ਮਹਾਰਾਸ਼ਟਰ ‘ਚ ਮਜ਼ਦੂਰੀ ਬਚਾਉਣ ਲਈ ਮਹਿਲਾਵਾਂ ਨੂੰ ਕਢਵਾਉਣੀ ਪੈਂਦੀ ਹੈ ਬੱਚੇਦਾਨੀ
ਮੁੰਬਈ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਭਾਰਤ ਨੂੰ ਡਿਜ਼ੀਟਲ ਬਣਾਉਣ ਦੀ ਗੱਲ ਕਰ ਰਹੀ ਹੈ, ਪਰ ਦੇਸ਼ ਵਿਚ ਮਜ਼ਦੂਰਾਂ ਦੀ ਹਾਲਤ ਦਿਨੋ-ਦਿਨ ਚਿੰਤਾਜਨਕ ਬਣਦੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਜ਼ਦੂਰੀ-ਦਿਹਾੜੀ ਬਚਾਉਣ ਲਈ ਮਹਾਰਾਸ਼ਟਰ ਦੇ ਮਰਾਠਵਾੜਾ ਖਿੱਤੇ ‘ਚ ਔਰਤਾਂ ਆਪਣੀ ਬੱਚੇਦਾਨੀ ਕਢਵਾਉਣ ਲਈ ਮਜਬੂਰ ਹੋ ਰਹੀਆਂ ਹਨ। ਵੱਡੀ ਗਿਣਤੀ ਇਹ ਔਰਤਾਂ ਗੰਨੇ ਦੇ ਖੇਤਾਂ ‘ਚ ਮਜ਼ਦੂਰੀ ਕਰਦੀਆਂ ਹਨ। ਮਾਹਵਾਰੀ ਦੇ ਦਿਨਾਂ ਵਿਚ ਇਹ ਕੰਮ ਨਹੀਂ ਕਰ ਪਾਉਂਦੀਆਂ ਤੇ ਦਿਹਾੜੀ ਨਾ ਲਾਉਣ ਕਾਰਨ ਇਨ੍ਹਾਂ ਦੇ ਪੈਸੇ ਮਾਰੇ ਜਾਂਦੇ ਹਨ। ਅਜਿਹੇ ਵਿਚ ਵਿੱਤੀ ਨੁਕਸਾਨ ਤੋਂ ਬਚਣ ਅਤੇ ਦਿਹਾੜੀ ‘ਤੇ ਜਾਣ ਲਈ ਔਰਤਾਂ ਆਪਣੀ ਬੱਚੇਦਾਨੀ ਹੀ ਕਢਵਾ ਦਿੰਦੀਆਂ ਹਨ ਤਾਂ ਕਿ ਮਾਹਵਾਰੀ ਨਾ ਆਵੇ ਤੇ ਕੰਮ ਤੋਂ ਛੁੱਟੀ ਨਾ ਕਰਨੀ ਪਵੇ। ਔਰਤਾਂ ਦੀ ਇਸ ਮੁਸ਼ਕਲ ਬਾਰੇ ਮਹਾਰਾਸ਼ਟਰ ਦੇ ਮੰਤਰੀ ਨਿਤਿਨ ਰਾਊਤ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਗੰਨੇ ਦੇ ਖੇਤਾਂ ਵਿਚ ਕੰਮ ਕਰਦੀਆਂ ਇਨ੍ਹਾਂ ਔਰਤਾਂ ਦੀ ਮਦਦ ਲਈ ਸਰਕਾਰ ਦਖ਼ਲ ਦੇਵੇ। ਕਾਂਗਰਸੀ ਆਗੂ ਰਾਊਤ ਦਾ ਕਹਿਣਾ ਹੈ ਕਿ ਅਜਿਹੀਆਂ ਔਰਤਾਂ ਦੀ ਗਿਣਤੀ ਕਰੀਬ 30,000 ਹੈ। ਉਨ੍ਹਾਂ ਦੱਸਿਆ ਕਿ ਗੰਨੇ ਦਾ ਸੀਜ਼ਨ ਛੇ ਮਹੀਨੇ ਦਾ ਹੁੰਦਾ ਹੈ। ਇਨ੍ਹਾਂ ਮਹੀਨਿਆਂ ਦੌਰਾਨ ਜੇ ਗੰਨੇ ਦੀ ਪਿੜਾਈ ਕਰਨ ਵਾਲੀਆਂ ਫ਼ੈਕਟਰੀਆਂ ਪ੍ਰਤੀ ਮਹੀਨੇ ਚਾਰ ਦਿਨ ਦੀ ਮਜ਼ਦੂਰੀ ਦੇਣ ਲਈ ਰਾਜ਼ੀ ਹੋ ਜਾਣ ਤਾਂ ਇਸ ਮੁਸ਼ਕਲ ਦਾ ਹੱਲ ਨਿਕਲ ਸਕਦਾ ਹੈ। ਰਾਊਤ ਨੇ ਆਪਣੇ ਪੱਤਰ ‘ਚ ਠਾਕਰੇ ਨੂੰ ਬੇਨਤੀ ਕੀਤੀ ਹੈ ਕਿ ਉਹ ਇਨਸਾਨੀਅਤ ਦੇ ਪੱਖ ਤੋਂ ਮਰਾਠਵਾੜਾ ਖੇਤਰ ਦੀਆਂ ਇਨ੍ਹਾਂ ਔਰਤਾਂ ਦੀ ਮੁਸ਼ਕਲ ਦੇ ਹੱਲ ਲਈ ਸਬੰਧਤ ਮਹਿਕਮੇ ਨੂੰ ਨਿਰਦੇਸ਼ ਦੇਣ। ਰਾਊਤ ਦੇ ਕੋਲ ਪੀਡਬਲਿਊਡੀ, ਆਦਿਵਾਸੀ ਮਾਮਲੇ, ਮਹਿਲਾ ਤੇ ਬਾਲ ਵਿਕਾਸ, ਕੱਪੜਾ, ਰਾਹਤ ਤੇ ਪੁਨਰਵਾਸ ਵਿਭਾਗ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …