Breaking News
Home / ਹਫ਼ਤਾਵਾਰੀ ਫੇਰੀ / ਸੁਖਦੇਵ ਸਿੰਘ ਢੀਂਡਸਾ ਇਸੇ ਮਹੀਨੇ ਬਣਾਉਣਗੇ ਨਵੀਂ ਪਾਰਟੀ

ਸੁਖਦੇਵ ਸਿੰਘ ਢੀਂਡਸਾ ਇਸੇ ਮਹੀਨੇ ਬਣਾਉਣਗੇ ਨਵੀਂ ਪਾਰਟੀ

ਬਾਦਲਾਂ ਤੋਂ ਦੁਖੀ ਆਗੂ ਜਾ ਸਕਦੇ ਹਨ ਢੀਂਡਸਾ ਦੀ ਪਾਰਟੀ ‘ਚ
ਸੰਗਰੂਰ/ਬਿਊਰੋ ਨਿਊਜ਼ : ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਹਮਖਿਆਲੀ ਸਾਥੀਆਂ ਅਤੇ ਟਕਸਾਲੀ ਅਕਾਲੀਆਂ ਨਾਲ ਸਲਾਹ ਕਰਕੇ ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਸੰਗਰੂਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਨਵੀਂ ਪਾਰਟੀ ਇਸੇ ਮਹੀਨੇ ਹੋਂਦ ਵਿਚ ਆ ਜਾਵੇਗੀ। ਪਾਰਟੀ ਦੇ ਨਾਮ ਸਬੰਧੀ ਉਨ੍ਹਾਂ ਕਿਹਾ ਕਿ ਇਸ ਬਾਰੇ ਮੀਟਿੰਗ ਵਿਚ ਫ਼ੈਸਲਾ ਕੀਤਾ ਜਾਵੇਗਾ ਅਤੇ ਮੀਟਿੰਗ ਅਗਲੇ ਹਫ਼ਤੇ ਹੋ ਸਕਦੀ ਹੈ। ਢੀਂਡਸਾ ਨੇ ਦੱਸਿਆ ਕਿ ਬਾਦਲਕਿਆਂ ਤੋਂ ਦੁਖੀ ਅਕਾਲੀ ਆਗੂ ਉਨ੍ਹਾਂ ਨਾਲ ਜੁੜ ਰਹੇ ਹਨ। 19 ਜੂਨ ਨੂੰ ਉਹ ਮੁਕਤਸਰ ਸਾਹਿਬ ਜਾ ਰਹੇ ਹਨ ਜਿੱਥੇ ਰਜਿੰਦਰ ਸਿੰਘ ਰਾਜਾ ਜਿਸ ਨੇ ਪਿਛਲੀ ਵਾਰ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ, ਉਨ੍ਹਾਂ ਨਾਲ ਜੁੜ ਰਹੇ ਹਨ। ਉਨ੍ਹਾਂ ਮੰਨਿਆ ਕਿ ਕੋਰੋਨਾ ਵਾਇਰਸ ਦੇ ਮਾਹੌਲ ਕਾਰਨ ਉਨ੍ਹਾਂ ਵਲੋਂ ਵਿੱਢੀ ਮੁਹਿੰਮ ਵਿਚ ਖੜੋਤ ਆਈ ਹੈ ਪਰ ਉਨ੍ਹਾਂ ਨੇ ਹੁਣ ਇਸ ਮੁਹਿੰਮ ਨੂੰ ਮੁੜ ਸਰਗਰਮ ਕਰ ਲਿਆ ਹੈ। ਕੇਂਦਰ ਵਲੋਂ ਇਕ ਦੇਸ਼ ਇਕ ਮੰਡੀ ਬਾਰੇ ਕੀਤੇ ਐਲਾਨ ਬਾਰੇ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਗਲਤ ਹੈ ਅਤੇ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਫ਼ੈਸਲੇ ਦੀ ਹਮਾਇਤ ਆਪਣੀ ਪਤਨੀ ਦੀ ਵਜ਼ੀਰੀ ਬਚਾਉਣ ਲਈ ਕਰ ਰਹੇ ਹਨ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …