Breaking News
Home / ਪੰਜਾਬ / ਪੰਜਾਬ ‘ਚ ਸਪੱਸ਼ਟ ਨਜ਼ਰ ਆਵੇਗਾ ਤੀਜਾ ਬਦਲ : ਢੀਂਡਸਾ

ਪੰਜਾਬ ‘ਚ ਸਪੱਸ਼ਟ ਨਜ਼ਰ ਆਵੇਗਾ ਤੀਜਾ ਬਦਲ : ਢੀਂਡਸਾ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਲੋਕ ਹਿੱਤ ਪਾਰਟੀ ਨਾਲ ਕੀਤਾ ਚੋਣ ਗਠਜੋੜ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਲੋਕ ਹਿੱਤ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਹੱਥ ਮਿਲਾਉਂਦਿਆਂ ਸੰਯੁਕਤ ਦਲ ਨਾਲ ਸਿਆਸੀ ਗੱਠਜੋੜ ਕਰਨ ਦਾ ਐਲਾਨ ਕੀਤਾ। ਬੀਰਮੀ ਲੁਧਿਆਣਾ ਵਿੱਚ ਚਾਰ ਵਾਰ ਵਿਧਾਇਕ ਦੀ ਚੋਣ ਜਿੱਤੇ ਹਨ ਅਤੇ ਜੇਲ੍ਹ ਮੰਤਰੀ ਵੀ ਰਹਿ ਚੁੱਕੇ ਹਨ। ਮੁਹਾਲੀ ਦੇ ਫੇਜ਼-11 ਸਥਿਤ ਗੋਲਫ਼ ਰੇਂਜ ਕਲੱਬ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਆਉਂਦੇ ਦੋ ਹਫ਼ਤਿਆਂ ਤੱਕ ਪੰਜਾਬ ਦਾ ਭਲਾ ਚਾਹੁਣ ਵਾਲੀਆਂ ਹਮਖ਼ਿਆਲੀ ਪਾਰਟੀਆਂ ਦਾ ਸਪੱਸ਼ਟ ਰੂਪ ਵਿੱਚ ਤੀਜਾ ਬਦਲ ਨਜ਼ਰ ਆਵੇਗਾ। ਢੀਂਡਸਾ ਨੇ ਦੱਸਿਆ ਕਿ 35 ਓਬੀਸੀ ਵਿੰਗਾਂ ਸਮੇਤ ਬੀਰਮੀ ਵੱਲੋਂ ਬਿਨਾਂ ਸ਼ਰਤ ਉਨ੍ਹਾਂ ਨਾਲ ਮਿਲ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦੀ ਹਾਮੀ ਭਰਨਾ ਨਾਲ ਤੀਜੇ ਬਦਲ ਦਾ ਮੁੱਢ ਬੰਨ੍ਹਿਆ ਗਿਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਚੋਣਾਂ ਲੜਨ ਬਾਰੇ ਪੁੱਛੇ ਜਾਣ ‘ਤੇ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਉਨ੍ਹਾਂ ਦੀ ਕਦੇ ਵੀ ਕੈਪਟਨ ਨਾਲ ਗੱਲ ਨਹੀਂ ਹੋਈ। ਭਾਜਪਾ ਨਾਲ ਹੱਥ ਮਿਲਾਉਣ ਬਾਰੇ ਢੀਂਡਸਾ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਹੈ ਅਤੇ ਜੇ ਮੋਦੀ ਸਰਕਾਰ ਕਾਨੂੰਨ ਰੱਦ ਕਰਦੀ ਹੈ ਤਾਂ ਇਸ ਬਾਰੇ ਵਿਚਾਰਿਆ ਜਾਵੇਗਾ। ਢੀਂਡਸਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਪੁਲਿਸ ਹਿਰਾਸਤ ਦੌਰਾਨ ਕੜਾ ਲਾਹੁਣ ਬਾਰੇ ਕਹਿਣ ਬਹੁਤ ਨਿੰਦਣਯੋਗ ਕਾਰਵਾਈ ਹੈ। ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਗੱਦਾਰ ਪਾਰਟੀ ਕਹਿਣ ਦਾ ਸਖ਼ਤ ਨੋਟਿਸ ਲੈਂਦਿਆਂ ਚੰਨੀ ਨੂੰ ਆਪਣੀ ਇਸ ਵੱਡੀ ਭੁੱਲ ਲਈ 20 ਨਵੰਬਰ ਤੱਕ ਮੁਆਫ਼ੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇ ਚੰਨੀ ਨੇ ਜਨਤਕ ਮੁਆਫ਼ੀ ਨਾ ਮੰਗੀ ਤਾਂ ਪਾਰਟੀ ਵੱਲੋਂ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕੀਤਾ ਜਾਵੇਗਾ।

Check Also

ਪੰਜਾਬ ਅਤੇ ਹਰਿਆਣਾ ’ਚ ਕਿਸਾਨਾਂ ਨੇ ਦੋ ਘੰਟੇ ਰੇਲਾਂ ਦਾ ਚੱਕਾ ਰੱਖਿਆ ਜਾਮ

ਕਿਹਾ : ਰਵਨੀਤ ਬਿੱਟੂ ਅਤੇ ਕੰਗਣਾ ਰਣੌਤ ਕਿਸਾਨਾਂ ਨੂੰ ਬਦਨਾਮ ਕਰਨ ਦੀ ਕਰ ਰਹੇ ਨੇ …