਤੇ ਹਨ। ਪਰ ਸਿਆਸੀ ਮਾਹਿਰ ਦਿੱਲੀ ਤੇ ਪੰਜਾਬ ਦੇ ਸਿਆਸੀ ਮਾਹੌਲ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਮੰਨਦੇ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਵਰਕਰਾਂ ਨਾਲ ਮੁਲਾਕਾਤ ਵੀ ਕੀਤੀ। ਪਿੰਡ ਬਾਦਲ ਵਿਚ ਇੱਕ-ਦੋ ਪਰਿਵਾਰਾਂ ਵਿੱਚ ਮੌਤਾਂ ਕਰਕੇ ਦੁੱਖ ਪ੍ਰਗਟ ਕਰਨ ਲਈ ਗਏ। ਇਸ ਦੌਰਾਨ ਦੋ-ਤਿੰਨ ਅਕਾਲੀ ਉਮੀਦਵਾਰ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਪੁੱਜੇ।
ਲੰਬੀ ਸੀਟ ਤੋਂ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਗੜ੍ਹ ਵਿੱਚ ਵੰਗਾਰਨ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਵੀ ਪਿੰਡ ਬਾਦਲ ਪੁੱਜ ਰਹੇ ਹਨ। ਸੂਤਰਾਂ ਅਨੁਸਾਰ ‘ਆਪ’ ਦੇ ਉਮੀਦਵਾਰ ਜਰਨੈਲ ਸਿੰਘ ਵੀ ਦਿੱਲੀ ਵਿਚ ਪਰਿਵਾਰਕ ਰੁਝੇਂਵਿਆਂ ਤੇ ਸਿਆਸੀ-ਸਮਾਜਿਕ ਸਰਗਰਮੀਆਂ ਨਿਪਟਾ ਕੇ 10 ਮਾਰਚ ਨੂੰ ਲੰਬੀ ਹਲਕੇ ਵਿਚ ਚੋਣ ਨਤੀਜੇ ਲਈ ਪੁੱਜ ਜਾਣਗੇ। ਉਂਜ ਜਰਨੈਲ ਸਿੰਘ ਵੋਟਾਂ ਬਾਅਦ ਕਈ ਦਿਨਾਂ ਤੱਕ ਵਰਕਰਾਂ ਨਾਲ ਮੁਲਾਕਾਤ ਕਰਕੇ ਪ੍ਰਚਾਰ ਵਿਚ ਪਾਏ ਯੋਗਦਾਨ ਲਈ ਹੌਂਸਲਾ ਅਫ਼ਜ਼ਾਈ ਕਰਦੇ ਰਹੇ ਸਨ। ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਬਲਜਿੰਦਰ ਸਿੰਘ ਮੋਰਜੰਡ ਵੀ ਆਪਣੇ ਜੱਦੀ ਸੂਬੇ ਰਾਜਸਥਾਨ ਦੌਰੇ ਮਗਰੋਂ ਐਤਵਾਰ ਨੂੰ ਲੰਬੀ ਹਲਕੇ ਵਿਚ ਪਰਤ ਆਏ ਹਨ। ਉਧਰ ਚੋਣ ਪ੍ਰਸ਼ਾਸਨ ਨੇ ਲੰਬੀ ਹਲਕੇ ਦੇ ਵੋਟਾਂ ਦੀ ਗਿਣਤੀ ਲਈ ਵੱਡੇ ਪੱਧਰ ‘ਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ.ਕੇ ਸਿੰਘ ਨੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ।
ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਪਹੁੰਚੇ ਗੁਰਦਾਸ ਸਿੰਘ ਬਾਦਲ
ਪੁੱਤਰਾਂ ਦੇ ਸਹੇੜੇ ਦੁਫੇੜੇ ਬਾਅਦ ਵੀ ‘ਰਾਮ-ਲਛਮਣ’ ਅਖਵਾਉਂਦੇ ਪਾਸ਼ ਤੇ ਦਾਸ ਕਦੇਂ-ਕਦਾਈਂ ਦੁੱਖ-ਸੁੱਖ ਸਾਂਝਾ ਕਰ ਲੈਂਦੇ ਹਨ। ਗੁਰਦਾਸ ਸਿੰਘ ਬਾਦਲ (ਦਾਸ) ਆਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ (ਪਾਸ਼) ਦੇ ਅਮਰੀਕਾ ਤੋਂ ਇਲਾਜ ਬਾਅਦ ਪਿੰਡ ਪੁੱਜਣ ‘ਤੇ ਅੱਜ ਸੁੱਖ-ਸਾਂਦ ਪੁੱਛਣ ਗਏ। ਮੰਗਲਵਾਰ ਸਵੇਰੇ ਸਵਾ 10 ਵਜੇ ਬਾਦਲਾਂ ਦੀ ਰਿਹਾਇਸ਼ ‘ਤੇ ਦਾਸ ਨੇ ਪਾਸ਼ ਨਾਲ 10-12 ਮਿੰਟ ਸਾਂਝੇ ਕੀਤੇ। ਦੋਵੇਂ ਭਰਾ ਲਾਅਨ ਵਿੱਚ ਧੁੱਪੇ ਇਕੱਲੇ ਬੈਠੇ ਰਹੇ। ਸੁਖਬੀਰ ਸਿੰਘ ਬਾਦਲ ਵੀ ਰਿਹਾਇਸ਼ ‘ਤੇ ਮੌਜੂਦ ਸੀ ਪਰ ਉਹ ਆਪਣੇ ਚਾਚੇ ਨੂੰ ਮਿਲਣ ਲਈ ਬਾਹਰ ਨਹੀਂ ਆਇਆ। ਸੂਤਰਾਂ ਅਨੁਸਾਰ ਸੁਖਬੀਰ ਬਾਦਲ ਉਦੋਂ ਅੰਦਰ ਸੁੱਤੇ ਪਏ ਸਨ।
ਬਾਦਲ ਦੇ ਦਿਲ ਦਾ ਇਲਾਜ ਸਰਕਾਰੀ ਖਜ਼ਾਨੇ ‘ਚੋਂ
ਬਠਿੰਡਾ  : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਮਰੀਕਾ ਵਿਚ ਇਲਾਜ ‘ਤੇ ਤਕਰੀਬਨ ਇੱਕ ਕਰੋੜ ਰੁਪਏ ਖਰਚ ਹੋਏ ਹਨ, ਜਿਸ ਦੀ ਅਦਾਇਗੀ ਹੁਣ ਸਰਕਾਰੀ ਖ਼ਜ਼ਾਨੇ ਵਿਚੋਂ ਹੋਵੇਗੀ। ਮੁੱਖ ਮੰਤਰੀ ਵੋਟਾਂ ਪੈਣ ਮਗਰੋਂ ਇਲਾਜ ਵਾਸਤੇ ਅਮਰੀਕਾ ਚਲੇ ਗਏ ਸਨ, ਜਿਥੇ ਉਨ੍ਹਾਂ ਦਾ 8 ਤੋਂ 20 ਫਰਵਰੀ ਤੱਕ ਇਲਾਜ ਚੱਲਿਆ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਦਿਲ ਵਿੱਚ ਕੋਈ ਨੁਕਸ ਹੈ। ਮੁੱਖ ਮੰਤਰੀ ਨੇ ਹਫ਼ਤਾ ਪਹਿਲਾਂ ਆਪਣੇ ਇਲਾਜ ਦੇ ਬਿੱਲ ਆਮ ਪ੍ਰਬੰਧ ਵਿਭਾਗ ਨੂੰ ਸੌਂਪ ਦਿੱਤੇ ਸਨ ਅਤੇ ਆਮ ਪ੍ਰਬੰਧ ਵਿਭਾਗ ਨੇ ਇਹ ਬਿੱਲ ਸਿਹਤ ਵਿਭਾਗ ਨੂੰ ਭੇਜ ਦਿੱਤੇ ਹਨ। ઠਗੱਠਜੋੜ ਹਕੂਮਤ (2007-2012) ਦੌਰਾਨ ਮੁੱਖ ਮੰਤਰੀ ਪੰਜਾਬ ਦੇ ਪਰਿਵਾਰ ਦੇ ਇਲਾਜ ਦਾ ਖਰਚਾ 3.59 ਕਰੋੜ ਰੁਪਏ ਆਇਆ ਸੀ, ਜੋ ਉਨ੍ਹਾਂ ਦੀ ਪਤਨੀ ਮਰਹੂਮ ਸੁਰਿੰਦਰ ਕੌਰ ਦੇ ਅਮਰੀਕਾ ਵਿਚ ਹੋਏ ਇਲਾਜ ਦਾ ਖਰਚਾ ਸੀ। ਆਮ ਪ੍ਰਸ਼ਾਸਨ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ ਏ ਪੀ ਸਿਨਹਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਲਾਜ ਦੇ ਬਿੱਲ ਪ੍ਰਾਪਤ ਹੋਏ ਹਨ, ਜੋ ਸਿਹਤ ਵਿਭਾਗ ਪੰਜਾਬ ਨੂੰ ਭੇਜ ਦਿੱਤੇ ਹਨ।

RELATED ARTICLES
POPULAR POSTS