Home / ਹਫ਼ਤਾਵਾਰੀ ਫੇਰੀ / ਕੈਨੇਡਾ ਵਿਚ ਇਮੀਗਰੇਸ਼ਨ ਕੋਟਾ ਵਧਾ ਸਕਦੇ ਹਾਂ : ਸੀਨ ਫਰੇਜ਼ਰ

ਕੈਨੇਡਾ ਵਿਚ ਇਮੀਗਰੇਸ਼ਨ ਕੋਟਾ ਵਧਾ ਸਕਦੇ ਹਾਂ : ਸੀਨ ਫਰੇਜ਼ਰ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਹੈ ਕਿ ਦੇਸ਼ ਵਿਚ ਰੋਜ਼ਗਾਰ ਆਰਥਿਕਤਾ ਦੀਆਂ ਲੋੜਾਂ ਮੁਤਾਬਕ ਸਾਲਾਨਾ ਇਮੀਗਰੇਸ਼ਨ ਦਾ ਕੋਟਾ ਵਧਾਇਆ ਜਾ ਸਕਦਾ ਹੈ। 2021 ਦੌਰਾਨ 401000 ਪਰਵਾਸੀ ਪੱਕੇ ਕਰਨ ਦਾ ਕੋਟਾ 31 ਦਸੰਬਰ ਤੱਕ ਪੂਰਾ ਕਰ ਲਿਆ ਜਾਣਾ ਹੈ। ਸਤੰਬਰ ਅਤੇ ਅਕਤੂਬਰ ਦੌਰਾਨ ਦੇਸ਼ 91000 ਤੋਂ ਵੱਧ ਵਿਦੇਸ਼ੀ ਪੱਕੇ ਹੋਏ ਸਨ। ਨਵੰਬਰ ਤੇ ਦਸੰਬਰ ਦੌਰਾਨ 85000 ਤੋਂ ਵੱਧ ਹੋਰ ਵਿਦੇਸ਼ੀ ਪੱਕੇ ਹੋਣ ਦੀ ਸੰਭਾਵਨਾ ਹੈ ਜਦ ਕਿ 1 ਜਨਵਰੀ ਤੋਂ 31 ਅਗਸਤ 2021 ਤੱਕ 313000 ਵੱਧ ਵਿਅਕਤੀ ਪੱਕੇ ਹੋ ਚੁੱਕੇ ਸਨ। 2022 ਦੌਰਾਨ ਕੈਨੇਡਾ ‘ਚ 411000 ਤੇ 2023 ਵਿਚ 421000 ਵਿਦੇਸ਼ੀ ਪੱਕੇ ਕੀਤੇ ਜਾਣਗੇ ਅਤੇ 2024 ਦਾ ਕੋਟਾ ਮੰਤਰੀ ਫਰੇਜ਼ਰ ਵਲੋਂ ਅਗਲੇ ਦਿਨਾਂ ਵਿਚ ਜਾਰੀ ਕੀਤਾ ਜਾਵੇਗਾ। ਇਸੇ ਦੌਰਾਨ ਇਮੀਗਰੇਸ਼ਨ ਵਿਭਾਗ ਕੋਲ ਇਸ ਸਮੇਂ ਲਗਪਗ 18 ਲੱਖ ਅਰਜ਼ੀਆਂ ਵਿਚਾਰ ਅਧੀਨ ਹਨ ਜਿਨ੍ਹਾਂ ਵਿਚ 558000 ਅਰਜ਼ੀਆਂ ਪੱਕੀ ਇਮੀਗ੍ਰੇਸ਼ਨ ਅਤੇ 775000 ਤੋਂ ਵੱਧ ਅਰਜ਼ੀਆਂ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਅਰਜ਼ੀਆਂ ਸ਼ਾਮਿਲ ਹਨ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਕੈਨੇਡੀਅਨ ਅਧਿਕਾਰੀਆਂ ਵਲੋਂ ਅਰਜ਼ੀਆਂ ਦਾ ਨਿਪਟਾਰਾ ਤੇਜ਼ ਕੀਤਾ ਜਾ ਚੁੱਕਾ ਹੈ। ਰਾਜਧਾਨੀ ਓਟਾਵਾ ਤੋਂ ਇਕ ਅਧਿਕਾਰੀ ਨੇ ਦੱਸਿਆ ਦੇਸ਼ ਅਤੇ ਵਿਦੇਸ਼ਾਂ ਤੋਂ ਬੀਤੇ ਮਹੀਨਿਆਂ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ 35000 ਤੋਂ ਵੱਧ ਈਮੇਲਾਂ ਅਤੇ ਵੈਬ ਇਨਕੁਆਰੀ ਦੇ ਫਾਰਮ ਪ੍ਰਤੀ ਮਹੀਨਾ ਮਿਲਦੇ ਰਹੇ ਹਨ।
ਇਸੇ ਦੌਰਾਨ ਮਾਪਿਆਂ ਲਈ ਸੁਪਰ ਵੀਜ਼ਾ ਅਪਲਾਈ ਕਰਨ ਵਿਚ ਵੀ ਤੇਜ਼ੀ ਆਈ ਹੈ ਤੇ ਜਿਨ੍ਹਾਂ ਕੈਨੇਡਾ ਵਾਸੀਆਂ ਦੀ ਵਿਦੇਸ਼ਾਂ ਤੋਂ ਮਾਪੇ/ਦਾਦਕੇ/ਨਾਨਕੇ ਸਪਾਂਸਰ ਕਰਨ ਦੀ 2020 ਦੀ ਲਾਟਰੀ ਵਿਚ ਇਸ ਸਾਲ ਵਿਚ ਨਾਮ ਨਿਕਲਿਆ ਸੀ ਉਨ੍ਹਾਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ 6 ਦਸੰਬਰ ਹੈ। ਵਰਕ ਪਰਮਿਟ ਦੀ ਅਰਜ਼ੀ ਦਾ ਆਮ ਹਾਲਾਤ ਵਿਚ ਇਨੀਂ ਦਿਨੀਂ ਫੈਸਲਾ ਵੀ ਸਵਾ ਕੁ ਮਹੀਨੇ ‘ਚ ਕੀਤਾ ਜਾ ਰਿਹਾ ਹੈ। ਕੈਨੇਡਾ ‘ਚ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਰਾਹੀਂ ਪਤਾ ਲੱਗ ਰਿਹਾ ਹੈ ਭਾਰਤ ਤੋਂ ਰਾਗੀ ਜਥੇ ਲਿਆਉਣ ਵਿਚ ਵੱਡੀ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਜਥਿਆਂ ਨੂੰ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕੀਤੇ ਹੋਣ ਦੇ ਬਾਵਜੂਦ ਦਿੱਲੀ ਤੋਂ ਕੈਨੇਡਾ ਜਾਣ ਵਾਲੇ ਜਹਾਜ਼ਾਂ ਵਿਚ ਬੈਠਣ ਨਾ ਦੇਣ ਦੀਆਂ ਖਬਰਾਂ ਵੀ ਬੀਤੇ ਹਫਤਿਆਂ ਦੌਰਾਨ ਪ੍ਰਾਪਤ ਹੁੰਦੀਆਂ ਰਹੀਆਂ ਹਨ।

 

Check Also

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ’ਚਰੇਤਮਾਈਨਿੰਗਨੂੰਲੈ ਕੇ ਈਡੀ ਦੇ ਛਾਪੇ

ਚੰਨੀ ਦੇ ਭਾਣਜੇ ਕੋਲੋਂ ਮਿਲੀ 10 ਕਰੋੜ ਤੋਂ ਵੱਧ ਦੀ ਨਗਦੀ ਨੋਟ ਗਿਣਨ ਲਈ ਈਡੀ …