Breaking News
Home / ਪੰਜਾਬ / ਸਾਬਕਾ ਮੁੱਖ ਮੰਤਰੀ ਚੰਨੀ ਖਿਲਾਫ਼ ਵਿਜੀਲੈਂਸ ਨੇ ਜਾਂਚ ਕੀਤੀ ਆਰੰਭ

ਸਾਬਕਾ ਮੁੱਖ ਮੰਤਰੀ ਚੰਨੀ ਖਿਲਾਫ਼ ਵਿਜੀਲੈਂਸ ਨੇ ਜਾਂਚ ਕੀਤੀ ਆਰੰਭ

ਚੰਨੀ ਬੋਲੇ : ਪੰਜਾਬ ਸਰਕਾਰ ਮੈਨੂੰ ਕਿਸੇ ਨਾ ਕਿਸੇ ਬਹਾਨੇ ਜੇਲ੍ਹ ਭੇਜਣਾ ਚਾਹੁੰਦੀ ਹੈ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਖਿਲਾਫ਼ ਜਾਂਚ ਆਰੰਭ ਦਿੱਤੀ ਹੈ। ਵਿਜੀਲੈਂਸ ਵੱਲੋਂ ਇਹ ਜਾਂਚ ਸੈਰ-ਸਪਾਟਾ ਵਿਭਾਗ ਵਿੱਚ ਕਰੋੜਾਂ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਤਹਿਤ ਮਿਲੀ ਇੱਕ ਸ਼ਿਕਾਇਤ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਹੈ। ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਡਾਇਰਕੈਟਰ ਵਿਜੀਲੈਂਸ ਵਰਿੰਦਰ ਕੁਮਾਰ ਨੇ ਸਾਬਕਾ ਮੁੱਖ ਮੰਤਰੀ ਖਿਲਾਫ਼ ਜਾਂਚ ਦਾ ਕੰਮ ਏਆਈਜੀ ਫਲਾਇੰਗ ਸਕੁਐਡ ਮਨਮੋਹਨ ਸ਼ਰਮਾ ਨੂੰ ਸੌਂਪਿਆ ਹੈ। ਸ਼ਿਕਾਇਤਕਰਤਾ ਰਾਜਬਿੰਦਰ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਭਾਗੂ ਜ਼ਿਲ੍ਹਾ ਬਠਿੰਡਾ ਵੱਲੋਂ 6 ਪੰਨਿਆਂ ਦੀ ਸ਼ਿਕਾਇਤ ਦੇ ਨਾਲ ਪੂਰੇ ਦਸਤਾਵੇਜ਼ ਨੱਥੀ ਕਰਦਿਆਂ ਦੋਸ਼ ਲਾਇਆ ਗਿਆ ਹੈ ਕਿ ਨਵੰਬਰ 2021 ਵਿੱਚ ਸਾਬਕਾ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਚਮੌਕਰ ਸਾਹਿਬ ਵਿੱਚ ‘‘ਦਾਸਤਾਨ-ਏ-ਸ਼ਹਾਦਤ’’ ਦੇ ਸਮਾਗਮ ਦੌਰਾਨ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਸ ਸਮਾਗਮ ’ਤੇ ਕੀਤੇ ਖਰਚ ਦੀ ਆੜ ਹੇਠ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਦੀ ਸ਼ਾਦੀ ’ਤੇ ਹੋਏ ਖਰਚ ਨੂੰ ਐਡਜਸਟ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ‘‘ਦਾਸਤਾਨ-ਏ-ਸ਼ਹਾਦਤ’’ ਸਮਾਗਮ ਦੌਰਾਨ ਹੋਏ ਖਰਚ ਦੌਰਾਨ 1.47 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀਆਂ ਸਾਜਿਸ਼ਾਂ ਰਚ ਰਹੀ ਹੈ। ਇਸ ਲਈ ਵਿਜੀਲੈਂਸ ਵੱਲੋਂ ਇੱਕ ਜਾਂਚ ਨਹੀਂ ਬਲਕਿ ਉਨ੍ਹਾਂ ਖਿਲਾਫ਼ ਕਈ ਤਰ੍ਹਾਂ ਦੀਆਂ ਪੜਤਾਲਾਂ ਖੋਲ੍ਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ‘‘ਦਾਸਤਾਨ-ਏ-ਸ਼ਹਾਦਤ’’ ਸਮਾਗਮ ਦੇ ਨਾਮ ’ਤੇ ਪੈਸੇ ਖਾਣ ਦੇ ਦੋਸ਼ਾਂ ਦਾ ਸਵਾਲ ਹੈ ਤਾਂ ਇਸ ਤਰ੍ਹਾਂ ਦੀ ਘਟੀਆ ਹਰਕਤ ਬਾਰੇ ਤਾਂ ਕੋਈ ਵਿਅਕਤੀ ਸੋਚ ਵੀ ਨਹੀਂ ਸਕਦਾ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …