Breaking News
Home / ਨਜ਼ਰੀਆ / ਉਨਟਾਰੀਓ ਖਾਲਸਾ ਦਰਬਾਰ ਦੀ ਜਨਰਲ ਬਾਡੀ ਮੈਂਬਰਸ਼ਿੱਪ ਅਤੇ ਸੰਗਤਾਂ ਨੂੰ ਖੁੱਲੀ ਚਿੱਠੀ

ਉਨਟਾਰੀਓ ਖਾਲਸਾ ਦਰਬਾਰ ਦੀ ਜਨਰਲ ਬਾਡੀ ਮੈਂਬਰਸ਼ਿੱਪ ਅਤੇ ਸੰਗਤਾਂ ਨੂੰ ਖੁੱਲੀ ਚਿੱਠੀ

ਗੁਰਪ੍ਰੀਤ ਸਿੰਘ ਬੱਲ, 416-688-9999
ਵਾਹਿਗਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਉਨਟਾਰੀਓ ਖਾਲਸਾ ਦਰਬਾਰ ਦੀ ਜਨਰਲ ਬਾਡੀ ਮੈਂਬਰਸ਼ਿੱਪ ਅਤੇ ਸੰਗਤਾਂ ਵਲੋਂ ਅਕਤੂਬਰ 2015 ਤੋਂ ਲੈ ਕੇ ਹੁਣ ਤੱਕ ਦੇ ਦਿੱਤੇ ਸਹਿਯੋਗ ਅਤੇ ਪ੍ਰਗਟਾਏ ਭਰੋਸੇ ਦਾ ਧੰਨਵਾਦ ਕਰਦਾ ਹੋਇਆਂ ਮੈਂ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਨ ਲਈ ਤੁਹਾਡੇ ਕੁਝ ਪਲ ਮੰਗ ਰਿਹਾਂ ਹਾਂ ਕਿਉਂਕਿ ਉਨਟਾਰੀਓ ਖਾਲਸਾ ਦਰਬਾਰ ਜੋ ਕਿ ਸਮੁੱਚੇ ਜਗਤ ਵਿਚ ਸਿੱਖ ਕੌਮ ਦੀ ਅਹਿਮ ਸਟੇਜ ਵਜੋਂ ਸਥਾਪਿਤ ਹੋ ਚੁੱਕਾ ਹੈ ਦੇ ਪ੍ਰਬੰਧ ਸਬੰਧੀ ਬਹੁਤ ਜਲਦੀ ਆਪਣੇ ਸਾਰਿਆਂ ਲਈ ਇਹ ਫੈਸਲਾ ਕਰਨਾ ਬਹੁਤ ਜਰੂਰੀ ਹੈ ਕਿ ਇਸ ਗੁਰਦਆਰਾ ਸਾਹਿਬ ਦੇ ਪ੍ਰਬੰਧ ਨੂੰ ਅਗਲੇ ਤਿੰਨ ਸਾਲ ਲਈ ਕੈਨੇਡਾ ਵਿਚ ਸਿੱਖ ਹਿੱਤਾਂ ਨੂੰ ਸੁਰਖਿਅਤ ਰੱਖਣ ਲਈ ਕਿਹੜੇ 11 ਮੈਂਬਰਾਂ ਦੇ ਹੱਥ ਸੰਭਾਲਣਾ ਹੈ । ਸਮੁੱਚੇ ਸਿੱਖ ਜਗਤ ਵਿਚ ਇਹ ਪ੍ਰਚਲਿਤ ਹੈ ਕਿ ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿੱਪ ਦੀ ਸੂਚੀ, ਪ੍ਰਕਾਸ਼ ਸਿੰਘ ਬਾਦਲ/ਸੁਖਬੀਰ ਸਿੰਘ ਬਾਦਲ ਵਲੋਂ ਭੇਜੇ ਬੰਦ ਲਿਫਾਫੇ ਦੇ ਵਿਚੋਂ ਨਿਕਲਦੀ ਹੈ ਜਿਸ ਕਰਕੇ ਹਿੰਦੋਸਤਾਨ ਵਿਚ ਸ੍ਰੌਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿੱਪ ਵਲੋਂ, ਸਿੱਖ ਹਿੱਤਾਂ ਤੋਂ ਜ਼ਿਆਦਾ ਪ੍ਰਕਾਸ਼ ਸਿੰਘ ਬਾਦਲ/ਸੁਖਬੀਰ ਸਿੰਘ ਬਾਦਲ ਦੇ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਸਦਕਾ ਜੋ ਹਾਲਾਤ ਸਿੱਖ ਮੁੱਦਿਆਂ ਦੇ ਉਥੇ ਹੋਏ ਹਨ ਉਹ ਕਿਸੇ ਤੋਂ ਲੁੱਕੇ ਛਿੱਪੇ ਨਹੀਂ ਹਨ ।
ਆਪ ਸਭ ਦੇ ਲਈ ਇਹ ਜਾਨਣਾ ਬਹੁਤ ਜਰੂਰੀ ਹੈ ਕਿ ਅਕਤੂਬਰ 2015 ਵਿਚ ਹੋਈ ਬੋਰਡ ਆਫ ਡਾਇਰੈਕਟਰ ਦੀ ਇਲਕੈਸ਼ਨ ਵਿਚ ਆਪ ਜੀ ਵਲੋਂ 11 ਮੈਂਬਰੀ ਬੋਰਡ ਦੀ ਚੋਣ ਤੋਂ ਕੁਝ ਘੰਟਿਆਂ ਅੰਦਰ ਹੀ ਇਸ ਤੋਂ ਪਹਿਲਾਂ ਕਿ ਚੁਣੇ ਹੋਏ 11 ਡਾਇਰੈਕਟਰਾਂ ਦੀ ਮੀਟਿੰਗ ਹੁੰਦੀ, ਪ੍ਰਬੰਧਕ ਕਮੇਟੀ ਨੂੰ ਆਪਣੇ ਇਸ਼ਾਰੇਆਂ ਉਪਰ ਚਲਾਉਣ ਦੀ ਆਸ ਰੱਖਣ ਵਾਲੇ ਕੁਝ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਨੂੰ ਪ੍ਰਮੁੱਖਤਾ ਦੇਣ ਦੀ ਆਸ ਨਾਲ ਆਪਣੀਆਂ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਸੀ ਤਾਂ ਪੰਜਾਬ ਵਿਚਲੀ ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਤਰ੍ਹਾਂ ਡਿਕਸੀ ਰੋਡ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਿਚ ਅਹੁਦੇਦਾਰਾਂ ਉਪਰ ਉਨ੍ਹਾਂ ਦੇ ਹਿੱਤਾਂ ਨੂੰ ਸੁਰਖਿਅਤ ਰੱਖਣ ਵਾਲੇ ਲੋਕਾਂ ਨੂੰ ਸ਼ਸ਼ੋਭਿਤ ਕੀਤਾ ਜਾ ਸਕੇ । ਭਾਈਚਾਰਕ ਖੇਤਰ ਵਿਚ 1980ਵਿਆਂ ਤੋਂ ਪ੍ਰੀਵਾਰਕ ਰੂਪ ਵਿਚ ਨਿਭਾਈਆਂ ਮੇਰੀਆਂ ਸੇਵਾਵਾਂ ਇਸ ਗੱਲ ਦਾ ਸਬੂਤ ਹਨ ਕਿ ਕਿਸ ਤਰ੍ਹਾਂ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ, ਮੈਂ ਹਮੇਸ਼ਾਂ ਹੀ ਆਪਣੇ ਨਿੱਜੀ ਹਿੱਤਾਂ ਨੂੰ ਲਾਂਭੇ ਰੱਖਕੇ ਸਿੱਖਾਂ ਦੇ ਹਿੱਤਾਂ ਦੀ ਪੈਰਵਾਈ ਅਤੇ ਹਿਫਾਜ਼ਤ ਕਰਨ ਨੂੰ ਪਹਿਲ ਦਿੱਤੀ ਹੈ। ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਹੈ ਕਿ ਅਕਤੂਬਰ 2015 ਵਿਚ ਇਲੈਕਸ਼ਨ ਦੇ ਨਤੀਜੇ ਆਉਣ ਤੋਂ ਬਾਅਦ ਹਫੜਾ-ਦਫੜੀ ਵਿਚ ਪ੍ਰਬੰਧਕ ਕਮੇਟੀ ਵਿਚ ਜ਼ਿੰਮੇਵਾਰ ਅਹੁਦਿਆਂ ਉਪਰ ਆਪਣੀ ਇੱਛਾ ਵਾਲੇ ਲੋਕਾਂ ਨੂੰ ਸਜਾਉਣ ਲਈ ਮੀਟਿੰਗਾਂ ਕਰਨ ਵਾਲੇ ਲੋਕਾਂ ਨੂੰ ਮੇਰੇ ਕੌਮੀ ਜ਼ਜ਼ਬੇ ਅਤੇ ਕੈਨੇਡੀਅਨ ਰਾਜਨੀਤਕਾਂ ਤੋਂ ਆਪਣੇ ਲਈ ਕਿਸੇ ਅਹੁਦੇ ਦੀ ਲਾਲਸਾ ਜਾਂ ਕਿਸੇ ਰਿਸ਼ਤੇਦਾਰ ਲਈ ਵਿਜ਼ਟਰ ਵੀਜ਼ਾ/ਇਮੀਗਰੇਸ਼ਨ ਜਾਂ ਔਲਾਦ ਲਈ ਨੌਕਰੀ ਦੀ ਲਾਲਸਾ ਅਧੀਨ ਇਨ੍ਹਾਂ ਰਾਜਨੀਤਕਾਂ ਜਾਂ ਇਨ੍ਹਾਂ ਰਾਜਨੀਤਕਾਂ ਦੇ ਏਲਚੀਆਂ ਦੇ ਸਾਹਮਣੇ ਸਿਰ ਨੀਵਾਂ ਕਰਕੇ ਇਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਣ ਦੀ ਬਜਾਏ ਇਨ੍ਹਾਂ ਦੀ ” ਅੱਖ ਵਿਚ ਅੱਖ ਪਾ ਕੇ ” ਗੱਲ ਕਰਨ ਅਤੇ ਕੌਮੀ ਮਸਲਿਆਂ ਪ੍ਰਤੀ ਇਥੋਂ ਦੇ ਰਾਜਨੀਤਕਾਂ ਨੂੰ ਸਵਾਲ ਕਰਨ ਦੀ ਹਿੰਮਤ ਅਤੇ ਦ੍ਰਿੜਤਾ ਦਾ ਡਰ ਸੀ ਜੋ ਕਿ ਅਜਿਹੇ ਲੋਕਾਂ ਦੀ ਸੋਚ ਅਨੁਸਾਰ ਇਨ੍ਹਾਂ ਦੇ ਹਿੱਤਾਂ ਲਈ ਹਾਨੀਕਾਰਕ ਸਿੱਧ ਹੋ ਸਕਦਾ ਸੀ । ਅਕਤੂਬਰ 2015 ਤੋਂ ਲੈ ਕੇ ਹੁਣ ਤੱਕ ਪ੍ਰਬੰਧਕੀ ਕੰਮ-ਕਾਜ਼ ਵਿਚ ਜੋ ਵਿਘਣ ਪਾਉਣ ਦੀਆਂ ਕੋਸ਼ਿਸ਼ਾਂ ਚਲਾਈਆਂ ਗਈਆਂ ਸਨ, ਉਹ ਇਸ ਕਰਕੇ ਅਸਫਲ ਹੋਈਆਂ ਕਿਉਂਕਿ ਬੋਰਡ ਆਫ ਡਾਇਰੈਕਟਰ ਵਿਚ ਜਿਨ੍ਹਾਂ ਡਾਇਰੈਕਟਰਾਂ ਨੂੰ ਪਾਸਾ ਬਦਲਣ ਲਈ ਨਿਸ਼ਾਨਾ ਬਣਾਇਆ ਗਿਆ, ਉਹ ਸਭ ਚੱਟਾਨ ਦੀ ਤਰ੍ਹਾਂ ਮੇਰੇ ਨਾਲ ਖਲੋਤੇ ਰਹੇ ਅਤੇ ਸੰਗਤਾਂ ਵਲੋਂ ਸੰਭਾਲੀ ਜ਼ਿੰਮੇਵਾਰੀ ਨੂੰ ਗੁਰਦਵਾਰਾ ਸਾਹਿਬ ਅਤੇ ਸੰਗਤਾਂ ਦੀ ਭਲਾਈ ਲਈ ਕੇਂਦਰਤ ਕਰਕੇ ਨਿਸ਼ਕਾਮ ਸੋਚ ਅਧੀਨ ਸੇਵਾ ਦੇ ਕੰਮ ਵਿਚ ਨਿਰੰਤਰ ਲੱਗੇ ਰਹੇ ।
ਅਕਤੂਬਰ 2015 ਵਿਚ ਆਪ ਜੀ ਵਲੋਂ ਪ੍ਰਗਟਾਏ ਭਰੋਸੇ ਨੂੰ ਗੁਰੂ ਦੇ ਭੈਅ ਵਿਚ ਰਹਿੰਦੇ ਹੋਏ ਹਮੇਸ਼ਾਂ ਇਹ ਵਿਚਾਰ ਆਪਣੀ ਸੋਚ ਵਿਚ ਰੱਖ ਕੇ ਸਮਾਂ ਲੰਘਾਇਆ ਹੈ ਕਿ ਕੈਨੇਡੀਅਨ ਸਿੱਖ ਭਾਈਚਾਰੇ ਵਿਚ ਸਥਾਪਿਤ ਹੋ ਚੁੱਕੀ ਇਸ ਅਹਿਮ ਸਟੇਜ ਨੂੰ ਕੌਮੀ ਹਿੱਤਾਂ ਦੀ ਰੱਖਵਾਲੀ ਅਤੇ ਪੈਰਵਾਈ ਲਈ ਵਰਤਣਾ ਹੈ । ਇਸ ਪ੍ਰਬੰਧਕੀ ਕਾਰਜ ਦੌਰਾਨ ਸੰਗਤਾਂ ਦੇ ਸਹਿਯੋਗ ਨਾਲ ਜੋ ਪ੍ਰਾਪਤੀਆਂ ਕੀਤੀਆਂ ਹਨ, ਉਹ ਸਭ ਆਪ ਜੀ ਦੇ ਸਾਹਮਣੇ ਹਨ । ਸੰਗਤਾਂ ਵਲੋਂ ਦਿੱਤੀ ਜਾਂਦੀ ਮਾਇਕ ਸਹਾਇਤਾ ਨੂੰ ਸੰਗਤੀ ਰੂਪ ਵਿਚ ਗਿਣ ਕੇ ਬੈਂਕ ਵਿਚ ਜਮ੍ਹਾਂ ਕਰਵਾਉਣ ਦੀ ਰਵਾਇਤ ਨੂੰ ਬਰਕਰਾਰ ਰੱਖਣ ਤੋਂ ਇਲਾਵਾ ਇਸ ਦੀ ਜਾਣਕਾਰੀ ਨੂੰ ਹਰ ਮਹੀਨੇ ਨੋਟਿਸ ਬੋਰਡ ਉਪਰ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ, ਸਿੱਖ ਧਰਮ ਦੇ ਪ੍ਰਚਾਰ ਲਈ ਪ੍ਰਚਾਰਕਾਂ ਨੂੰ ਸਤਿਕਾਰ ਵਾਲਾ ਮਾਹੌਲ ਦੇਣ ਅਤੇ ਉਨ੍ਹਾਂ ਨੂੰ ਸੰਗਤਾਂ ਦੀ ਸੇਵਾ ਲਈ ਕੈਨੇਡਾ ਲਿਆਉਣ, ਜ਼ਿੰਮ ਵਾਲੇ ਹਾਲ ਦੀ ਰੈਨੋਵੇਸ਼ਨ ਕਰਕੇ ਇਸ ਨੂੰ ਸ਼ਹੀਦ ਸਿਰਦਾਰ ਜਸਵੰਤ ਸਿੰਘ ਖਾਲੜਾ ਦੀ ਯਾਦ ਨੁੰ ਸਮਰਪਿਤ ਕਰਨ ਤੋਂ ਇਲਾਵਾ ਰਾਗੀ/ਢਾਡੀ/ਪ੍ਰਚਾਰਕਾਂ ਲਈ ਕਮਰੇ ਬਣਾਉਣ ਦੀ ਸੇਵਾ, ਮੂਹਰਲੇ ਦੀਵਾਨ ਹਾਲ ਦੀ ਪੁਰੀ ਰੈਨੋਵੇਸ਼ਨ ਕਰਨ, ਸਾਰੇ ਗੁਰਦੁਆਰਾ ਸਹਿਬ ਦੀ ਕਾਰਪੈਟ ਬਦਲਣ, ਟੀ ਆਰ ਸੀ ਏ ਦੇ ਨਾਲ ਲੰਬੇ ਅਰਸੇ ਤੋਂ ਚੱਲਦੇ ਆ ਰਹੇ ਕਾਨੂੰਨੀ ਮਸਲੇ ਨੂੰ ਸੁਲਝਾਉਣਾ, ਨਵੀਂ ਕਿਚਨ ਦੀ ਉਸਾਰੀ, ਡਿਕਸੀ/ਡੈਰੀ ਰੋਡ ਦੀ ਨੁੱਕਰ ਉਪਰ ਪਾਰਕ ਦੀ ਸਥਾਪਨਾ, ਕਰਮਾ-ਗਰੌ ਪ੍ਰਾਜੈਕਟ ਤੋਂ ਇਲਾਵਾ ਸਿਹਤ ਸਬੰਧੀ ਪ੍ਰਾਜੈਕਟ, ਇੰਟਰਨੈਸ਼ਨਲ ਸਟੂਡੈਂਟ ਲਈ ਸਤਿਕਾਰ ਵਾਲਾ ਮਾਹੌਲ ਅਤੇ ਉਨ੍ਹਾਂ ਨੂੰ ਸੇਧ ਦੇਣ ਲਈ ਹਮ-ਖਿਆਲੀ ਸੰਸਥਾਵਾਂ ਦਾ ਸਹਿਯੋਗ ਦੇਣਾ, ਸਮੁੱਚੇ ਸਾਂਊਡ ਸਿਸਟਮ ਦੀ ਤਬਦੀਲੀ, ਐਲ ਈ ਡੀ ਸਿਸਟਮ ਵਾਲੀਆਂ ਲਾਈਟਾਂ ਨੂੰ ਲਾਉਡਾ, ਸਕਿਊਰਟੀ ਸਿਸਟਮ ਦਾ ਅੱਪ-ਗਰੇਡ, ਈਸਟ ਹਾਲ ਦੀ ਕਾਰ-ਸੇਵਾ ਆਦਿਕ ਅਨੇਕਾਂ ਕਾਰਜ ਆਪ ਜੀ ਦੇ ਸਾਹਮਣੇ ਹਨ ।
ਇਸ ਗੁਰਦੁਵਾਰਾ ਸਾਹਿਬ ਦੇ ਨਾਲ 1980ਵਿਆਂ ਤੋਂ ਜੁੜੀ ਸੰਗਤ ਜਾਣਦੀ ਹੈ ਕਿ ਜਦੋਂ 1985 ਵਿਚ, ੳਸ ਵਕਤ ਦੇ ਕੈਨੇਡੀਅਨ ਵਿਦੇਸ਼ ਮੰਤਰੀ, ਜੋਅ ਕਲਾਰਕ ਨੇ ਸਿੱਖ ਸੰਸਥਾਵਾਂ ਪ੍ਰਤੀ ਤੰਗ ਸੋਚਣੀ ਦਾ ਪ੍ਰਗਟਾਵਾ ਕਰਦੇ ਹੋਏ ਇਥੋਂ ਦੇ ਪ੍ਰੀਅਮਰ ਅਤੇ ਮੰਤਰੀਆਂ ਨੂੰ ਇਹ ਚਿੱਠੀ ਲਿੱਖੀ ਸੀ ਕਿ ਉਨ੍ਹਾਂ ਨੂੰ ਸਿੱਖਾਂ ਦੀਆਂ ਤਿੰਨ ਸੰਸਥਾਵਾਂ ਦੇ ਨਾਲ ਮੇਲ-ਜੋਲ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਅਜਿਹਾ ਕਰਨ ਦੇ ਨਾਲ ਕੈਨੇਡਾ-ਹਿੰਦੁਸਤਾਨ ਸੰਬਧਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਨਟਾਰੀਓ ਖਾਲਸਾ ਦਰਬਾਰ ਨੇ ਕੈਨੇਡੀਅਨ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਸੁਰਖਿਅਤਾ ਲਈ ਹਮ-ਖਿਆਲੀ ਸੰਸਥਾਵਾਂ ਦੇ ਨਾਲ ਮਿਲ ਕੇ ਉਸ ਸੋਚ ਦਾ ਵਿਰੋਧ ਕਰਦੇ ਹੋਏ ਕੈਨੇਡੀਅਨ ਸਿੱਖਾਂ ਵਿਚ ਰਾਜਨੀਤਕ ਚੇਤਨਤਾ ਲਿਆਉਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਸੀ ਉਸ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ । ਹੁਣ ਜਦੋਂ ਕਿ ਦਸੰਬਰ 2018 ਵਿਚ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਸਿੱਖ(ਖਾਲਸਿਤਾਨੀਆਂ) ਨੂੰ ਸਾਡੇ ਮੁਲਕ ਦੇ ਲਈ ਟੈਰਰ ਥਰੈਟ (ਕੈਨੇਡਾ ਦੇ ਲਈ ਸੰਭਾਵੀ ਅਤਿਵਾਦੀ) ਦਾ ਲੇਬਲ ਲਾ ਦਿੱਤਾ ਹੈ ਅਤੇ ਇਸ ਸਬੰਧੀ ਕੈਨੇਡੀਅਨ ਸਿੱਖਾਂ ਨਾਲ ਜਸਟਿਨ ਟਰੂਡੋ ਸਰਕਾਰ ਵਲੋਂ ਕੋਈ ਵੀ ਤਸੱਲੀਬਖ਼ਸ਼ ਸੰਵਾਦ ਰਚਾਉਣ ਦੀ ਬਜਾਏ ਡੰਗ-ਟਪਾਊ ਸੋਚ ਅਪਣਾ ਕੇ ਭਾਈਚਾਰੇ ਦੇ ਰੋਸ ਨੂੰ ਮਿੱਟੀ-ਘੱਟੇ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅਜਿਹੇ ਹਾਲਾਤਾਂ ਵਿਚ ਮੇਰਾ ਇਹ ਸੋਚਣਾ ਹੈ ਕਿ ਇਸ ਸੰਕਟਮਈ ਮੌਕੇ ਜਦੋਂ ਕਿ ਸਿੱਖ ਹਿੱਤਾਂ ਨੂੰ ਕੈਨੇਡੀਅਨ ਸਰਕਾਰ ਵਲੋਂ ਅਖੌ-ਪਰੋਖੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਨਟਾਰੀਓ ਖਾਲਸਾ ਦਰਬਾਰ ਦੇ ਪ੍ਰਬੰਧ ਨੂੰ ਅਜਿਹੇ ਪ੍ਰਬੰਧਕਾਂ ਦੇ ਹੱਥ ਵਿਚ ਸੁਰਖਿਅਤ ਕਰਨਾ ਹੋਰ ਵੀ ਅਹਿਮ ਹੈ ਜੋ ਕਿ ਆਪਣੇ ਲਈ ਕਿਸੇ ਬੋਰਡ ਦੀ ਮੈਂਬਰੀ ਜਾਂ ਸੈਨੇਟਰ ਬਨਣ ਦੀ ਆਸ ਜਾਂ ਆਪਣੇ ਰਿਸ਼ਤੇਦਾਰ ਲਈ ਵੀਜ਼ਾ ਜਾਂ ਆਪਣੀ ਔਲਾਦ ਦੇ ਲਈ ਹਿੱਤਾਂ ਜਾਂ ਨੌਕਰੀ ਵਰਗੇ ਨਿੱਜੀ ਸਵਾਰਥਾਂ ਤੱਕ ਸੀਮਤ ਰਹਿਣ ਵਾਲੇ ਜਾਂ ਅਜਿਹੀ ਸੋਚ ਰੱਖਣ ਵਾਲੇ ਲੋਕਾਂ ਦੇ ਮੌਹਰੇ ਨਾਂ ਹੋਣ ।
ਜ਼ਿੰਦਗੀ ਦੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ, ਭਾਈਚਾਰਕ ਸਰਗਰਮੀਆਂ ਵਿਚ ਬਿਤਾਉਣ ਸਦਕਾ, ਮੈਂ ਭਾਈਚਾਰਕ ਭਾਵਨਾਵਾਂ, ਵਿਰਸੇ ਅਤੇ ਮੁਸ਼ਕਲਾਵਾਂ ਤੋਂ ਭਲੀ ਭਾਂਤ ਜਾਣੂ ਹਾਂ । ਭਾਈਚਾਰੇ ਦੀ ਤਰੱਕੀ ਦੀ ਇੱਛਾ ਰੱਖਣ ਵਾਲੇ ਸਭ ਦਰਦਮੰਦ ਲੋਕਾਂ ਦੀ ਤਰ੍ਹਾਂ ਮੈਂ ਵੀ ਇਸ ਸੋਚ ਦਾ ਧਾਰਨੀ ਹਾਂ ਕਿ ਗੁਰਦਵਾਰਾ ਸਾਹਿਬ ਦੇ ਪ੍ਰਬੰਧਕੀ ਕੰਮ-ਕਾਜ਼ ਲਈ ਇਲੈਕਸ਼ਨ ਦੀ ਬਜਾਏ ਸੀਲੈਕਸ਼ਨ ਵਧੀਆ ਰਸਤਾ ਹੈ । ਪਰ ਜਦੋਂ ਮੈਂ ਇਹ ਵੇਖਦਾ ਹਾਂ ਕਿ ਸੀਲਕੈਸ਼ਨ ਦੇ ਰਸਤੇ ਅਜਿਹੇ ਲੋਕ ਕੋਸ਼ਿਸ਼ਾਂ ਕਰ ਰਹੇ ਹਨ ਜੋ ਕਿ ਜਦੋਂ ਇਨਸਾਫ ਦਾ ਤਰਾਜੂ ਇਨ੍ਹਾਂ ਦੇ ਹੱਥ ਵਿਚ ਸੀ ਤਾਂ ਉਸ ਵਕਤ ਇਹ ਰਾਤੋ-ਰਾਤ ਇਕਤਰਫਾ ਫੈਸਲੇ ਲਾਗੂ ਕਰਨ ਜਾਂ ਸੀਲੈਕਸ਼ਨ ਦੀ ਗੱਲ ਵੀ ਸੁਨਣ ਲਈ ਤਿਆਰ ਨਹੀਂ ਸਨ ਹੁੰਦੇ । ਜੇਕਰ ਮਸਲਾ ਸਿਰਫ ਮੇਰੀ ਵਿਅਕਤੀਗਤ ਵਿਰੋਧਤਾ ਦਾ ਹੀ ਹੁੰਦਾ ਤਾਂ ਮੈਂ ਭਾਈਚਾਰੇ ਦੇ ਵਡੇਰੇ ਹਿੱਤਾਂ ਲਈ ਪਿਛੋਕੜ ਵਿਚ ਅਜਿਹੇ ਲੋਕਾਂ ਵਲੋਂ ਕੀਤੀ ਵਿਰੋਧਤਾ ਨੂੰ ਅਖੋਂ-ਪਰੋਖੇ ਕਰ ਦੇਣਾ ਸੀ ਪਰ ਜੋ ਕੁਝ ਕਾਰਗੁਜ਼ਾਰੀ ਅਕਤੂਬਰ 2015 ਤੋਂ ਹੁਣ ਤੱਕ ਕੁਝ ਲੋਕਾਂ ਨੇ ਗੁਰਦਵਾਰਾ ਸਾਹਿਬ ਦੇ ਪ੍ਰਾਜੈਕਟਾਂ ਸਬੰਧੀ ਵਿਖਾਈ ਹੈ ਤਾਂ ਫਿਰ ਮੈਨੂੰ ਭਰੇ ਮਨ ਨਾਲ ਕਹਿਣਾ ਪੈਂਦਾ ਹੈ ਕਿ ਜਿੰਮ ਹਾਲ ਦੀ ਰੈਨੋਵੇਸ਼ਨ ਦੀ ਵਿਰੌਧਤਾ, ਰਾਗੀਆਂ/ਢਾਡੀਆਂ ਆਦਿ ਲਈ ਕਮਰੇ ਬਣਾਉਣ ਦੇ ਪ੍ਰਾਜੈਕਟ ਦੀ ਵਿਰੋਧਤਾ, ਪ੍ਰਬੰਧਕੀ ਢਾਚੇ ਨੂੰ ਬਦਲਣ ਦੀਆਂ ਕੀਤੀਆਂ ਅਸਫਲ ਕੋਸ਼ਿਸ਼ਾਂ ਕਰਨ ਵਾਲੇ ਲੋਕਾਂ ਦੇ ਜਮਘੱਟ ਨੂੰ ਵੇਖੀਏ ਤਾਂ ਫਿਰ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਪੈਣਾ ਹੈ ਕਿ ਅਜਿਹੇ ਸੋਚ ਵਾਲੇ ਲੋਕਾਂ ਨਾਲ ਰਲ ਕੇ ਸੀ ਲੈਕਸ਼ਨ ਦੇ ਜ਼ਰੀਏ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਰ ਦੇਣੀ ਚਾਹੀਦੀ ਹੈ ਤਾਂ ਜੋ ਗੁਰਦਵਾਰਾ ਸਾਹਿਬ ਦੇ ਪ੍ਰਬੰਧ ਲਈ ਇਲੈਕਸ਼ਨ ਦੇ ਰਸਤੇ ਨੂੰ ਟਾਲਿਆ ਜਾ ਸਕੇ ਜਾਂ ਗੁਰਦਵਾਰਾ ਸਾਹਿਬ ਦੀ ਜਨਰਲ ਬਾਡੀ ਦੇ ਮੈਂਬਰਾਂ ਨੂੰ ਹੱਕ ਹੋਵੇ ਕਿ ਉਹ ਆਪਣੀ ਮਰਜ਼ੀ ਦੇ ਪ੍ਰਬੰਧਕਾਂ ਨੂੰ ਨਿਯੁਕਤ ਕਰਨ ? ਕਿਧਰੇ ਅਜਿਹੇ ਲੋਕਾਂ ਦੀ ਇਹ ਇੱਛਾ ਤਾਂ ਨਹੀਂ ਕਿ ਸਿੱਖ ਭਾਵਨਾਵਾਂ ਨੂੰ ਸੀਲੈਕਸ਼ਨ-ਸੀਲੈਕਸ਼ਨ ਦਾ ਵਾਸਤਾ ਪਾ ਕੇ ਆਪਣੇ ਰਾਜਨੀਤਕ ਜਾਂ ਨਿੱਜੀ ਹਿੱਤਾਂ ਨੂੰ ਸੁਰਖਿਅਤ ਰੱਖਿਆ ਜਾ ਸਕੇ ?
ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਪ੍ਰੀਵਾਰਕ ਤੌਰ ਉਪਰ ਦਾਸ ਨੇ ਇਹ ਫੈਸਲਾ ਕੀਤਾ ਸੀ ਕਿ ਮਾਰਚ 2019 ਤੋਂ ਬਾਅਦ ਗੁਰਦਵਾਰਾ ਸਾਹਿਬ ਦੇ ਪ੍ਰਬੰਧਕ ਢਾਚੇ ਵਿਚੋਂ ਲਾਂਭੇ ਹੋ ਜਾਣਾ ਸੀ ਪ੍ਰਤੂੰ ਮੌਕੇ ਦੀ ਨਜ਼ਾਕਤ ਅਤੇ ਕੁਝ ਲੋਕਾਂ ਦੇ ਗੈਰ-ਜ਼ਿੰਮੇਵਾਰ ਢੰਗ-ਤਰੀਕੇਆਂ ਨੂੰ ਵੇਖ ਕੇ ਗੁਰਦਵਾਰਾ ਸਾਹਿਬ ਅਤੇ ਕੈਨੇਡੀਅਨ ਸਿੱਖਾਂ ਦੇ ਹਿੱਤਾਂ ਨੂੰ ਸੁਰਖਿਅਤ ਕਰਨ ਦੇ ਇਰਾਦੇ ਨਾਲ ਇਕ ਵਾਰ ਫਿਰ ਸੰਗਤਾਂ ਤੋਂ ਪ੍ਰਬੰਧਕੀ ਬੋਰਡ ਵਿਚ ਸੇਵਾ ਦਾ ਮੌਕਾ ਮੰਗਣ ਲਈ ਮਨ ਬਣਾਇਆ ਹੈ ਤਾਂ ਜੋ ਕੈਨੇਡੀਅਨ ਸਿੱਖਾਂ ਦੀ ਅਹਿਮ ਸਟੇਜ ਨੂੰ ਸਿੱਖ ਹਿੱਤਾਂ ਲਈ ਮਹਿਫੂਜ਼ ਰੱਖਿਆ ਜਾ ਸਕੇ । ਹੁਣ ਕਿਉਂਕਿ 31 ਮਾਰਚ 2019 ਨੂੰ ਹੋਣ ਜਾ ਰਹੀ ਇਲੈਕਸ਼ਨ ਦੇ ਲਈ ਉਮੀਦਵਾਰਾਂ ਵਲੋਂ ਆਪਣੇ ਪੇਪਰ ਦਾਖਲ ਕਰਨ ਦੀ ਤਰੀਕ ਲੰਘ ਚੁੱਕੀ ਹੈ, ਦਾਸ ਵਲੋਂ ਆਉਣ ਵਾਲੇ ਕੁਝ ਦਿਨਾਂ ਵਿਚ 10 ਹੋਰ ਮੈਂਬਰਾਂ ਨੂੰ ਲੈ ਕੇ ਆਪ ਸਭ ਨੂੰ ਮੇਰੇ ਨਾਲ ਖਲੋਣ ਵਾਲੇ 10 ਉਮੀਦਵਾਰਾਂ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਜਾਵੇਗੀ ਅਤੇ ਮੈਂ ਇਹ ਆਸ ਕਰਦਾ ਹਾਂ ਕਿ ਮੈਨੂੰ ਅਤੇ ਮੇਰੇ 10 ਸਹਿਯੋਗੀਆਂ ਨੂੰ ਆਪ ਜੀ ਦਾ ਸਹਿਯੋਗ ਅਤੇ ਭਰੋਸਾ ਮਿਲੇਗਾ।
ਆਪ ਸਭ ਦੇ ਸਹਿਯੋਗ ਅਤੇ ਵਿਸ਼ਵਾਸ਼ ਦੀ ਉਡੀਕ ਵਿਚ,

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …