Breaking News
Home / ਭਾਰਤ / ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮ ਸੰਬੰਧੀ ਲਾਲ ਕਿਲ੍ਹੇ ‘ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏਗੀ ਕੇਂਦਰ ਸਰਕਾਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮ ਸੰਬੰਧੀ ਲਾਲ ਕਿਲ੍ਹੇ ‘ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏਗੀ ਕੇਂਦਰ ਸਰਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਕਰਵਾਏ ਜਾਣਗੇ। ਸੱਭਿਆਚਾਰ ਬਾਰੇ ਮੰਤਰਾਲੇ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ। ਮੰਤਰਾਲੇ ਵਲੋਂ ਜਾਰੀ ਬਿਆਨ ਮੁਤਾਬਿਕ 20 ਅਤੇ 21 ਅਪ੍ਰੈਲ ਨੂੰ ਕਰਵਾਏ ਜਾਣ ਵਾਲੇ ਸਮਾਗਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਿਰਕਤ ਕਰਨਗੇ। ਦੋ ਦਿਨਾ ਪ੍ਰੋਗਰਾਮ ਦੀ ਸ਼ੁਰੂਆਤ 20 ਅਪ੍ਰੈਲ ਨੂੰ ਕੀਤੀ ਜਾਵੇਗੀ, ਜਿਸ ਦਾ ਉਦਘਾਟਨ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੀਤਾ ਜਾਵੇਗਾ। 21 ਅਪ੍ਰੈਲ ਨੂੰ ਹੋਣ ਵਾਲੇ ਪ੍ਰੋਗਰਾਮ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਜਾਵੇਗਾ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਵਲੋਂ ਇਕ ਯਾਦਗਾਰੀ ਸਿੱਕਾ ਅਤੇ ਇਕ ਡਾਕ ਟਿਕਟ ਜਾਰੀ ਕੀਤੀ ਜਾਵੇਗੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ‘ਤੇ 400 ਰਾਗੀਆਂ ਵਲੋਂ ਸ਼ਬਦ ਕੀਰਤਨ ਕੀਤਾ ਜਾਵੇਗਾ। 20 ਅਤੇ 21 ਅਪ੍ਰੈਲ ਨੂੰ ਹੋਣ ਵਾਲੇ ਸਮਾਗਮਾਂ ਦੌਰਾਨ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਸੰਬੋਧਨ ਵੀ ਕਰਨਗੇ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਦੀ ਸ਼ੁਰੂਆਤ 1 ਮਈ 2021 ਨੂੰ ਕੀਤੀ ਗਈ ਸੀ। ਦੇਸ਼ ਭਰ ‘ਚ ਚੱਲੇ ਸਮਾਗਮਾਂ ਤੋਂ ਬਾਅਦ 20 ਅਤੇ 21 ਅਪ੍ਰੈਲ ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਚ ਕਰਵਾਏ ਜਾ ਰਹੇ ਇਨ੍ਹਾਂ 2 ਦਿਨਾ ਸਮਾਗਮਾਂ ਦੇ ਨਾਲ ਹੀ ਸਮਾਗਮਾਂ ਦੀ ਸੰਪੂਰਨਤਾ ਹੋਵੇਗੀ।
ਕੇਂਦਰ ਦਾ ਸ਼ਲਾਘਾਯੋਗ ਉਪਰਾਲਾ : ਢੀਂਡਸਾ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ‘ਤੇ ਮਨਾਉਣ ਦੇ ਕੀਤੇ ਐਲਾਨ ਦੀ ਸ਼ਲਾਘਾ ਕਰਦਿਆਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਲ ਕਿਲ੍ਹੇ ਵਿਖੇ 21 ਅਤੇ 22 ਅਪ੍ਰੈਲ ਨੂੰ ਕਰਵਾਏ ਜਾ ਰਹੇ ਸਮਾਗਮ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰੇਰਨਾ ਦਾਇਕ ਜੀਵਨ ਅਤੇ ਸੰਦੇਸ਼ ਸਮੁੱਚੇ ਦੇਸ਼-ਵਾਸੀਆਂ ਤੱਕ ਪੁੱਜਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਰਕਾਰ ਵਲੋਂ ਯਾਦਗਾਰੀ ਸਿੱਕਾ ਅਤੇ ਮੋਹਰ ਵੀ ਜਾਰੀ ਕੀਤੀ ਜਾਵੇਗੀ, ਜੋ ਕਿ ਇਕ ਹੋਰ ਸ਼ਲਾਘਾਯੋਗ ਕਦਮ ਹੈ।

 

Check Also

ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ

ਟਰਾਇਲ ਕੋਰਟ ਨੇ ਦੋ ਦਿਨ ਪਹਿਲਾਂ ਪਟੀਸ਼ਨ ਕੀਤੀ ਸੀ ਖਾਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ …