Breaking News
Home / ਹਫ਼ਤਾਵਾਰੀ ਫੇਰੀ / ਪੀ.ਐਨ.ਬੀ. ਘੁਟਾਲਾ ਨੀਰਵ ਮੋਦੀ ਲੰਡਨ ‘ਚ ਗ੍ਰਿਫ਼ਤਾਰ

ਪੀ.ਐਨ.ਬੀ. ਘੁਟਾਲਾ ਨੀਰਵ ਮੋਦੀ ਲੰਡਨ ‘ਚ ਗ੍ਰਿਫ਼ਤਾਰ

ਲੰਡਨ/ਬਿਊਰੋ ਨਿਊਜ਼ : ਪੰਜਾਬ ਨੈਸ਼ਨਲ ਬੈਂਕ ਘੁਟਾਲਾ ਕੇਸ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਨੂੰ ਬਰਤਾਨੀਆ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਸ ਭਗੌੜੇ ਹੀਰਾ ਕਾਰੋਬਾਰੀ ਨੂੰ ਇੱਥੋਂ ਦੀ ਇੱਕ ਅਦਾਲਤ ਨੇ 29 ਮਾਰਚ ਤੱਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਅਦਾਲਤ ਨੇ ਕਿਹਾ ਕਿ ਇਹ ਗੱਲ ਪੱਕੀ ਹੈ ਕਿ ਜੇਕਰ ਮੁਲਜ਼ਮ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਤਾਂ ਉਹ ਬਾਅਦ ਵਿੱਚ ਆਤਮ ਸਮਰਪਣ ਲਈ ਪੇਸ਼ ਨਹੀਂ ਹੋਵੇਗਾ। ਮੈਟਰੋਪੋਲਿਟਨ ਪੁਲਿਸ ਨੇ ਦੱਸਿਆ ਕਿ ਨੀਰਵ ਮੋਦੀ (48) ਨੂੰ 19 ਮਾਰਚ ਨੂੰ ਹੌਲਬਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਬੁੱਧਵਾਰ ਨੂੰ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਆਪਣੀ ਭਾਰਤ ਸਪੁਰਦਗੀ ਨੂੰ ਚੁਣੌਤੀ ਦਿੱਤੀ। ਜ਼ਿਲ੍ਹਾ ਜੱਜ ਮੈਰੀ ਮੈਲਨ ਨੇ ਮੋਦੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਉਸ ਨੂੰ 29 ਮਾਰਚ ਤੱਕ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਉਸ ਦੀ ਜ਼ਮਾਨਤ ਇਸ ਲਈ ਰੱਦ ਕੀਤੀ ਗਈ ਹੈ ਕਿਉਂਕਿ ਇਸ ਗੱਲ ਦਾ ਪੱਕਾ ਆਧਾਰ ਹੈ ਕਿ ਜੇਕਰ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਉਹ ਦੋਬਾਰਾ ਆਪਣੇ ਆਪ ਨੂੰ ਅਦਾਲਤ ਵਿਚ ਆਤਮ ਸਮਰਪਣ ਲਈ ਪੇਸ਼ ਨਹੀਂ ਕਰੇਗਾ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਲੇ ਧਨ ਨੂੰ ਸਫੈਦ ਕਰਨ ਦੇ ਕੇਸ ਵਿਚ ਲੰਡਨ ਦੀ ਅਦਾਲਤ ਵਿਚ ਨੀਰਵ ਮੋਦੀ ਦੀ ਹਵਾਲਗੀ ਲਈ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਨੀਰਵ ਮੋਦੀ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ। ਉਸ ਨੂੰ ਜਿੱਥੇ ਗ੍ਰਿਫ਼ਤਾਰ ਕੀਤਾ ਗਿਆ ਹੈ ਉਸ ਤੋਂ ਇਸ ਗੱਲ ਦੇ ਸੰਕੇਤ ਮਿਲਦੇ ਹਨ ਕਿ ਨੀਰਵ ਮੋਦੀ ਪੱਛਮੀ ਕਿਨਾਰੇ ਦੇ ਸੈਂਟਰ ਪੁਆਇੰਟ ਦੇ ਉਸੇ ਆਲੀਸ਼ਾਨ ਅਪਾਰਟਮੈਂਟ ਵਿਚ ਰਹਿ ਰਿਹਾ ਸੀ ਜਿੱਥੇ ਉਸ ਦੇ ਹੋਣ ਦਾ ਸ਼ੱਕ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਬਰਤਾਨੀਆ ਦੀ ਅਦਾਲਤ ਨੇ ਦੱਸਿਆ ਕਿ ਨੀਰਵ ਮੋਦੀ ਕੋਲ ਤਿੰਨ ਪਾਸਪੋਰਟ ਸਨ। ਇਨ੍ਹਾਂ ਵਿਚੋਂ ਇੱਕ ਪਾਸਪੋਰਟ ਇਸ ਸਮੇਂ ਮੈਟਰੋਪੋਲੀਟਨ ਪੁਲਿਸ ਕੋਲ ਹੈ, ਦੂਜਾ ਮਿਆਦ ਪੁਗਾ ਚੁੱਕਾ ਪਾਸਪੋਰਟ ਬਰਤਾਨੀਆ ਦੇ ਗ੍ਰਹਿ ਵਿਭਾਗ ਕੋਲ ਹੈ ਅਤੇ ਤੀਜਾ ਪਾਸਪੋਰਟ ਬਰਤਾਨੀਆ ਦੀ ਡਰਾਈਵਿੰਗ ਤੇ ਵਾਹਨ ਲਾਇਸੈਂਸਸਿੰਗ ਅਥਾਰਿਟੀ ਕੋਲ ਪਿਆ ਹੈ। ਇਸੇ ਦੌਰਾਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਨੀਰਵ ਮੋਦੀ ਨੂੰ ਵੀ ਅਗਸਤਾ ਵੈਸਟਲੈਂਡ ਕੇਸ ਦੇ ਮੁਲਜ਼ਮ ਕ੍ਰਿਸਟੀਅਨ ਮਿਸ਼ੇਲ ਦੀ ਤਰ੍ਹਾਂ ਭਾਰਤ ਲਿਆਂਦਾ ਜਾਵੇਗਾ ਤੇ ਪ੍ਰਧਾਨ ਮਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੇ ਰਾਜ ਵਿਚ ਸਾਰੇ ‘ਚੋਰ’ ਜੇਲ੍ਹਾਂ ਵਿਚ ਸੁੱਟੇ ਜਾਣਗੇ।
ਨੀਰਵ ਮੋਦੀ ਦੀਆਂ ਜਾਇਦਾਦਾਂ ਵੇਚਣ ਲਈ ਈ.ਡੀ. ਨੂੰ ਮਿਲੀ ਹਰੀ ਝੰਡੀ : ਮੁੰਬਈ ਦੀ ਵਿਸ਼ੇਸ਼ ਅਦਾਲਤ ਤੋਂ ਇਜਾਜ਼ਤ ਮਿਲਣ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੀਰਵ ਮੋਦੀ ਦੀਆਂ 173 ਪੇਂਟਿੰਗਾਂ ਤੇ 11 ਵਾਹਨਾਂ ਦੀ ਨੀਲਾਮੀ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਸੇ ਅਦਾਲਤ ਨੇ ਹੀ ਨੀਰਵ ਮੋਦੀ ਦੀ ਪਤਨੀ ਅਮੀ ਖ਼ਿਲਾਫ਼ ਵੀ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਈਡੀ ਨੇ ਪਿੱਛੇ ਜਿਹੇ ਪੀਐੱਨਬੀ ਘੁਟਾਲੇ ਵਿਚ ਉਸ ਦੀ ਭੂਮਿਕਾ ਬਾਰੇ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ। ਈਡੀ ਮੋਦੀ ਦੀਆਂ 57.72 ਕਰੋੜ ਰੁਪਏ ਦੀ ਕੀਮਤ ਵਾਲੀਆਂ 173 ਪੇਂਟਿੰਗਾਂ ਅਤੇ 11 ਮਹਿੰਗੇ ਵਾਹਨਾਂ ਦੀ ਨੀਲਾਮੀ ਕਰੇਗਾ।
ਜਦੋਂ ਛੋਟਾ ਮੋਦੀ ਭੱਜਿਆ ਤਾਂ ਵੱਡਾ ਮੋਦੀ ਸੌਂ ਰਿਹਾ ਸੀ – ਕਾਂਗਰਸ : ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਗ੍ਰਿਫ਼ਤਾਰੀ ਹੋਣ ‘ਤੇ ਟਿੱਪਣੀ ਕਰਦਿਆਂ ਕਾਂਗਰਸ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਸਮੇਂ ਸੁੱਤੇ ਪਏ ਸਨ ਜਦੋਂ ਨੀਰਵ ਮੋਦੀ ਦੇਸ਼ ਛੱਡ ਕੇ ਭੱਜ ਗਿਆ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘ਜਦੋਂ ਵਿਰੋਧੀ ਧਿਰਾਂ ਨੇ ਵੱਡੇ ਮੋਦੀ (ਪ੍ਰਧਾਨ ਮੰਤਰੀ) ਨੂੰ ਸਵਾਲ ਕੀਤੇ ਤਾਂ ਹੀ ਛੋਟੇ ਮੋਦੀ (ਨੀਰਵ ਮੋਦੀ) ਦੀ ਗ੍ਰਿਫ਼ਤਾਰੀ ਹੋਈ ਹੈ।’

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …