Breaking News
Home / ਨਜ਼ਰੀਆ / ‘ਖਾਲਸਾ ਕਾਲਜ ਗਲੋਬਲ ਪੰਜਾਬ ਗੌਰਵ ਐਵਾਰਡ’ ਨਾਲ ਸਨਮਾਨੇ ਜਾਣ ‘ਤੇ ਵਿਸ਼ੇਸ਼

‘ਖਾਲਸਾ ਕਾਲਜ ਗਲੋਬਲ ਪੰਜਾਬ ਗੌਰਵ ਐਵਾਰਡ’ ਨਾਲ ਸਨਮਾਨੇ ਜਾਣ ‘ਤੇ ਵਿਸ਼ੇਸ਼

ਖੇਡ ਸਾਹਿਤ ਦਾ ਉਲੰਪੀਅਨ ਪ੍ਰਿੰਸੀਪਲ ਸਰਵਣ ਸਿੰਘ
ਨਵਦੀਪ ਸਿੰਘ ਗਿੱਲ 97800-36216
ਪ੍ਰਿੰਸੀਪਲ ਸਰਵਣ ਸਿੰਘ ਖੇਡ ਸਾਹਿਤ ਦਾ ਓਲੰਪੀਅਨ ਹੈ ਜਿਹੜਾ ਆਪਣੀ ਕਾਲਮ ਨਾਲ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ ਖੇਡਾਂ ਅਤੇ ਖਿਡਾਰੀਆਂ ਬਾਰੇ ਨਿਰੰਤਰ ਲਿਖ ਰਿਹਾ ਹੈ। ਸਰਵਣ ਸਿੰਘ ਨੇ ਹੁਣ ਤੱਕ 38 ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿਚੋਂ 21 ਪੁਸਤਕਾਂ ਖੇਡਾਂ ਤੇ ਖਿਡਾਰੀਆਂ ਬਾਰੇ ਹੀ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਪੁਸਤਕਾਂ ਅਨੁਵਾਦ ਅਤੇ ਤਿੰਨ ਸੰਪਾਦਿਤ ਕੀਤੀਆਂ ਹਨ। ਉਨ੍ਹਾਂ ਦੀਆਂ ਲਿਖੀਆਂ ਦੋ ਪੁਸਤਕਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ ਹੋਇਆ ਹੈ। ਖਿੱਚ ਭਰਪੂਰ ਤੇ ਰੌਚਕ ਵਾਰਤਕ ਸ਼ੈਲੀ ਲਿਖਣ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ। ਸਰਵਣ ਸਿੰਘ ਦੀ ਵਾਰਤਕ ਪਾਠਕ ਨੂੰ ਇੰਝ ਕਲਾਵੇ ਵਿੱਚ ਲੈਂਦੀ ਹੈ ਜਿਵੇਂ ਤਕੜਾ ਜਾਫੀ ਰੇਡਰ ਨੂੰ ਡੱਕ ਕੇ ਕਲਾਵੇ ‘ਚੋਂ ਬਾਹਰ ਨਹੀਂ ਨਿਕਲਣ ਦਿੰਦਾ। ਉਨ੍ਹਾਂ ਦੇ ਖਿੱਚ ਭਰਪੂਰ ਸ਼ੈਲੀ ਵਾਲੇ ਵਾਕ ਇੰਝ ਹਨ ਜਿਵੇਂ ਹਾਕੀ ਖਿਡਾਰੀ ਵੱਲੋਂ ਕੀਤੀ ਜਾਂਦੀ ਡਰਿਬਲਿੰਗ ਹੋਵੇ। ਓਸੈਨ ਬੋਲਟ ਵਰਗੇ ਫਰਾਟਾ ਦੌੜਾਕ ਬਾਰੇ ਉਨ੍ਹਾਂ ਦਾ ਲਿਖਿਆ ਲੇਖ ਪੜ੍ਹਦਿਆਂ ਪਾਠਕ ਖੁਦ ਸਾਹੋ-ਸਾਹੀ ਹੋ ਜਾਂਦਾ ਹੈ। ਮੈਰਾਥਨ ਦੌੜਾਕ ਬਾਰੇ ਲੇਖ ਪੜ੍ਹਦਿਆਂ ਪਾਠਕ ਨੂੰ ਵੀ ਸਟੈਮਿਨਾ ਰੱਖਣਾ ਪੈਂਦਾ ਹੈ। ਦੌੜਾਂ, ਥਰੋਆਂ ਤੇ ਉਚੀਆਂ-ਲੰਬੀਆਂ ਛਾਲਾਂ ਲਾਉਂਦੇ ਅਥਲੀਟਾਂ ਦੀ ਗਾਥਾ ਪੜ੍ਹਦਿਆਂ ਪਾਠਕ ਵੀ ਵਾਰਤਕ ਦੇ ਸਰੂਰ ਵਿੱਚ ਉਡਣ ਤੇ ਛਾਲਾਂ ਲਾਉਣ ਲੱਗ ਜਾਂਦਾ ਹੈ।
ਉਨ੍ਹਾਂ ਆਪਣੀਆਂ ਵਾਰਤਕ ਦੀਆਂ ਜੁਗਤਾਂ ਨਾਲ ਡਾ. ਸਰਦਾਰਾ ਸਿੰਘ ਜੌਹਲ, ਗੁਲਜ਼ਾਰ ਸਿੰਘ ਸੰਧੂ, ਸੁਰਜੀਤ ਪਾਤਰ ਜਿਹਿਆਂ ਨੂੰ ਵੀ ਖੇਡਾਂ ਬਾਰੇ ਪੜ੍ਹਨ ਲਈ ਪ੍ਰੇਰ ਦਿੱਤਾ ਜਿਨ੍ਹਾਂ ਦਾ ਖੇਡਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ। ਸਰਵਣ ਸਿੰਘ ਜਦੋਂ ਲਿਖਦਾ ਹੈ ਤਾਂ ਪਹਿਲਾ ਫਿਕਰਾ ਪੜ੍ਹਨ ਸਾਰ ਹੀ ਪਾਠਕ ਉਸ ਵੱਲ ਇੰਜ ਖਿੱਚਿਆ ਜਾਂਦਾ ਹੈ ਕਿ ਲੇਖ ਜਾਂ ਪੁਸਤਕ ਨੂੰ ਪੜ੍ਹ ਕੇ ਹੀ ਦਮ ਲੈਂਦਾ ਹੈ। ਉਸ ਦਾ ਆਖਰੀ ਫਿਕਰਾ ਚੇਤੰਨ ਪਾਠਕ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਸਰਵਣ ਸਿੰਘ ਦੀ ਪਹਿਲੀ ਲਿਖਤ ਤੋਂ ਹੀ ਉਨ੍ਹਾਂ ਦੇ ਸਮਰੱਥ ਲੇਖਕ ਬਣਨ ਦਾ ਝਲਕਾਰਾ ਪੈ ਗਿਆ ਸੀ। ਫਾਜ਼ਿਲਕਾ ਕਾਲਜ ਵਿੱਚ ਜਦੋਂ ਉਨ੍ਹਾਂ ਦਾਖਲਾ ਲਿਆ ਤਾਂ ਪੰਜਾਬੀ ਦੇ ਪ੍ਰੋਫੈਸਰ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਪਹਿਲੇ ਦਿਨ ਬਾਰੇ ਕੁੱਝ ਸਤਰਾਂ ਲਿਖਣ ਨੂੰ ਕਿਹਾ ਗਿਆ। ਸਰਵਣ ਸਿੰਘ ਨੇ ਕਾਲਜ ਦੇ ਪਹਿਲੇ ਦਿਨ ਦਾ ਦ੍ਰਿਸ਼ ਆਪਣੀ ਕਲਮ ਨਾਲ ਕਾਪੀ ‘ਤੇ ਅਜਿਹਾ ਉਤਾਰਿਆ ਕਿ ਕਾਲਜ ਵਾਲਿਆਂ ਨੇ ਉਸ ਲੇਖ ਨੂੰ ਕਾਲਜ ਦੇ ਮੈਗਜ਼ੀਨ ਵਿੱਚ ਛਾਪਣ ਲਈ ਸਾਂਭ ਲਿਆ।
ਪ੍ਰਿੰਸੀਪਲ ਸਰਵਣ ਸਿੰਘ ਪੰਜਾਬੀ ਵਿੱਚ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਾਲੇ ਪਹਿਲੇ, ਵੱਡੇ ਤੇ ਪ੍ਰਮਾਣਿਕ ਲੇਖਕ ਹਨ ਜੋ ਉਮਰ ਦੇ ਸੱਤਰਵੇਂ ਦਹਾਕੇ ਵਿੱਚ ਵੀ ਸਰਗਰਮ ਹਨ। ਇਸ ਖੇਤਰ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ। ਅੱਜ ਵੀ ਉਹ ਖੇਡ ਲਿਖਾਰੀਆਂ ਲਈ ਆਦਰਸ਼ ਹਨ ਅਤੇ ਹਰ ਖੇਡ ਮੁਕਾਬਲੇ ਅਤੇ ਖਿਡਾਰੀ ਬਾਰੇ ਉਨ੍ਹਾਂ ਦੇ ਲਿਖੇ ਲੇਖਾਂ ਦੀ ਖੇਡ ਪ੍ਰੇਮੀਆਂ ਨੂੰ ਉਡੀਕ ਰਹਿੰਦੀ ਹੈ। ਉਨ੍ਹਾਂ ਤੋਂ ਅਗਵਾਈ ਲੈ ਕੇ ਖੇਡ-ਲੇਖਕ ਮੈਦਾਨ ਵਿੱਚ ਉੱਤਰੇ ਹਨ।
ਕੌਮਾਂਤਰੀ ਪੱਧਰ ਦੇ ਪੰਜਾਬੀ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣ ਤੋਂ ਉਨ੍ਹਾਂ ਖੇਡ ਲਿਖਣੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਰੇਖਾ ਚਿੱਤਰ ਕਮਾਲ ਦੀ ਹੁਨਰਮੰਦੀ ਨਾਲ ਉਲੀਕੇ। ਉਹ ਖਿਡਾਰੀ ਨਾਲ ਜੁੜੇ ਸਾਰੇ ਜੀਵਨ ਵੇਰਵੇ ਅਜਿਹੇ ਤਰੀਕੇ ਨਾਲ ਪੇਸ਼ ਕਰਦੇ ਹਨ ਕਿ ਖਿਡਾਰੀ ਦਾ ਪਿਛੋਕੜ, ਉਹਦੀ ਮਾਨਸਿਕਤਾ ਤੇ ਉਹਦਾ ਵਿਹਾਰ ਸਜਿੰਦ ਰੂਪ ਵਿੱਚ ਉਭਰ ਕੇ ਸਾਹਮਣੇ ਆ ਜਾਂਦਾ ਹੈ। ਜਦੋਂ ਉਹ ਮਿਲਖਾ ਸਿੰਘ ਨੂੰ ਦੌੜਦਿਆਂ ਵਿਖਾਉਂਦੇ ਹਨ ਤਾਂ ਸ਼ਬਦਾਂ ਤੇ ਵਾਕਾਂ ਨੂੰ ਅਜਿਹੀ ਕਲਾਤਮਕਤਾ ਨਾਲ ਸੰਜੋਂਦੇ ਹਨ ਕਿ ਪਾਠਕ ਖ਼ੁਦ ਮਿਲਖਾ ਸਿੰਘ ਨਾਲ ਸਾਹੋ ਸਾਹ ਹੋਇਆ ਦੌੜਦਾ ਹੈ। ਭਾਵੇਂ ‘ਧਰਤੀ ਧੱਕ’ ਪਰਵੀਨ ਕੁਮਾਰ ਹੋਏ, ‘ਮੁੜਕੇ ਦਾ ਮੋਤੀ’ ਗੁਰਬਚਨ ਸਿੰਘ ਰੰਧਾਵਾ ਤੇ ਭਾਵੇਂ ‘ਅੱਗ ਦੀ ਨਾਲ’ ਜਾਂ ‘ਅਲਸੀ ਦਾ ਫੁੱਲ’ ਦੇ ਨਾਇਕ ਮਹਿੰਦਰ ਸਿੰਘ ਗਿੱਲ ਜਾਂ ਫੇਰ ਪ੍ਰਦੁੱਮਣ ਸਿੰਘ, ਉਹ ਆਪਣੀ ਵਾਰਤਕ ਦੀ ਜਾਦੂਗਰੀ ਨਾਲ ਸ਼ਬਦਾਂ ਦਾ ਅਜਿਹਾ ਜਾਲ ਬੁਣਦੇ ਹਨ ਕਿ ਕੋਈ ਵੀ ਪਾਠਕ ਉਨ੍ਹਾਂ ਦਾ ਪੂਰਾ ਲੇਖ ਪੜ੍ਹੇ ਬਿਨਾਂ ਇਸ ਜਾਲ ਵਿੱਚੋਂ ਨਿਕਲ ਨਹੀਂ ਸਕਦਾ। ਉਨ੍ਹਾਂ ਦਾ ਇੱਕ-ਇੱਕ ਸ਼ਬਦ ਪਾਠਕਾਂ ਦੇ ਚੇਤਿਆਂ ਵਿੱਚ ਸਦਾ ਲਈ ਵਸ ਜਾਂਦਾ ਹੈ। ਪਾਠਕਾਂ ਨੂੰ ਬਿਨਾਂ ਖੇਡ ਮੈਦਾਨ ਵਿੱਚ ਬੈਠਿਆਂ ਹੀ ਖਿਡਾਰੀ ਦੇ ਹਰ ਕਦਮ, ਹਰਕਤ, ਮਾਨਸਿਕ ਵਿਵਹਾਰ ਸਮੇਤ ਖੇਡ ਮੈਦਾਨ ਦੇ ਚੱਪੇ-ਚੱਪੇ ਦੇ ਦਰਸ਼ਨ ਲੇਖ ਪੜ੍ਹਦਿਆਂ ਹੀ ਹੋ ਜਾਂਦੇ ਹਨ। ਪਾਠਕ ਉਨ੍ਹਾਂ ਦੀ ਲਿਖਤ ਪੜ੍ਹਦਿਆਂ ਰੰਗ, ਰਸ, ਗੰਧ ਦਾ ਸਵਾਦ ਵੀ ਮਾਣਦਾ ਹੈ; ਹੱਸਦਾ-ਮੁਸਕਰਾਉਂਦਾ ਵੀ ਹੈ; ਮੁੜ੍ਹਕੋ-ਮੁੜ੍ਹਕੀ ਵੀ ਹੁੰਦਾ ਹੈ; ਜਿੱਤ ਦੇ ਮੰਚ ‘ਤੇ ਖਿਡਾਰੀ ਨਾਲ ਖਲੋ ਕੇ ਆਨੰਦਤ ਵੀ ਹੁੰਦਾ ਹੈ।
ਪ੍ਰਿੰ. ਸਰਵਣ ਸਿੰਘ ਨੇ ਖਿਡਾਰੀਆਂ ਤੋਂ ਇਲਾਵਾ ਸਾਹਿਤ ਤੇ ਸੱਭਿਆਚਾਰ ਦੀਆਂ ਚੋਟੀ ਦੀਆਂ ਸ਼ਖ਼ਸੀਅਤਾਂ ਬਾਰੇ ਲਿਖੇ ਉਨ੍ਹਾਂ ਦੇ ਰੇਖਾ ਚਿੱਤਰ ਬਹੁਤ ਮਕਬੂਲ ਹੋਏ ਹਨ। ਸਿਰਫ ਖੇਡ ਲੇਖਕ ਵਜੋਂ ਹੀ ਨਹੀਂ ਸਗੋਂ ਸਫ਼ਰਨਾਮਾ ਲੇਖਕ ਵਜੋਂ ਤੇ ਤਿੱਖੀ ਵਿਅੰਗਆਤਮਕ ਵਾਰਤਕ ਲਿਖਣ ਪੱਖੋਂ ਵੀ ਉਨ੍ਹਾਂ ਨੇ ਆਪਣੀ ਵੱਖਰੀ ਪੈਂਠ ਤੇ ਪਛਾਣ ਬਣਾਈ ਹੈ। ਆਪਣੇ ਮੁੱਢਲੇ ਦੌਰ ਵਿੱਚ ਉਨ੍ਹਾਂ ਨੇ ਬਾਕਮਾਲ ਕਹਾਣੀਆਂ ਵੀ ਲਿਖੀਆਂ। ਵੈਸੇ ਉਨ੍ਹਾਂ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ, ਜੀਵਨੀਆਂ, ਸਵੈ-ਜੀਵਨੀ ਤੇ ਪੇਂਡੂ ਜੀਵਨ ਬਾਰੇ ਫੁਟਕਲ ਆਰਟੀਕਲ ਵੀ ਲਿਖੇ ਹਨ। ਅੰਗਰੇਜ਼ੀ ਤੋਂ ਪੰਜਾਬੀ ਵਿੱਚ ਪੁਸਤਕਾਂ ਅਨੁਵਾਦ ਕੀਤੀਆਂ ਅਤੇ ਕੁੱਝ ਕੁ ਪੁਸਤਕਾਂ ਸੰਪਾਦਿਤ ਕੀਤੀਆਂ। ਸਮੇਂ ਦੇ ਹਾਣੀ ਰਹੇ ਸਰਵਣ ਸਿੰਘ ਹੁਰਾਂ ਨੇ ਕੰਪਿਊਟਰ ਦੇ ਯੁੱਗ ਵਿੱਚ ਹੱਥ ਲਿਖਤਾਂ ਦੀ ਬਜਾਏ ਆਰਟੀਕਲ ਨੂੰ ਖੁਦ ਟਾਈਪ ਕਰ ਕੇ ਲਿਖਣਾ ਸ਼ੁਰੂ ਕੀਤਾ ਜਿਸ ਦਾ ਸਿਹਰਾ ਉਹ ਕਿਰਪਾਲ ਸਿੰਘ ਪੰਨੂੰ ਸਿਰ ਬੰਨ੍ਹਦੇ ਹਨ। ਸਰਵਣ ਸਿੰਘ ਹੁਰਾਂ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਵੇਖੇ, ਕੁਮੈਂਟਰੀ ਕੀਤੀ ਅਤੇ ਖੇਡ ਮੇਲਿਆਂ ਤੇ ਖਿਡਾਰੀਆਂ ਬਾਰੇ ਲਿਖਿਆ। ਉਨ੍ਹਾਂ ਨੇ ਅਨੇਕਾਂ ਕਾਨਫਰੰਸਾਂ ਤੇ ਗੋਸ਼ਟੀਆਂ ਵਿੱਚ ਭਾਗ ਲਿਆ ਹੈ। ਪ੍ਰਿੰਸੀਪਲ ਵਜੋਂ ਰਿਟਾਇਰ ਹੋਣ ਪਿੱਛੋਂ ਉਹ ਖੇਡ ਮੇਲੇ ਵੇਖਣ, ਕਬੱਡੀ ਦੀ ਕੁਮੈਂਟਰੀ ਕਰਨ ਤੇ ਪੜ੍ਹਨ ਲਿਖਣ ਵਿੱਚ ਰੁੱਝੇ ਹੋਏ ਹਨ। ਹਰ ਸਾਲ ਉਹ ਇੱਕ ਕਿਤਾਬ ਪਾਠਕਾਂ ਦੀ ਝੋਲੀ ਪਾ ਰਹੇ ਹਨ।
ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਮੋਗਾ ਤੇ ਬਰਨਾਲਾ ਜ਼ਿਲ੍ਹਿਆਂ ਦੀ ਹੱਦ ਨਾਲ ਲੱਗਦੇ ਪਿੰਡ ਚਕਰ ਵਿੱਚ ਸ. ਬਾਬੂ ਸਿੰਘ ਸੰਧੂ ਦੇ ਘਰ ਮਾਤਾ ਸ੍ਰੀਮਤੀ ਕਰਤਾਰ ਕੌਰ ਦੀ ਕੁੱਖੋਂ ਹੋਇਆ। ਚਕਰ ਤੋਂ ਮੁੱਢਲੀ ਸਿੱਖਿਆ ਉਪਰੰਤ ਮੱਲ੍ਹੇ ਤੋਂ ਮੈਟ੍ਰਿਕ ਕੀਤੀ। ਕਾਲਜ ਦੀ ਪੜ੍ਹਾਈ ਫਾਜ਼ਿਲਕਾ ਵਿਖੇ ਭੂਆ ਕੋਲ ਰਹਿੰਦਿਆਂ ਕੀਤੀ ਅਤੇ ਫੇਰ ਬੀ. ਐਡ. ਮੁਕਤਸਰ ਸਾਹਿਬ ਤੋਂ ਕੀਤੀ। ਪੰਜਾਬੀ ਦੀ ਐਮ. ਏ. ਦਿੱਲੀ ਦੇ ਖਾਲਸਾ ਕਾਲਜ ਤੋਂ ਕੀਤੀ। ਦਿੱਲੀ ਹੀ ਉਨ੍ਹਾਂ ਦੀ ਲੇਖਣੀ ਦੀ ਸ਼ੁਰੂਆਤ ਹੋਈ। ਉਸ ਵੇਲੇ ਕੌਮੀ ਰਾਜਧਾਨੀ ਪੰਜਾਬੀ ਸਾਹਿਤਕਾਰਾਂ ਦਾ ਗੜ੍ਹ ਹੁੰਦੀ ਸੀ। 1965 ਵਿੱਚ ਪੰਜਾਬੀ ਸਾਹਿਤ ਵਿੱਚ ਵੱਡਾ ਸਥਾਨ ਰੱਖਦੇ ਦਿੱਲੀ ਦੇ ਸਾਹਿਤਕ ਪਰਚੇ ”ਆਰਸੀ” ਵਿੱਚ ਲਿਖਣ ਦਾ ਸਫਰ ਸ਼ੁਰੂ ਕੀਤਾ। ਜੁਲਾਈ 1967 ਵਿੱਚ ਉਹ ਦਿੱਲੀ ਛੱਡ ਕੇ ਢੁੱਡੀਕੇ ਕਾਲਜ ਵਿਚ ਆ ਗਏ। ਢੁੱਡੀਕੇ ਪੜ੍ਹਾਉਣ ਕਰਕੇ ਸਰਵਣ ਸਿੰਘ ਦੇ ਨਾਮ ਨਾਲ ਢੁੱਡੀਕੇ ਜੁੜ ਗਿਆ।
ਪ੍ਰਿੰਸੀਪਲ ਸਰਵਣ ਸਿੰਘ ਨੇ ਹਫ਼ਤਾਵਾਰ ਖੇਡ-ਅੰਕ ਲਈ ਲਿਖਣ ਤੋਂ ਇਲਾਵਾ ਪੰਜਾਬੀ ਟ੍ਰਿਬਿਊਨ ਲਈ 1981-82 ਵਿਚ ਬੰਬਈ ਦਾ ਹਾਕੀ ਵਿਸ਼ਵ ਕੱਪ ਅਤੇ 1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਕਵਰ ਕੀਤੀਆਂ। ਇਸ ਤੋਂ ਇਲਾਵਾ 1986 ਵਿੱਚ ਸਿਓਲ ਦੀਆਂ ਏਸ਼ਿਆਈ ਖੇਡਾਂ ਬਾਰੇ ਵੀ ਲਿਖਿਆ। ਉਨ੍ਹਾਂ ਰੰਗਦਾਰ ਸਚਿੱਤਰ ਰਸਾਲਾ ‘ਖੇਡ ਸੰਸਾਰ’ ਸ਼ੁਰੂ ਕੀਤਾ ਜਿਹੜਾ ਕਿ ਪੰਜਾਬੀ ਵਿੱਚ ਨਿਰੋਲ ਖੇਡਾਂ ਬਾਰੇ ਆਪਣੀ ਕਿਸਮ ਦਾ ਪਲੇਠਾ ਰਸਾਲਾ ਸੀ। ਢੁੱਡੀਕੇ ਤੋਂ ਬਾਅਦ ਸਰਵਣ ਸਿੰਘ ਹੁਰਾਂ ਨੇ ਰੁਖ਼ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵੱਲ ਕੀਤਾ ਜਿੱਥੋਂ ਉਨ੍ਹਾਂ ਦੇ ਨਾਮ ਨਾਲ ਪੱਕੇ ਤੌਰ ‘ਤੇ ‘ਪ੍ਰਿੰਸੀਪਲ’ ਜੁੜ ਗਿਆ। ਸ. ਗੁਰਚਰਨ ਸਿੰਘ ਸ਼ੇਰਗਿੱਲ ਨੇ ਆਪਣੇ ਇਕਲੌਤੇ ਪੁੱਤਰ ਅਮਰਦੀਪ ਸਿੰਘ ਦੇ ਬੇਵਕਤੀ ਚਲਾਣੇ ਤੋਂ ਬਾਅਦ ਪੁੱਤਰ ਦੀ ਯਾਦ ਕਾਇਮ ਰੱਖਣ ਅਤੇ ਦੋਆਬੇ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਇਸ ਪੇਂਡੂ ਖੇਤਰ ਵਿੱਚ ਸਿੱਖਿਆ ਦਾ ਚਾਨਣ ਬਿਖੇਰਨ ਲਈ ਕਾਲਜ ਬਣਾਇਆ। ਨਵੇਂ ਕਾਲਜ ਨੂੰ ਚਲਾਉਣ ਲਈ ਉਘੇ ਅਰਥ ਸਾਸ਼ਤਰੀ ਡਾ. ਸਰਦਾਰਾ ਸਿੰਘ ਜੌਹਲ ਨੂੰ ਪੇਂਡੂ ਪਿਛੋਕੜ ਵਾਲੇ ਇੱਕ ਤਜਰਬੇਕਾਰ, ਸੁਲਝੇ ਪ੍ਰਿੰਸੀਪਲ ਦੀ ਲੋੜ ਸੀ। ਸਰਵਣ ਸਿੰਘ ਹੁਰੀਂ ਇਸ ਲੋੜ ‘ਤੇ ਖਰੇ ਉਤਰੇ ਅਤੇ ਅਮਰਦੀਪ ਕਾਲਜ ਦੇ ਪ੍ਰਿੰਸੀਪਲ ਵਜੋਂ 6 ਸਾਲ ਸ਼ਾਨਦਾਰ ਸੇਵਾਵਾਂ ਦੇ ਕੇ 2000 ਵਿੱਚ ਸੇਵਾਮੁਕਤ ਹੋਏ। ਉਨ੍ਹਾਂ ਦਾ ਵੱਡਾ ਬੇਟਾ ਜਗਵਿੰਦਰ ਸਿੰਘ ਮੁਕੰਦਪੁਰ ਹੀ ਰਹਿੰਦਾ ਹੈ ਜੋ ਅਮਰਦੀਪ ਕਾਲਜ ਵਿੱਚ ਪੰਜਾਬੀ ਪੜ੍ਹਾਉਂਦਾ ਹੈ। ਛੋਟਾ ਬੇਟਾ ਗੁਰਵਿੰਦਰ ਸਿੰਘ ਕੈਨੇਡਾ ਰਹਿੰਦਾ ਹੈ। ਆਪਣੇ ਅਧਿਆਪਨ ਦੇ ਸਫਰ ਦੌਰਾਨ ਪ੍ਰਿੰਸੀਪਲ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਵੀ ਰਹੇ।
ਪੰਜਾਬੀ ਖੇਡ ਸਾਹਿਤ ਦੇ ਵਾਧੇ ਲਈ ਅਨੇਕਾਂ ਅਖ਼ਬਾਰ ਤੇ ਰਸਾਲਿਆਂ ਦੇ ਖੇਡ ਅੰਕ ਨਿਕਲ ਰਹੇ ਸਨ। ਸਰਵਣ ਸਿੰਘ ਹੁਰਾਂ ਦੀ ਰੀਸੇ ਬਹੁਤ ਸਾਰੀਆਂ ਨਵੀਆਂ ਕਲਮਾਂ ਨੇ ਇਸ ਪਾਸੇ ਲਿਖਣਾ ਸ਼ੁਰੂ ਕੀਤਾ ਹੈ। ਪੰਜਾਬੀ ਵਿੱਚ ਸੌ ਦੇ ਕਰੀਬ ਖੇਡ ਪੁਸਤਕਾਂ ਵਜੂਦ ਵਿੱਚ ਆ ਚੁੱਕੀਆਂ ਹਨ ਜਿਨ੍ਹਾਂ ਵਿੱਚ 21 ਤਾਂ ਖੁਦ ਸਰਵਣ ਸਿੰਘ ਦੀਆਂ ਹੀ ਹਨ। ਇੱਕ ਸਾਹਿਤਕ ਗੋਸ਼ਟੀ ਵਿੱਚ ਜਦੋਂ ਇੱਕ ਆਲੋਚਕ ਨੇ ਖੇਡ ਲੇਖਕਾਂ ਨੂੰ ਸਾਹਿਤਕਾਰ ਮੰਨਣੋਂ ਹੀ ਇਨਕਾਰ ਕਰ ਦਿੱਤਾ ਤਾਂ ਸਰਵਣ ਸਿੰਘ ਨੇ ਅਜਿਹਾ ਜਵਾਬ ਦਿੱਤਾ ਕਿ ਉਨ੍ਹਾਂ ਦੇ ਕਹੇ ਵਚਨਾਂ ਨੂੰ ਖੇਡ ਲਿਖਾਰੀਆਂ ਨੇ ਪੂਰਾ ਕਰ ਦਿੱਤਾ। ਸਰਵਣ ਸਿੰਘ ਉਸ ਗੋਸ਼ਟੀ ਵਿੱਚ ਦਿੱਤੇ ਜਵਾਬ ਬਾਰੇ ਖੁਦ ਲਿਖਦੇ ਹਨ, ”ਤੁਸੀ ਸਾਨੂੰ ਸਾਹਿਤਕਾਰ ਨਹੀਂ ਸਮਝਦੇ ਤਾਂ ਸਿਹਤਕਾਰ ਹੀ ਸਮਝ ਲਓ। ਜੇਕਰ ਸਾਡੇ ‘ਚ ਦਮ ਹੋਇਆ ਤਾਂ ਵੇਖਦੇ ਰਿਹੋ ਅਸੀਂ ਪੰਜਾਬੀ ਦੇ ਖੇਡ ਅਦਬ ਦੀ ਵੱਖਰੀ ਅਲਮਾਰੀ ਸ਼ਿੰਗਾਰ ਕੇ ਵਿਖਾਵਾਂਗੇ।” ਮੁੱਢਲੇ ਰੇਖਾ ਚਿੱਤਰਾਂ ਤੋਂ ਮਿਲੀ ਦਾਦ ਕਾਰਨ ਸਰਵਣ ਸਿੰਘ ਹੁਰਾਂ ਦਾ ਹੌਂਸਲਾ ਵੱਧ ਗਿਆ ਅਤੇ ਫੇਰ ‘ਸ਼ਹਿਦ ਦਾ ਘੁੱਟ’, ‘ਅਲਸੀ ਦਾ ਫੁੱਲ’, ‘ਕਲਹਿਰੀ ਮੋਰ’, ‘ਪੱਤੋ ਵਾਲਾ’, ‘ਗੁਰੂ ਨਾਨਕ ਦਾ ਗਰਾਈਂ’, ਤੇ ‘ਪੌਣ ਦਾ ਹਾਣੀ’ ਆਦਿ 10-12 ਰੇਖਾ ਚਿੱਤਰ ਆਰਸੀ ਲਈ ਲਗਾਤਾਰ ਲਿਖੇ। ਉਨ੍ਹਾਂ ਵੱਲੋਂ ਲਿਖੇ ਦਿਲ-ਟੁੰਬਵੇਂ ਅਤੇ ਤਿੱਖੇ ਸਿਰਲੇਖ ਅੱਜ ਵੀ ਚਾਰ ਦਹਾਕਿਆਂ ਬਾਅਦ ਲੋਕਾਂ ਦੇ ਮੂੰਹ ਚੜ੍ਹੇ ਹੋਏ ਹਨ। ਪਿਛਲੇ ਡੇਢ ਦਹਾਕੇ ਤੋਂ ਉਨ੍ਹਾਂ ਦੀ ਹਰੇਕ ਸਾਲ ਨਵੀਂ ਪੁਸਤਕ ਛਪ ਰਹੀ ਹੈ। ਪਿਛਲੇ ਇੱਕ ਸਾਲ ਦੇ ਅਰਸੇ ਦੌਰਾਨ ਉਨ੍ਹਾਂ ਦੋ ਪੁਸਤਕਾਂ ਲਿਖੀਆਂ; ‘ਮੇਰੇ ਵਾਰਤਕ ਦੇ ਰੰਗ’ ਤੇ ‘ਪੰਜਾਬ ਦੇ ਕੋਹੇਨੂਰ-ਭਾਗ ਤੀਜਾ’। ‘ਪੰਜਾਬ ਦੇ ਕੋਹੇਨੂਰ’ ਸਿਰਲੇਖ ਹੇਠ ਪੰਜਾਬੀ ਸਾਹਿਤ, ਸੱਭਿਆਚਾਰ ਤੇ ਖੇਡਾਂ ਦੀਆਂ ਚੋਟੀਆਂ ਦੀਆਂ 22 ਸਖਸ਼ੀਅਤਾਂ ਬਾਰੇ ਲਿਖਿਆ। ਇਸ ਸਿਰਲੇਖ ਹੇਠ ਤਿੰਨ ਪੁਸਤਕ ਲੜੀਆਂ ਛਪੀਆਂ। ਉਨ੍ਹਾਂ ਵੱਲੋਂ ਲਿਖੀਆਂ ਪੁਸਤਕਾਂ ਦੇ ਟਾਈਟਲ ‘ਪੰਜਾਬ ਦੇ ਉੱਘੇ ਖਿਡਾਰੀ’, ‘ਖੇਡ ਸੰਸਾਰ’, ‘ਖੇਡ ਜਗਤ ਵਿੱਚ ਭਾਰਤ’, ‘ਪੰਜਾਬੀ ਖਿਡਾਰੀ’, ‘ਅੱਖੀਂ ਵੇਖ ਨਾ ਰੱਜੀਆਂ’, ‘ਪੰਜਾਬ ਦੀਆਂ ਦੇਸੀ ਖੇਡਾਂ’, ‘ਖੇਡ ਮੇਲੇ ਵੇਖਦਿਆਂ’, ‘ਖੇਡ ਦਰਸ਼ਨ’, ‘ਖੇਡ ਪਰਿਕਰਮਾ’, ‘ਖੇਡਾਂ ਦੀ ਦੁਨੀਆ’, ‘ਓਲੰਪਿਕ ਖੇਡਾਂ’, ‘ਓਲੰਪਿਕ ਖੇਡਾਂ ਦੀ ਸਦੀ’, ‘ਏਥਨਜ਼ ਤੋਂ ਲੰਡਨ’, ‘ਕਬੱਡੀ ਕਬੱਡੀ ਕਬੱਡੀ’, ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’, ‘ਪੰਜਾਬ ਦੇ ਚੋਣਵੇਂ ਖਿਡਾਰੀ’, ‘ਗੋਲਡਨ ਗੋਲ’ ਆਦਿ ਹਨ। ਉਨ੍ਹਾਂ ਦੇ ਚਰਚਿਤ ਕਾਲਮ ‘ਖੇਡ ਜਗਤ ਦੀਆਂ ਬਾਤਾਂ’ ਦੇ ਪ੍ਰਮੁੱਖ ਲੇਖਾਂ ਨੂੰ ਇਸੇ ਕਾਲਮ ਦੇ ਨਾਮ ਨੂੰ ਸਿਰਲੇਖ ਬਣਾ ਕੇ ਪੁਸਤਕ ਛਾਪੀ। ਖੇਡਾਂ ਤੋਂ ਹਟਵੀਆਂ ਪੁਸਤਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ‘ਫੇਰੀ ਵਤਨਾਂ ਦੀ’, ‘ਪਿੰਡ ਦੀ ਸੱਥ ‘ਚੋਂ’ ਤੇ ‘ਬਾਤਾਂ ਵਤਨ ਦੀਆਂ’, ‘ਰੰਗਾਂ ਦੀ ਗਾਗਰ ਵਾਲਾ ਸਰਦਾਰਾ ਸਿੰਘ ਜੌਹਲ’। ਉਨ੍ਹਾਂ ਦੀ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਬਹੁਚਰਚਿਤ ਰਹੀ।
ਪ੍ਰਿੰਸੀਪਲ ਸਰਵਣ ਸਿੰਘ ਨੂੰ ਪੰਜਾਬੀ ਖੇਡ ਪੱਤਰਕਾਰੀ ਦਾ ਮੋਢੀ ਤੇ ਸਿਰਮੌਰ ਖੇਡ ਲੇਖਕ ਮੰਨਿਆ ਜਾਂਦਾ ਹੈ। ਇਨਾਮਾਂ, ਪੁਰਸਕਾਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਦਾ ‘ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ’, ਪੰਜਾਬੀ ਸਾਹਿਤ ਅਕੈਡਮੀ ਦਾ ‘ਕਰਤਾਰ ਸਿੰਘ ਧਾਲੀਵਾਲ ਐਵਾਰਡ’, ਪੰਜਾਬੀ ਸੱਥ ਲਾਂਬੜਾ ਦਾ ‘ਸੱਯਦ ਵਾਰਿਸ ਸ਼ਾਹ ਐਵਾਰਡ’, ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ‘ਖੇਡ ਸਾਹਿਤ ਦਾ ਨੈਸ਼ਨਲ ਐਵਾਰਡ’, ਕਮਲਜੀਤ ਖੇਡਾਂ ਦੌਰਾਨ ‘ਸੁਰਜੀਤ ਯਾਦਗਾਰੀ ਐਵਾਰਡ’, ਕਿਲ੍ਹਾ ਰਾਏਪੁਰ ਖੇਡਾਂ ਦੌਰਾਨ ਸਨਮਾਨ, ਪੁਰੇਵਾਲ ਖੇਡ ਮੇਲੇ ਉਤੇ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੰਦਿਆਂ ਗੁਰਜ ਨਾਲ ਸਨਮਾਨਤ ਕੀਤਾ ਗਿਆ। ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੌਰਾਨ ਉਨ੍ਹਾਂ ਨੂੰ ਅਨੇਕਾਂ ਮਾਣ-ਸਨਮਾਨ ਮਿਲੇ ਹਨ। ਸਰਵਣ ਸਿੰਘ ਸ਼੍ਰੋਮਣੀ ਸਾਹਿਤਕਾਰ ਅਤੇ ਰੁਸਤਮ-ਏ-ਸਿਹਤਕਾਰ ਹਨ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਫਿਲੌਰ ਵਿਖੇ ਸਮਾਗਮ ਦੌਰਾਨ ਤੱਤਕਾਲੀ ਡੀ. ਜੀ. ਪੀ. ਰਾਜਦੀਪ ਸਿੰਘ ਗਿੱਲ ਨੇ ਉਨ੍ਹਾਂ ਨੂੰ ਪੰਜਾਬੀਆਂ ਦਾ ‘ਸ਼ੈਕਸਪੀਅਰ’ ਕਹਿ ਕੇ ਵਡਿਆਇਆ। ਉਹ ਸੱਚਮੁੱਚ ਸਪਰੋਟਸ ਦੇ ਇਨਸਾਈਕਲੋਪੀਡੀਆ ਹਨ ਅਤੇ ਕਲਮ ਦੇ ਅਣਥੱਕ ਯੋਧੇ ਹਨ।

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …