Breaking News
Home / ਕੈਨੇਡਾ / ਫੈਡੇਲੀ ਦੇ ਘਾਟੇ ਵਾਲੇ ਅੰਕੜਿਆਂ ਨਾਲ ਸਹਿਮਤ ਨਾ ਹੋਣ ਕਾਰਨ ਸਿੰਡੀ ਵੇਅਨੌਟ ਨੇ ਦਿੱਤਾ ਸੀ ਅਸਤੀਫ਼ਾ

ਫੈਡੇਲੀ ਦੇ ਘਾਟੇ ਵਾਲੇ ਅੰਕੜਿਆਂ ਨਾਲ ਸਹਿਮਤ ਨਾ ਹੋਣ ਕਾਰਨ ਸਿੰਡੀ ਵੇਅਨੌਟ ਨੇ ਦਿੱਤਾ ਸੀ ਅਸਤੀਫ਼ਾ

ਓਨਟਾਰੀਓ : ਓਨਟਾਰੀਓ ਸਰਕਾਰ ਦੀ ਚੀਫ ਅਕਾਊਂਟੈਂਟ ਸਿੰਡੀ ਵੇਅਨੌਟ ਨੇ ਇਸ ਸਾਲ ਸਤੰਬਰ ਵਿੱਚ ਇਸ ਲਈ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਸ ਨੇ ਵਿੱਤ ਮੰਤਰੀ ਵਿੱਕ ਫੈਡੇਲੀ ਵੱਲੋਂ ਵਧਾ ਚੜ੍ਹਾ ਕੇ ਪੇਸ਼ ਕੀਤੇ ਗਏ 15 ਬਿਲੀਅਨ ਡਾਲਰ ਦੇ ਘਾਟੇ ਵਾਲੀ ਗੱਲ ਹਜ਼ਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰੋਵਿੰਸ਼ੀਅਲ ਕੰਟਰੋਲਰ ਸਿੰਡੀ ਨੇ ਸਤੰਬਰ ਵਿੱਚ ਇਸ ਲਈ ਅਸਤੀਫਾ ਦਿੱਤਾ ਸੀ ਕਿਉਂਕਿ ਮੌਜੂਦਾ ਸਰਕਾਰ ਵੱਲੋਂ ਵਿੱਤੀ ਸਥਿਤੀ ਬਾਰੇ ਲਏ ਗਏ ਕਈ ਫੈਸਲਿਆਂ ਨਾਲ ਉਹ ਸਹਿਮਤ ਨਹੀਂ ਸੀ। ਪ੍ਰੋਵਿੰਸ ਦੇ ਬਜਟ ਦੀ ਜਾਂਚ ਕਰ ਰਹੀ ਵਿਧਾਨ ਸਭਾ ਦੀ ਟਰਾਂਸਪੇਰੈਂਸੀ ਕਮੇਟੀ ਨੂੰ ਸਿੰਡੀ ਨੇ ਦੱਸਿਆ ਕਿ ਉਸ ਦੇ ਹਿਸਾਬ ਨਾਲ ਓਨਟਾਰੀਓ ਦੀ ਜਿਹੜੀ ਵਿੱਤੀ ਸਟੇਟਮੈਂਟ ਹੈ ਉਸ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਸਿਵਲ ਸਰਵੈਂਟ ਸਿੰਡੀ ਵੇਅਨੌਟ ਨੇ ਜਨਤਕ ਤੌਰ ਉੱਤੇ ਇਸ ਬਾਬਤ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੇ ਆਪਣੀ 12 ਪੰਨਿਆਂ ਦੀ ਸਮਰੀ ਕਮੇਟੀ ਨੂੰ ਭੇਜ ਦਿੱਤੀ। ਜ਼ਿਕਰਯੋਗ ਹੈ ਕਿ ਇਹ ਉਹੀ ਕਮੇਟੀ ਹੈ ਜਿਸ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਐਮਪੀਪੀਜ਼ ਦੀ ਬਹੁਗਿਣਤੀ ਹੈ ਤੇ ਪੈਨਲ ਵਿੱਚ ਮੌਜੂਦ ਐਨਡੀਪੀ ਐਮਪੀਪੀਜ਼ ਦੇ ਵਾਰੀ ਵਾਰੀ ਵੇਅਨੌਟ ਨੂੰ ਗਵਾਹ ਵਜੋਂ ਸੱਦਣ ਦੀ ਕੀਤੀ ਮੰਗ ਨੂੰ ਮੰਨਿਆਂ ਨਹੀਂ ਗਿਆ। ਟੋਰੀ ਸੂਤਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਪਾਰਟੀ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਵੇਅਨੌਟ ਗਵਾਹੀ ਦੇਣ ਸਮੇਂ ਪਤਾ ਨਹੀਂ ਸੰਹੁ ਚੁੱਕਣ ਤੋਂ ਬਾਅਦ ਕੀ ਆਖ ਦੇਵੇ। ਇਸ ਗੱਲ ਨੂੰ ਲੈ ਕੇ ਵੀ ਵਿਵਾਦ ਹੈ ਕਿ 11 ਬਿਲੀਅਨ ਡਾਲਰ ਦੀ ਸਰਕਾਰੀ ਰਕਮ ਜਿਹੜੀ ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨੀਅਨ ਪੈਨਸ਼ਨ ਪਲੈਨ ਤੇ ਓਨਟਾਰੀਓ ਟੀਚਰਜ਼ ਪੈਨਸ਼ਨ ਪਲੈਨ ਵਜੋਂ ਕੋ-ਸਪਾਂਸਰਡ ਹੈ, ਨੂੰ ਬਜਟ ਵਿੱਚ ਸਰਕਾਰੀ ਸੰਪਤੀ ਮੰਨਿਆਂ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …