ਬਾਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਰਿਸ਼ੀ ਸੂਨਕ ਨੇ ਜੀ-20 ਸਿਖਰ ਵਾਰਤਾ ਤੋਂ ਇਕਪਾਸੇ ਦੁਵੱਲੀ ਬੈਠਕ ਦੌਰਾਨ ਮੁਕਤ ਵਪਾਰ ਸਮਝੌਤਾ, ਰੱਖਿਆ ਤੇ ਸੁਰੱਖਿਆ ਜਿਹੇ ਅਹਿਮ ਖੇਤਰਾਂ ‘ਚ ਸਹਿਯੋਗ ਬਾਰੇ ਚਰਚਾ ਕੀਤੀ। ਦੋਵਾਂ ਆਗੂਆਂ ਦਰਮਿਆਨ ਇਸ ਪਲੇਠੀ ਮਿਲਣੀ ਤੋਂ ਫੌਰੀ ਮਗਰੋਂ ਯੂਕੇ ਨੇ ਇਕ ਨਵੀਂ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਤਹਿਤ 18 ਤੋਂ 30 ਸਾਲ ਦੇ ਡਿਗਰੀਧਾਰੀ ਸਿੱਖਿਅਤ ਭਾਰਤੀ ਨੌਜਵਾਨਾਂ ਨੂੰ ਯੂਕੇ ਵਿੱਚ ਦੋ ਸਾਲ ਲਈ ਰਹਿਣ ਤੇ ਕੰਮ ਕਰਨ ਲਈ ਸਾਲਾਨਾ 3000 ਵੀਜ਼ੇ ਦਿੱਤੇ ਜਾਣਗੇ। ‘ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲਜ਼ ਸਕੀਮ’ ਦੀ ਸ਼ੁਰੂਆਤ ਨੂੰ ਭਾਰਤ-ਯੂਕੇ ਦੁਵੱਲੇ ਰਿਸ਼ਤਿਆਂ ਲਈ ‘ਅਹਿਮ ਪਲ’ ਤੇ ਦੋਵਾਂ ਦੇਸ਼ਾਂ ਦੇ ਅਰਥਚਾਰਿਆਂ ਨੂੰ ਮਜ਼ਬੂਤ ਕਰਨ ਲਈ ਅਹਿਮ ਪੇਸ਼ਕਦਮੀ ਦੱਸਿਆ ਜਾ ਰਿਹਾ ਹੈ। ਇਸ ਨੂੰ ਮੁਕਤ ਵਪਾਰ ਸਮਝੌਤੇ ਬਾਰੇ ਸੰਵਾਦ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਵਜੋਂ ਵੀ ਵੇਖਿਆ ਜਾ ਰਿਹਾ ਹੈ। ਦੋਵਾਂ ਆਗੂਆਂ ਨੇ ਯੂਕੇ-ਭਾਰਤ ਰਿਸ਼ਤਿਆਂ ਦੀ ‘ਚਿਰਸਥਾਈ ਅਹਿਮੀਅਤ’ ਉੱਤੇ ਸਹਿਮਤੀ ਦਿੱਤੀ। ਸੂਨਕ ਨੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੀ ਨਿਯੁਕਤੀ ਲਈ ਭਾਰਤੀ ਲੋਕਾਂ ਵੱਲੋਂ ਵਿਖਾਏ ਜ਼ਬਰਦਸਤ ਹੁੰਗਾਰੇ ਲਈ ਮੋਦੀ ਦਾ ਧੰਨਵਾਦ ਕੀਤਾ। ਸੂਨਕ ਨੇ ਕਿਹਾ ਕਿ ਉਹ ਯੂਕਰੇਨ ਜੰਗ ਖ਼ਤਮ ਕਰਨ ਤੇ ਵਾਤਾਵਰਨ ਤਬਦੀਲੀ ਜਿਹੀਆਂ ਅਹਿਮ ਚੁਣੌਤੀਆਂ ਦੇ ਟਾਕਰੇ ਲਈ ਜੀ-20 ਵਿੱਚ ਭਾਰਤ ਦੀ ਪ੍ਰਧਾਨਗੀ ਹੇਠ ਮਿਲ ਕੇ ਕੰਮ ਕਰਨ ਦੇ ਮਿਲੇ ਮੌਕੇ ਦਾ ਸਵਾਗਤ ਕਰਦੇ ਹਨ। ਮੀਟਿੰਗ ਮਗਰੋਂ ਮੋਦੀ ਨੇ ਕਿਹਾ ਕਿ ਭਾਰਤ ਬਰਤਾਨੀਆ ਨਾਲ ਆਪਣੇ ਰਿਸ਼ਤਿਆਂ ਨੂੰ ਬਹੁਤ ਅਹਿਮੀਅਤ ਦਿੰਦਾ ਹੈ।